ਕੇਂਦਰੀ ਜੇਲ੍ਹ ਫਰੀਦਕੋਟ ਵਿਖੇ ਪੰਜਾਬ ਜੇਲ੍ਹ ਓਲੰਪਿਕ 2025 ਦੇ ਮੁਕਾਬਲੇ ਜਾਰੀ.

 


ਕੋਟਕਪੂਰਾ (ਨਰਿੰਦਰ ਵਧਵਾ) - ਪੰਜਾਬ ਜੇਲ੍ਹ ਓਲੰਪਿਕ 2025 ਦਾ ਉਦਘਾਟਨ ਕੇਂਦਰੀ ਜੇਲ੍ਹ ਫਰੀਦਕੋਟ ਵਿਖੇ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਰੀਦਕੋਟ ਨਵਜੋਤ ਕੌਰ ਦੁਆਰਾ ਕੀਤਾ ਗਿਆ ਅਤੇ ਇਹ ਰਾਜ ਪੱਧਰੀ ਖੇਡ ਮੁਕਾਬਲੇ ਇੱਕ ਹਫਤੇ ਤੱਕ ਜਾਰੀ ਰਹੇ। ਕੇਂਦਰੀ ਜੇਲ੍ਹ ਬਠਿੰਡਾ, ਜ਼ਿਲ੍ਹਾ ਜੇਲ੍ਹ ਮਾਨਸਾ, ਜ਼ਿਲ੍ਹਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ, ਜ਼ਿਲ੍ਹਾ ਜੇਲ੍ਹ ਬਰਨਾਲਾ,ਸਬ ਜੇਲ੍ਹ ਮੋਗਾ ਅਤੇ ਸਬ ਜੇਲ੍ਹ ਫਾਜ਼ਿਲਕਾ ਵਰਗੀਆਂ ਵੱਖ ਵੱਖ ਜੇਲ੍ਹਾਂ ਤੋਂ ਕੈਦੀਆਂ ਦੀਆਂ ਟੀਮਾਂ ਨੂੰ ਕੇਂਦਰੀ ਜੇਲ੍ਹ ਫਰੀਦਕੋਟ ਵਿੱਚ ਤਬਦੀਲ ਕੀਤਾ ਗਿਆ ਜਿੱਥੇ ਇਹਨਾਂ ਕੈਦੀਆਂ ਨੇ ਰੱਸਾਕਸ਼ੀ, ਵਾਲੀਬਾਲ, ਬੈਡਮਿੰਟਨ, ਐਥਲੈਟਿਕਸ (100 ਮੀਟਰ,400 ਮੀਟਰ, ਲੰਬੀ ਛਾਲ) ਅਤੇ ਕਬੱਡੀ ਵਰਗੇ ਮੁਕਾਬਲਿਆਂ ਵਿੱਚ ਹਿੱਸਾ ਲਿਆ। ਅੱਜ ਓਜਸਵੀ ਅਲੰਕਾਰ ਆਈ,ਏ,ਐਸ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਫਰੀਦਕੋਟ ਨੇ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸ਼ਮਸ਼ੇਰ ਸਿੰਘ ਸ਼ੇਰਗਿੱਲ ਡੀਐਸਪੀ (ਹੈੱਡ ਕੁਆਰਟਰ) ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਉਦਘਾਟਨੀ ਕਬੱਡੀ ਮੈਚ ਜ਼ਿਲ੍ਹਾ ਜੇਲ੍ਹ ਮਾਨਸਾ ਅਤੇ ਕੇਂਦਰੀ ਜੇਲ੍ਹ ਬਠਿੰਡਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਰੀਦਕੋਟ ਦੇ ਨਾਲ ਨਾਲ ਵਧੀਕ ਡਿਪਟੀ ਕਮਿਸ਼ਨਰ ਓਜਸਵੀ ਅਲੰਕਾਰ ਨੇ ਸੁਧਾਰ ਅਤੇ ਤਣਾਅ ਪ੍ਰਬੰਧਨ ਵੱਲ ਜੇਲ੍ਹ ਵਿਭਾਗ ਦੇ ਇਸ ਯਤਨ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਜੇਲ੍ਹ ਵਿਭਾਗ ਵੱਲੋਂ ਪੰਜਾਬ ਜੇਲ੍ਹ ਓਲੰਪਿਕ 2025 ਕਰਵਾਉਣ ਦੀ ਪਹਿਲਕਦਮੀ ਕੈਦੀਆਂ ਵਿੱਚ ਖੇਡ ਭਾਵਨਾ ਅਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਨ, ਉਨ੍ਹਾਂ ਦੀ ਊਰਜਾ ਨੂੰ ਸਕਾਰਾਤਮਕ ਢੰਗ ਨਾਲ ਵਰਤਣ ਦੇ ਉਦੇਸ਼ ਨਾਲ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦੀਆਂ ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਕੈਦੀਆਂ ਨੂੰ ਉਨ੍ਹਾਂ ਦੀ ਕੈਦ ਦੋਰਾਨ ਹੁਨਰ ਵਿਕਾਸ ਅਤੇ ਨਿੱਜੀ ਵਿਕਾਸ ਦੇ ਮੋਕੇ ਪ੍ਰਦਾਨ ਕਰਨਾ ਹੈ। ਕੇਂਦਰੀ ਜੇਲ੍ਹ ਫਰੀਦਕੋਟ ਦੇ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਨ੍ਹਾਂ ਜ਼ੋਨਲ ਮੈਚਾਂ ਦੇ ਸ਼ਾਨਦਾਰ ਪ੍ਰਦਰਸ਼ਨਕਾਰੀਆਂ ਨੂੰ 15-16 ਮਾਰਚ 2025 ਨੂੰ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਹੋਣ ਵਾਲੀਆਂ ਅੰਤਰ ਜ਼ੋਨਲ ਪੰਜਾਬ ਜੇਲ੍ਹ ਓਲੰਪਿਕ ਖੇਡਾਂ 2025 ਲਈ ਕੁਆਲੀਫਾਈ ਕਰਨਾ ਪਵੇਗਾ।