ਦੁੱਗਰੀ ਵਿਖ਼ੇ ਸਤਿਗੁਰੂ ਰਵਿਦਾਸ ਜੀ ਦੇ 648ਵੇਂ ਆਗਮਨ ਪੁਰਬ ਸੰਬੰਧੀ ਧਾਰਮਿਕ ਸਮਾਗਮ.
ਲੁਧਿਆਣਾ 13 ਫਰਵਰੀ ( ਕੁਲਦੀਪ ਸਿੰਘ ਦੁੱਗਲ ) ਐਲ ਆਈ ਜ਼ੀ ਫਲੈਟਸ, ਫੇਸ 3, ਦੁੱਗਰੀ ਵਿਖ਼ੇ ਦਰਬਾਰ ਬਾਬਾ ਗੁੱਗਾ ਜ਼ਾਹਿਰ ਵੀਰ ਜੀ ਦੇ ਅਸਥਾਨ 'ਤੇ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 648ਵੇਂ ਆਗਮਨ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਭਾਵ ਭਿੰਨੀ ਸ਼ਰਧਾ ਸਹਿਤ ਕਰਵਾਇਆ ਗਿਆ। ਮੁੱਖ ਸੇਵਾਦਾਰ ਗਾਇਕ ਹੁਸਨ ਲਾਲ ਹੀਰਾ ਤੇ ਰਵਿੰਦਰ ਰੂਬੀ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਅਰਬਨ ਇਸਟੇਟ ਵੈਲਫੇਅਰ ਐਸ਼ੋਸ਼ੀਏਸ਼ਨ, ਫੇਸ 1, ਦੁੱਗਰੀ ਦੇ ਪ੍ਰਧਾਨ ਸ. ਕਿਰਪਾਲ ਸਿੰਘ ਖਾਲਸਾ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਕਮਜ਼ੋਰ ਤੇ ਨਿਰਬਲ ਸਮਾਜ ਦੇ ਲੋਕਾਂ ਨੂੰ ਬਰਾਬਰਤਾ ਦਾ ਦਰਜ਼ਾ ਦਿਵਾਉਣ ਲਈ ਅਤੇ ਉਹਨਾਂ ਨੂੰ ਹੀਣ ਭਾਵਨਾ ਤੋਂ ਰਹਿਤ ਹੋਕੇ ਵਹਿਮਾਂ ਭਰਮਾਂ ਦੇ ਵਿਰੁੱਧ ਅਤੇ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਕਰਨ ਹਿੱਤ ਕ੍ਰਾਂਤੀਕਾਰੀ ਸੰਘਰਸ਼ ਕੀਤਾ ਅਤੇ ਇਹ ਸੰਘਰਸ਼ ਰਹਿੰਦੀ ਦੁਨੀਆਂ ਤੱਕ ਮਾਨਵਤਾ ਦਾ ਮਾਰਗ ਦਰਸ਼ਨ ਕਰਦਾ ਰਹੇਗਾ। ਇਸ ਮੌਕੇ ਗੁਰੂ ਸੰਗਤਾਂ ਵੱਲੋਂ ਗੁਰੂ ਜੀ ਦੀ ਪੂਜਾ ਅਰਚਨਾ ਉਪਰੰਤ ਕੇਕ ਕੱਟਿਆ ਗਿਆ ਜਦਕਿ ਚਾਹ ਦੇ ਲੰਗਰ ਅਟੁੱਟ ਵਰਤਾਏ ਗਏ। ਗਾਇਕ ਹੁਸਨ ਲਾਲ ਹੀਰਾ ਨੇ ਕਿਹਾ ਕਿ ਦੁਨੀਆਂ ਵਿੱਚ ਕੋਈ ਇਨਸਾਨ ਆਪਣੀ ਕਿਰਤ ਕਰਕੇ ਵੱਡਾ ਜਾਂ ਛੋਟਾ ਨਹੀਂ ਹੁੰਦਾ ਬਲਕਿ ਆਪਣੇ ਚੰਗੇ ਜਾਂ ਮਾੜੇ ਕਰਮਾਂ ਕਰਕੇ ਹੁੰਦਾ ਹੈ ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਇਹਨਾਂ ਮਹਾਨ ਸਿੱਖਿਆਵਾਂ ਦੇ ਧਾਰਨੀ ਬਣਨਾ ਅੱਜ ਹਰੇਕ ਪ੍ਰਾਣੀ ਦਾ ਮੁੱਖ ਕਰਮ ਤੇ ਧਰਮ ਹੈ। ਉਹਨਾਂ ਆਏ ਮਹਿਮਾਨਾਂ ਤੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਗਾਇਕ ਵਰਿੰਦਰ ਸਿੱਧੂ, ਕੁਲਵੰਤ ਸਿੰਘ, ਮਨਦੀਪ ਸਿੰਘ ਗਾਂਧੀ, ਹਰਪ੍ਰੀਤ ਸਿੰਘ ਗੋਰਾ, ਧਰਮਪਾਲ, ਡਿੰਪਲ ਟਾਂਕ, ਰਾਜੂ ਲੋਹਟ, ਚਮਨ ਲਾਲ, ਗੁਰਤੇਜ ਕੋਮਲ, ਸੰਜੇ ਕੁਮਾਰ, ਮਧੂ, ਬਲਵਿੰਦਰ ਵਿੱਕੀ, ਹਰਪ੍ਰੀਤ ਸਿੰਘ ਆਦਿ ਸਮੇਤ ਕਈ ਨਗਰ ਨਿਵਾਸੀ ਹਾਜ਼ਰ ਸਨ।
