ਰਮਜਾਨ ਦੇ ਪਵਿੱਤਰ ਮਹੀਨੇ ’ਚ ਰੋਜੇਦਾਰ ਬੰਦੀਆਂ ਨੂੰ ਮਿਲਣਗੀਆਂ ਵਿਸ਼ੇਸ਼ ਸਹੂਲਤਾਂ.

 

- ਜੇਲ ਮੰਤਰੀ ਨਾਲ ਸ਼ਾਹੀ ਇਮਾਮ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਾਮਾ ਮਸਜਿਦ ਦੇ ਵਫ਼ਦ ਨੇ ਕੀਤੀ ਮੁਲਾਕਾਤ


ਲੁਧਿਆਣਾ, 20 ਫਰਵਰੀ (ਸ਼ਾਹਿਦ ਖਾਨ) : ਅੱਜ ਜਾਮਾ ਮਸਜਿਦ ਲੁਧਿਆਣਾ ਦੇ ਪ੍ਰਧਾਨ ਮੁਹੰਮਦ ਮੁਸਤਕੀਮ ਨੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਜੇਲ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਉਨ੍ਹਾਂ ਦੇ ਘਰ ਪੱਟੀ ਵਿਖੇ ਖਾਸ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਕ ਮੰਗ ਪੱਤਰ ਦਿੱਤਾ। ਮੁਹੰਮਦ ਮੁਸਤਕੀਮ ਨੇ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਜੇਲ ਮੰਤਰੀ ਸ: ਲਾਲਜੀਤ ਸਿੰਘ ਭੁੱਲਰ ਤੋਂ ਮੰਗ ਕੀਤੀ ਗਈ ਹੈ ਕਿ 1 ਮਾਰਚ ਯਾ 2 ਮਾਰਚ ਤੋਂ ਸ਼ੁਰੂ ਹੋ ਰਹੇ ਪਵਿੱਤਰ ਰਮਜ਼ਾਨ ਸ਼ਰੀਫ਼ ਦੇ ਮਹੀਨੇ ਨੂੰ ਲੈਕੇ ਪੰਜਾਬ ਭਰ ਦੀਆਂ ਜੇਲਾਂ ’ਚ ਰੋਜਾ ਰੱਖਣ ਵਾਲੇ ਬੰਦੀਆਂ ਨੂੰ ਮੁਸ਼ੱਕਤ ’ਚ ਇਕ ਮਹੀਨੇ ਲਈ ਵਿਸ਼ੇਸ਼ ਛੂਟ ਦਿੱਤੀ ਜਾਵੇ ਅਤੇ ਜੇਲਾਂ ’ਚ ਰੋਜਾ ਰੱਖਣ ਅਤੇ ਖੋਲਣ ਦੇ ਸਮੇਂ ਜੇਲ ਵਿਭਾਗ ਵਲੋਂ ਖਾਸ ਡਾਇਟ ਲਗਾਈ ਜਾਵੇ। ਇਸ ਮੌਕੇ ਜੇਲ ਮੰਤਰੀ ਸ੍ਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਉਹ ਇਸ ਸਬੰਧ ਵਿੱਚ ਜੇਲ ਵਿਭਾਗ ਦੇ ਡੀਜੀਪੀ ਨੂੰ ਹੁਕਮ ਜਾਰੀ ਕਰਨਗੇ ਕਿ ਰਮਜਾਨ ਦੇ ਮਹੀਨੇ ’ਚ ਕਿਸੇ ਵੀ ਰੋਜੇਦਾਰ ਬੰਦੀ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਸ਼ਾਹੀ ਇਮਾਮ ਦੀ ਪ੍ਰਧਾਨਗੀ ਵਿਚ ਪਿਛਲੇ 20 ਸਾਲਾਂ ਤੋਂ ਸੂਬੇ ਭਰ ਦੀਆਂ ਜੇਲਾਂ ’ਚ ਰੋਜੇਦਾਰ ਬੰਦੀਆਂ ਲਈ ਵੰਡੀ ਜਾ ਰਹੀ ਸਮੱਗਰੀ ਅਤੇ ਈਦ ਦੇ ਕਪੜੇ ਦਿੱਤੇ ਜਾਣ ’ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਧੰਨਵਾਦ ਕੀਤਾ। ਇਸ ਮੌਕੇ ’ਤੇ ਮੁਹੰਮਦ ਮੁਸਤਕੀਮ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਮੁਸਲਿਮ ਕੈਦੀਆਂ ਨੂੰ ਇਹ ਛੂਟ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਜੇਲ ਮੰਤਰੀ ਸ੍ਰੀ ਲਾਲਜੀਤ ਸਿੰਘ ਭੁੱਲਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਹੈ ਕਿ ਰਮਜਾਨ ਦੇ ਪਵਿੱਤਰ ਮਹੀਨੇ ’ਚ ਰੋਜਾ ਰੱਖਣ ਵਾਲੇ ਸਾਰੇ ਬੰਦੀਆਂ ਨੂੰ ਖਾਸ ਸਹੂਲਤਾਂ ਦਿੱਤੀਆਂ ਜਾਣਗੀਆਂ। ਮੁਹੰਮਦ ਮੁਸਤਕੀਮ ਨੇ ਦੱਸਿਆ ਕਿ ਇਸ ਸਾਲ ਵੀ ਉਨਾਂ ਦੀ ਸੰਸਥਾ ਵਲੋਂ ਸੂਬੇ ਭਰ ਦੀਆਂ ਸਾਰੀਆਂ ਜੇਲਾਂ ’ਚ ਰੋਜੇਦਾਰ ਬੰਦੀਆਂ ਨੂੰ ਰੋਜਾ ਰੱਖਣ ਅਤੇ ਖੋਲਣ ਸੰਬੰਧੀ ਸਮੱਗਰੀ ਵੰਡੀ ਜਾਵੇਗੀ, ਜਿਸਦੇ ਨਾਲ ਧਾਰਮਿਕ ਕਿਤਾਬਾਂ ਵੀ ਵਿਸ਼ੇਸ਼ ਤੌਰ ’ਤੇ ਉਪਲੱਬਧ ਕਰਵਾਈਆਂ ਜਾਣਗੀਆਂ। ਉਨਾਂ ਕਿਹਾ ਕਿ ਸਾਡਾ ਟੀਚਾ ਜੇਲਾਂ ’ਚ ਬੰਦ ਲੋਕਾਂ ਨੂੰ ਮੁੱਖ ਧਾਰਾ ਨਾਲ ਜੋੜਨਾ ਹੈ ਤਾਂ ਜੋ ਉਹ ਆਪਣੀਆਂ ਗਲਤੀਆਂ ਤੋਂ ਤੌਬਾ ਕਰਕੇ ਸਮਾਜ ’ਚ ਇਕ ਚੰਗੇ ਇਨਸਾਨ ਦੀ ਤਰ੍ਹਾਂ ਜੀਵਨ ਗੁਜਾਰ ਸਕਣ।