ਜਰਖੜ ਖੇਡਾਂ : ਖਿਡਾਰੀ ਬੱਚਿਆਂ ਕੀਤਾ ਓਲੰਪੀਅਨ ਪ੍ਰਿਥੀਪਾਲ ਨੂੰ ਯਾਦ.
ਲਲਿਤ ਬੇਰੀ/ਲੁਧਿਆਣਾ - ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਸਟ ਪਿੰਡ ਜਰਖੜ ਵੱਲੋਂ ਕਰਾਏ ਜਾ ਰਹੇ ਕਰਾਏ ਜਾ ਰਹੇ 9ਵੇਂ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦੌਰਾਨ ਜਿਥੇ ਸਬ-ਜੂਨੀਅਰ ਪੱਧਰ ਦੇ ਹਾਕੀ ਮੁਕਾਬਲੇ ਕਰਾਏ ਗਏ ਉਥੇ ਹੀ ਮਰਹੂਮ ਓਲੰਪੀਅਨ ਪ੍ਰਿਥੀਪਾਲ ਸਿੰਘ ਦੀ 36 ਵੀਂ ਬਰਸੀ ਖਿਡਾਰੀਆਂ ਤੇ ਪ੍ਰਬੰਧਕਾਂ ਨੇ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ। ਇਸ ਮੌਕੇ ਹਿੱਸਾ ਲੈ ਰਹੀਆਂ ਵੱਖ-ਵੱਖ ਸਕੂਲਾਂ ਦੀਆਂ 10 ਟੀਮਾਂ ਦੇ 200 ਖਿਡਾਰੀਆਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਓਲੰਪੀਅਨ ਪ੍ਰਿਥੀਪਾਲ ਸਿੰਘ ਵਰਗਾ ਨਾਮੀ ਖਿਡਾਰੀ ਬਣਨ ਦਾ ਪ੍ਰਣ ਕੀਤਾ।
ਇਸ ਮੌਕੇ ਖਿਡਾਰੀਆਂ ਨੇ ਕਾਫਲੇ ਦੇ ਰੂਪ 'ਚ ਰਾਸ਼ਟਰੀ ਗੀਤ ਨਾਲ ਦੋ ਮਿੰਟ ਦਾ ਮੌਨ ਧਾਰ ਕੇ ਓਲੰਪੀਅਨ ਪ੍ਰਿਥੀਪਾਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਜਦਕਿ ਹਾਕੀ ਓਲੰਪੀਅਨ ਹਰਦੀਪ ਸਿੰਘ ਗਰੇਵਾਲ, ਬਲਬੀਰ ਸਿੰਘ ਸੋਹੀ ਡਿਪਟੀ ਡਾਇਰੈਕਟਰ ਸਹਿਕਾਰਤਾ ਵਿਭਾਗ, ਰੁਪਿੰਦਰ ਸਿੰਘ ਰਵੀ ਸਟੇਟ ਆਰਗੇਨਾਇਜ਼ਰ ਪੰਜਾਬ ਸਕੂਲ ਸਿੱਖਿਆ ਵਿਭਾਗ, ਜਗਜੀਤ ਸਿੰਘ ਖਹਿਰਾ ਅਸਿਸਟੈਂਟ ਸਬ ਇੰਸਪੈਕਟਰ ਪੰਜਾਬ ਪੁਲਿਸ, ਜਗਰੂਪ ਸਿੰਘ ਜਰਖੜ ਮੁੱਖ ਪ੍ਰਬੰਧਕ ਜਰਖੜ ਖੇਡਾਂ ਆਦਿ ਹੋਰ ਬੁਲਾਰਿਆਂ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਬੱਚਿਆਂ ਨੂੰ ਓਲੰਪੀਅਨ ਪ੍ਰਿਥੀਪਾਲ ਸਿੰਘ ਦੇ ਜੀਵਨ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਓਲੰਪੀਅਨ ਹਰਦੀਪ ਸਿੰਘ ਗਰੇਵਾਲ ਨੇ ਆਖਿਆ ਕਿ ਓਲੰਪੀਅਨ ਪ੍ਰਿਥੀਪਾਲ ਸਿੰਘ ਮੇਰੇ ਜੀਵਨ ਦਾ ਇੱਕ ਪ੍ਰੇਰਣਾ ਸ੍ਰੋਤ ਸੀ ਜਿਸ ਕਰਕੇ ਮੈਂ ਓਲੰਪੀਅਨ ਬਣਿਆ। ਉਨ੍ਹਾਂ ਨੇ ਬੱਚਿਆਂ ਨੂੰ ਓਲੰਪਿਕ ਖੇਡਾਂ ਦੇ ਰਸਤੇ ਤੱਕ ਜਾਣ ਬਾਰੇ ਜਾਣੂ ਕਰਾਇਆ। ਇਸ ਮੌਕੇ ਮਲਕੀਤ ਸਿੰਘ ਸਰਪੰਚ ਭਿੰਡਰਾਂ, ਗੋਲਡੀ ਨਾਮਧਾਰੀ, ਜਸਬੀਰ ਸਿੰਘ ਬਸੀ ਪਠਾਣਾਂ, ਹਰਬੰਸ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਲਾਦੀਆਂ, ਅਜੀਤ ਸਿੰਘ ਲਾਦੀਆਂ, ਰਣਜੀਤ ਸਿੰਘ ਦੁਲੇਅ, ਪਹਿਲਵਾਨ ਹਰਮੇਲ ਸਿੰਘ, ਬਾਬਾ ਰੁਲਦਾ ਸਿੰਘ, ਸੋਹਣ ਸਿੰਘ ਸ਼ੰਕਰ, ਰਜਿੰਦਰ ਸਿੰਘ ਜਰਖੜ, ਲਖਬੀਰ ਸਿੰਘ ਜਰਖੜ, ਤੇਜਿੰਦਰ ਸਿੰਘ ਜਰਖੜ, ਸੰਦੀਪ ਸਿੰਘ, ਗੁਰਸਤਿੰਦਰ ਸਿੰਘ ਪਰਗਟ ਆਦਿ ਹੋਰ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।
ਅੱਜ ਖੇਡੇ ਗਏ ਅੰਡਰ-10 ਸਾਲ ਮੁਕਾਬਲਿਆਂ 'ਚ ਜਿਥੇ ਬਾਗੜੀਆਂ ਹਾਕੀ ਸੈਂਟਰ ਅਤੇ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਨੇ ਸੈਮੀਫਾਈਨਲ ਲਈ ਆਪਣੀ ਜਗ੍ਹਾ ਪੱਕੀ ਕੀਤੀ ਉਥੇ ਹੀ ਰਾਮਪੁਰ ਹਾਕੀ ਸੈਂਟਰ, ਪੀਪੀਐਸ ਨਾਭਾ, ਜਰਖੜ ਹਾਕੀ ਸੈਂਟਰ, ਅਤੇ ਕਿਲ੍ਹਾ ਰਾਏਪੁਰ ਨੇ ਕੁਆਟਰਫਾਈਨਲ ਲਈ ਪ੍ਰਵੇਸ਼ ਕੀਤਾ। ਅੱਜ ਦੇ ਮੈਚਾਂ ਦੌਰਾਨ ਅੰਡਰ-17 ਸਾਲ ਵਰਗ ਦੇ ਮੈਚਾਂ ਦੀ ਸ਼ੁਰੂਆਤ ਹੋਈ ਜਿਸ 'ਚ ਪੀਪੀਐਸ ਸਕੂਲ ਨਾਭਾ ਨੇ ਜੇ ਕੇ ਪਬਲਿਕ ਸਕੂਲ ਬਾਗੜੀਆਂ ਨੂੰ 5-3 ਨਾਲ ਹਰਾਇਆ, ਜਦਕਿ ਅੰਡਰ-10 ਸਾਲ ਦੇ ਮੁਕਾਬਲਿਆਂ 'ਚ ਨਨਕਾਣਾ ਸਾਹਿਬ ਪਬਲਿਕ ਸਕੂਲ ਅਮਰਗੜ੍ਹ ਨੇ ਜਟਾਣਾ ਹਾਕੀ ਸੈਂਟਰ ਨੂੰ 3-0 ਨਾਲ, ਐਚ.ਸੀ.ਟੀ.ਸੀ ਰਾਮਪੁਰ ਨੇ ਫਰਿਜ਼ਨੋ ਅਕੈਡਮੀ ਜਰਖੜ ਨੂੰ 4-1 ਨਾਲ, ਬਾਗੜੀਆਂ ਨੇ ਕਿਲ੍ਹਾ ਰਾਏਪੁਰ ਸੈਂਟਰ ਨੂੰ 3-1 ਨਾਲ, ਪੀ.ਪੀ.ਐਸ. ਨਾਭਾ ਨੇ ਬਸੀ ਪਠਾਣਾਂ ਨੂੰ 5-2 ਨਾਲ, ਆਖਰੀ ਮੈਚ 'ਚ ਬਾਗੜੀਆਂ ਨੇ ਬਸੀ ਪਠਾਣਾਂ ਨੂੰ 7-2 ਨਾਲ ਹਰਾ ਕੇ ਅਗਲੇ ਗੇੜ ਚ ਪ੍ਰਵੇਸ਼ ਕੀਤਾ। ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਤੇ ਪ੍ਰਧਾਨ ਪਰਮਜੀਤ ਸਿੰਘ ਨੀਟੂ ਨੇ ਦੱਸਿਆ ਕਿ ਅਗਲੇ ਗੇੜ ਦੇ ਮੁਕਾਬਲੇ 25 ਤੇ 26 ਮਈ ਨੂੰ ਖੇਡੇ ਜਾਣਗੇ। ਜਿਸ 'ਚ ਸੀਨੀਅਰ ਵਰਗ (੩੫ ਸਾਲ) ਤੋਂ ਉੱਪਰ ਤੇ ਅੰਡਰ-17 ਸਾਲ ਦੇ ਕੁਆਟਰਫਾਈਨਲ ਮੁਕਾਬਲੇ ਹੋਣਗੇ।