ਨੌਜਵਾਨ ਪੀੜ੍ਹੀ ਵਿਦੇਸ਼ੀ ਸੱਭਿਆਚਾਰ ਛੱਡ ਕੇ ਭਾਰਤੀ ਸੱਭਿਆਚਾਰ ਨੂੰ ਅਪਣਾਵੇ : ਰਾਜਕੁਮਾਰ ਅਟਵਾਲ.
- ਨਵੀਂ ਵੈੱਬ ਸੀਰੀਜ਼ "ਗ਼ਜ਼ਲੋਂ ਕਾ ਤਾਜ" ਤੋਂ ਸਦਾਬਹਾਰ ਗੀਤਾਂ ਦੀ ਹੋਵੇਗੀ ਪਰ ਵਾਪਸੀ
ਲੁਧਿਆਣਾ (ਤਮੰਨਾ ਬੇਦੀ)- ਪੱਛਮੀ ਸੱਭਿਅਤਾ ਨੂੰ ਅਪਣਾ ਕੇ ਸਾਡੀ ਨੌਜਵਾਨ ਪੀੜ੍ਹੀ ਕਾਫੀ ਹੱਦ ਤੱਕ ਭ੍ਰਿਸ਼ਟ ਹੋ ਚੁੱਕੀ ਹੈ, ਜਿਸ ਦੀ ਪ੍ਰਤੱਖ ਉਦਾਹਰਣ ਆਉਣ ਵਾਲੇ ਵੈਲੇਨਟਾਈਨ ਵੀਕ ਦੌਰਾਨ ਦੇਖਣ ਨੂੰ ਮਿਲ ਸਕਦੀ ਹੈ। ਨੌਜਵਾਨ ਪੀੜ੍ਹੀ ਨੂੰ ਵਿਦੇਸ਼ੀ ਸੱਭਿਆਚਾਰ ਛੱਡ ਕੇ ਭਾਰਤੀ ਸੱਭਿਆਚਾਰ ਨੂੰ ਅਪਣਾਉਣਾ ਚਾਹੀਦਾ ਹੈ! ਇਹ ਗੱਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਾਜਕੁਮਾਰ ਅਟਵਾਲ ਨੇ ਪ੍ਰਸਿੱਧ ਗ਼ਜ਼ਲ ਗਾਇਕ ਕਮਲ ਨੈਨ ਲੁਧਿਆਣਵੀ ਵੱਲੋਂ ਗਾਈ ਗਈ ਗ਼ਜ਼ਲ 'ਮੈਂ ਇਸ਼ਕ ਮੇਂ ਤੁਮਕੋ ਦੂੰ ਕਿਆ ਨਿਸ਼ਾਨੀ' ਦੀ ਸ਼ੂਟਿੰਗ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਹੀ! ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਦਿਖਾਉਣ ਲਈ ਇਹ ਗ਼ਜ਼ਲ ਵੈਲੇਨਟਾਈਨ ਹਫ਼ਤੇ ਦੌਰਾਨ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਰਿਲੀਜ਼ ਕੀਤੀ ਜਾਵੇਗੀ! ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਪ੍ਰੋਜੈਕਟ ਦੇ ਨਿਰਮਾਤਾ ਸੀ.ਏ ਜਸਮਿੰਦਰ ਸਿੰਘ ਨੇ ਦੱਸਿਆ ਕਿ ਭਾਰਤੀ ਸਿਨੇਮਾ ਪ੍ਰੇਮੀਆਂ ਦੀ ਅਕਸਰ ਇਹ ਸ਼ਿਕਾਇਤ ਰਹਿੰਦੀ ਹੈ ਕਿ ਅੱਜਕੱਲ੍ਹ ਰਿਲੀਜ਼ ਹੋਣ ਵਾਲੇ ਹਿੰਦੀ ਫ਼ਿਲਮਾਂ ਦੇ ਗੀਤ ਪੁਰਾਣੀਆਂ ਫ਼ਿਲਮਾਂ ਦੇ ਗੀਤਾਂ ਦੇ ਬਰਾਬਰ ਨਹੀਂ ਹਨ ਅਤੇ ਇਹ ਗੀਤ ਲੰਮਾ ਸਮਾਂ ਆਪਣੀ ਛਾਪ ਨਹੀਂ ਛੱਡਦੇ ਹਨ। 1980 ਦੇ ਦਹਾਕੇ ਵਿਚ ਰਿਲੀਜ਼ ਹੋਈਆਂ ਫਿਲਮਾਂ ਦੇ ਗੀਤਾਂ ਨੇ ਸਾਡੀ ਮਾਨਸਿਕਤਾ 'ਤੇ ਅਮਿੱਟ ਛਾਪ ਛੱਡੀ ਹੈ! ਉਨ੍ਹਾਂ ਕਿਹਾ ਕਿ ਜਲਦੀ ਹੀ ਆਉਣ ਵਾਲੀ ਵੈੱਬ ਸੀਰੀਜ਼ ਗ਼ਜ਼ਲੋਂ ਕਾ ਤਾਜ ਦੇ ਗੀਤ ਇਸ ਕਮੀ ਨੂੰ ਪੂਰਾ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਵੈੱਬ ਸੀਰੀਜ਼ ਦੀ ਪਹਿਲੀ ਗ਼ਜ਼ਲ ਮੈਂ ਇਸ਼ਕ ਮੇਂ ਤੁਮਕੋ ਕਿਆ ਦੂ ਨਿਸ਼ਾਨੀ ਇਸ ਸਾਲ ਵੈਲੇਨਟਾਈਨ ਵੀਕ ਦੌਰਾਨ ਆਪਣੇ ਚਾਹੁਣ ਵਾਲਿਆਂ ਨੂੰ ਤੋਹਫ਼ੇ ਦੇਣ ਲਈ ਪ੍ਰੇਮੀਆਂ ਦੀ ਪਹਿਲੀ ਪਸੰਦ ਹੋਵੇਗੀ। ਇਸ ਗ਼ਜ਼ਲ ਦੀ ਸ਼ੂਟਿੰਗ ਦੇ ਨਾਲ-ਨਾਲ ਧਾਰਮਿਕ ਗੀਤ ਰਾਧੇ ਮਾਂ ਤੇਰਾ ਹੀ ਸਹਾਰਾ ਹੈ ਦੇ ਕੁਝ ਹਿੱਸੇ ਵੀ ਸ਼ੂਟ ਕੀਤੇ ਗਏ ਹਨ! ਇਸ ਮੌਕੇ ਇਸ ਪ੍ਰੋਜੈਕਟ ਦੇ ਫਾਈਨਾਂਸ ਕੰਟਰੋਲਰ ਸੀ.ਏ ਰਾਜੇਸ਼ ਅਗਰਵਾਲ, ਲੀਡ ਆਰਟਿਸਟ ਜੇਪੀ ਅਗਰਵਾਲ, ਮਿਊਜ਼ਿਕ ਡਾਇਰੈਕਟਰ ਐਮ ਸਿੰਘ, ਗੀਤਕਾਰ ਅਸ਼ੋਕ ਰਾਹੀ ਅਤੇ ਕਈ ਸਹਿ-ਅਦਾਕਾਰ ਹਾਜ਼ਰ ਸਨ!
