ਡਾ. ਅਮਨਪ੍ਰੀਤ ਸਿੰਘ ਯੰਗ ਸਿੱਖ ਸਕਾਲਰ ਅਵਾਰਡ ਸਮਾਗਮ 22 ਫਰਵਰੀ 2025 ਨੂੰ ਅਕਾਲ ਕਾਲਜ ਆਫ ਐਜੂਕੇਸ਼ਨ, ਮਸਤੂਆਣਾ ਸਾਹਿਬ ਵਿਖੇa.

 

ਲੁਧਿਆਣਾ (ਤਮੰਨਾ ਬੇਦੀ ) -  ਡਾ. ਅਮਨਪ੍ਰੀਤ ਸਿੰਘ ਯੰਗ ਸਿੱਖ ਸਕਾਲਰਜ ਵੈਲਫੇਅਰ ਸੁਸਾਇਟੀ  (ਰਜਿ:), ਲੁਧਿਆਣਾ ਦੇ ਪ੍ਰਧਾਨ ਸ. ਸਤਨਾਮ ਸਿੰਘ ਸਲੋਪੁਰੀ ਅਤੇ ਸਕੱਤਰ ਸ . ਰਾਜਪਾਲ ਸਿੰਘ ਅੰਮ੍ਰਿਤਸਰ ਨੇ ਸਾਂਝੇ ਪ੍ਰੈਸ ਨੋਟ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ ਸਲ੍ਹੋਪੁਰੀ ਦੇ ਬੇਟੇ ਡਾਕਟਰ ਅਮਨਪ੍ਰੀਤ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਧਰਮ ਅਧਿਐਨ ਵਿਭਾਗ ਚੋਂ  "ਭਾਈ ਵੀਰ ਸਿੰਘ ਦਾ ਸਾਹਿਤ ਤੇ ਸਿੱਖ ਚਿੰਤਨ" ਵਿਸ਼ੇ ਤੇ ਪੀ. ਐਚ. ਡੀ ਕੀਤੀ ਸੀ ਅਤੇ 2021 ਚ 33 ਸਾਲ ਦੀ ਉਮਰ ਵਿੱਚ ਕੈਂਸਰ ਦੀ ਜੰਗ ਲੜਦਿਆਂ ਉਹਨਾਂ ਦੀ ਮੌਤ ਹੋ ਗਈ ਸੀ। ਡਾ. ਅਮਨਪ੍ਰੀਤ ਸਿੰਘ ਧਰਮ ਅਧਿਐਨ ਵਿਭਾਗ ਵਿੱਚ ਆਉਣ ਵਾਲੇ ਖੋਜਾਰਥੀਆਂ ਨੂੰ ਹਮੇਸ਼ਾ ਉਤਸ਼ਾਹਿਤ ਕਰਦਾ ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਾ ਸੀ।ਉਸ ਦੀ ਰੀਝ ਸੀ ਵੱਧ ਤੋਂ ਵੱਧ ਨੌਜਵਾਨ ਧਰਮ ਅਧਿਐਨ ਚ ਖੋਜ ਕਰਨ ਲਈ ਅੱਗੇ ਆਉਣ। ਉਹਨਾਂ ਦੀ ਸੋਚ ਨੂੰ ਅੱਗੇ ਤੋਰਨ ਲਈ, ਧਰਮ ਅਧਿਐਨ ਖੇਤਰ ਵਿੱਚ ਖੋਜ ਲਈ ਵਿਦਿਆਰਥੀਆਂ ਨੂੰ ਉਤਸਾਹਿਤ ਕਰਨ ਲਈ ਡਾ. ਅਮਨਪ੍ਰੀਤ ਸਿੰਘ ਦੀ ਯਾਦ ਵਿੱਚ 2021 'ਚ ਸੁਸਾਇਟੀ ਦੀ ਸਥਾਪਨਾ ਕੀਤੀ ਗਈ ਜਿਸ ਤਹਿਤ ਡਾ. ਸਾਹਿਬ ਦੀਆਂ 2 ਖੋਜ-ਪੁਸਤਕਾਂ ਅਤੇ 1 ਕਵਿਤਾਵਾਂ ਵਾਲੀ ਪੁਸਤਕ ਨੂੰ ਦੁਨੀਆਂ ਦੀ ਖੋਜ ਲਾਈਬ੍ਰੇਰੀਆਂ ਤੱਕ ਪਹੁੰਚਾਣ ਅਤੇ ਧਰਮ ਅਧਿਐਨ ਵਿੱਚ ਖੋਜ ਕਰਨ ਵਾਲੇ ਵਿਦਿਆਰਥੀਆਂ ਨੂੰ ਅਵਾਰਡ ਦੇਣ ਦੇ ਕਾਰਜ ਆਰੰਭੇ। 2021 ਵਿੱਚ 2, 2023 ਵਿੱਚ 3 ਅਤੇ 2024 ਵਿੱਚ  5 ਵਿਦਿਆਰਥੀਆਂ ਨੂੰ 11,000 ਰੁਪਏ ਪ੍ਰਤੀ ਵਿਦਿਆਰਥੀ ਅਵਾਰਡ ਦਿੱਤੇ ਗਏ। ਇਸੇ ਲੜੀ ਤਹਿਤ 22 ਫਰਵਰੀ 2025 ਨੂੰ ਡਾ. ਅਮਨਪ੍ਰੀਤ ਸਿੰਘ ਸਾਹਿਤ ਸੇਵਾ ਚੌਥਾ ਯਾਦਗਾਰੀ ਸਮਾਗਮ ਅਕਾਲ ਕਾਲਜ ਆਫ ਐਜੂਕੇਸ਼ਨ, ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਸ. ਜਸਵੰਤ ਸਿੰਘ, ਸ ਭੁਪਿੰਦਰ ਸਿੰਘ ਸਕੱਤਰ, ਧਰਮ ਪ੍ਰਚਾਰ ਅਤੇ ਕੌਸਲ ਦੇ ਨਿੱਘੇ ਸਹਿਯੋਗ ਨਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ।   ਪੰਜਾਬ, ਚੰਡੀਗੜ੍ਹ ਦੀਆਂ 4 ਯੂਨੀਵਰਸਿਟੀਆਂ ਦੇ 5 ਵਿਦਿਆਰਥੀਆਂ ਨੂੰ ਅਵਾਰਡ ਦੇਣ ਲਈ ਚੁਣਿਆ ਗਿਆ ਹੈ ਜਿਨਾਂ ਦੇ ਨਾਮ ਹੇਠ ਦਰਜ ਹਨ:  

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਸ. ਚੜਤ ਸਿੰਘ (ਖੋਜ ਵਿਸ਼ਾ-"ਸਿੱਖਿਆ ਖੇਤਰ ਵਿੱਚ ਸਿੱਖ ਸੰਸਥਾਵਾਂ ਦਾ ਯੋਗਦਾਨ)", ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਤੋਂ ਸ. ਸੁਰਜੀਤ ਸਿੰਘ (ਖੋਜ ਵਿਸ਼ਾ-ਭਗਤ ਪੂਰਨ ਸਿੰਘ ਪਿੰਗਲਵਾੜਾ ਦੁਆਰਾ ਸਥਾਪਿਤ ਅਦਾਰਿਆਂ ਦਾ ਯੋਗਦਾਨ), ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀਬੀ ਹਰਪ੍ਰੀਤ ਕੌਰ (ਖੋਜ ਵਿਸ਼ਾ-ਗੁਰੂ ਨਾਨਕ ਬਾਣੀ ਅਤੇ ਇੰਜੀਲਾਂ ਵਿੱਚ ਨੈਤਿਕਤਾ ਦਾ ਸਰੂਪ : ਇੱਕ ਤੁਲਨਾਤਮਕ ਅਧਿਐਨ ਅਤੇ ਬੀਬੀ ਸੰਦੀਪ ਕੌਰ (ਖੋਜ ਵਿਸ਼ਾ-ਪੁਰਾਤਨ ਗੁਰਮੁਖੀ ਹੱਥ ਲਿਖਤਾਂ ਦਾ ਸਰੂਪ:ਬਣਤਰ ਤੇ ਵਿਸ਼ਲੇਸ਼ਣ (ਬਾਹੋਵਾਲ ਵਾਲੀ ਪੋਥੀ ਦੇ ਹਵਾਲੇ ਨਾਲ), ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸ. ਪਰਮਵੀਰ ਸਿੰਘ (ਖੋਜ ਵਿਸ਼ਾ-ਸਿੱਖ ਸੰਕਲਪਾਂ ਦੀ ਨਵ-ਵਿਆਖਿਆ ਦਾ ਅਧਿਐਨ 'ਸਹਿਜੇ ਰਚਿ�" ਖਾਲਸਾ ਪੁਸਤਕ' ਸੰਗ੍ਰਹਿ  ਦੇ ਵਿਸ਼ੇਸ਼ ਹਵਾਲੇ ਨਾਲ) ਅਵਾਰਡ ਪ੍ਰਾਪਤ ਕਰਨਗੇ। ਅਕਾਦਮਿਕ ਖੇਤਰ ਦੇ ਵਿਦਵਾਨ/ਸਾਹਿਤਕਾਰ ਤੇ ਧਾਰਮਿਕ ਸੰਸਥਾਵਾਂ ਦੇ ਮੁਖੀ ਆਪਣੇ ਕਰ-ਕਮਲਾਂ ਨਾਲ ਅਵਾਰਡ ਤਕਸੀਮ ਕਰਨਗੇ। ਡਾ. ਅਮਨਪ੍ਰੀਤ ਸਿੰਘ ਦੀਆਂ ਖੋਜ-ਪੁਸਤਕਾਂ ਅਤੇ ਲਿਖਤ-ਕਵਿਤਾਵਾਂ ਤੇ ਚਰਚਾ ਕਰਨ ਲਈ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਵਾਨ ਪਹੁੰਚ ਰਹੇ ਹਨ। ਸਾਹਿਤ ਪ੍ਰੇਮੀਆਂ ਨੂੰ ਇਸ ਸੈਮੀਨਾਰ ਵਿੱਚ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਅਕਾਲ ਕਾਲਜ ਕੌਂਸਲ, ਮਸਤੂਆਣਾ ਸਾਹਿਬ ਵੱਲੋਂ ਲੰਗਰ/ਚਾਹ ਆਦਿ ਦੇ ਯੋਗ ਪ੍ਰਬੰਧ ਕੀਤੇ ਜਾ ਰਹੇ ਹਨ।