ਭਾਸ਼ਾ ਵਿਭਾਗ ਵੱਲੋਂ ਇਤਿਹਾਸਕ ਬੱਸੀਆਂ ਕੋਠੀ ਵਿਖੇ ਕਰਵਾਇਆ ਸਾਹਿਤਕ ਸਮਾਗਮ.
ਲੁਧਿਆਣਾ : ਮੁੱਖ ਮੰਤਰੀ ਪੰਜਾਬ, ਸ.ਭਗਵੰਤ ਸਿੰਘ ਮਾਨ ਅਤੇ ਮੰਤਰੀ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿੱਚ ਮਾਂ-ਬੋਲੀ ਪੰਜਾਬੀ ਦਾ ਮਾਣ ਅਤੇ ਰੁਤਬਾ ਉੱਚਾ ਕਰਨ ਲਈ ਅਨੇਕ ਤਰ੍ਹਾਂ ਦੇ ਟੀਚੇ ਨਿਰਧਾਰਤ ਕੀਤੇ ਗਏ ਹਨ। ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਭਾਸ਼ਾ ਵਿਭਾਗ ਦੁਆਰਾ ਬਹੁਤ ਉਤਸ਼ਾਹ ਨਾਲ਼ ਇਹਨਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕਾਰਜ ਕੀਤੇ ਜਾ ਰਹੇ ਹਨ। ਇਸੇ ਕੜੀ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ, ਲੁਧਿਆਣਾ ਦੁਆਰਾ ਮਹਾਰਾਜਾ ਦਲੀਪ ਸਿੰਘ ਕੋਠੀ, ਬੱਸੀਆਂ (ਰਾਏਕੋਟ) ਵਿਖੇ ਵਿਸ਼ਵ ਪੰਜਾਬੀ ਸਭਾ ਦੇ ਸਹਿਯੋਗ ਨਾਲ਼ ਇੱਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਐਸ.ਡੀ.ਐਮ ਬਰਨਾਲਾ ਸ. ਗੁਰਬੀਰ ਸਿੰਘ ਕੋਹਲੀ ਨੇ ਕੀਤੀ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਪਦਮ ਸ਼੍ਰੀ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਉੱਤੇ ਅਧਾਰਿਤ ਅਤੇ ਅਦਾਕਾਰ ਤੇ ਲੇਖਕ ਡ.ਸੋਮਪਾਲ ਹੀਰਾ ਦੇ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਗਈ। ਵਿਸ਼ਵ ਪੰਜਾਬੀ ਸਭਾ, ਕਨੇਡਾ ਦੀ ਭਾਰਤੀ ਇਕਾਈ ਦੀ ਪ੍ਰਧਾਨ ਸ਼੍ਰੀਮਤੀ ਬਲਵੀਰ ਕੌਰ ਰਾਏਕੋਟੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਦੌਰਾਨ ਨਜ਼ਦੀਕੀ ਪਿੰਡਾਂ ਤੋਂ ਸਾਹਿਤ ਤੇ ਕਲਾ ਦੇ ਰਸੀਏ, ਪੰਚਾਇਤ ਮੈਂਬਰਾਨ, ਸਥਾਨਕ ਕਾਲਜਾਂ/ਸਕੂਲਾਂ ਦੇ ਵਿਦਿਆਰਥੀ ਅਤੇ ਅਧਿਆਪਕਾਂ ਅਤੇ ਹੋਰਨਾਂ ਸਮੇਤ ਚਾਰ ਸੌ ਦੇ ਲੱਗਪਗ ਦੀ ਸ਼ਮੂਲੀਅਤ ਰਹੀ। ਇਲਾਕੇ ਦੀ ਹੋਰਨਾਂ ਸਨਮਾਨਿਤ ਸ਼ਖਸ਼ੀਅਤਾਂ ਵਿੱਚੋਂ ਡਾ. ਸੋਹਣ ਸਿੰਘ ਪਰਮਾਰ, ਪ੍ਰਿੰਸੀਪਲ ਸੰਦੀਪ ਸਾਹਨੀ, ਪਿੰਸੀਪਲ ਸ਼ਰਨਜੀਤ ਕੌਰ ਪਰਮਾਰ, ਇੰਦਰਜੀਤ ਸਿੰਘ ਬਾਠ, ਜਰਨੈਲ ਅੱਛਰਪੁਰ, ਭਗਵਾਨ ਸਿੰਘ ਢਿੱਲੋ, ਹਰਕੀਰਤ ਕੌਰ ਚਹਿਲ ਆਦਿ ਨੇ ਉਚੇਚੇ ਤੌਰ ਉੱਤੇ ਸਮਾਗਮ ਵਿੱਚ ਸ਼ਿਰਕਤ ਕੀਤੀ। ਡਾ. ਕੰਵਲ ਢਿੱਲੋਂ ਦੁਆਰਾ ਨਿਰਦੇਸ਼ਤ ਇਸ ਨਾਟਕ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਵਿਰਾਸਤੀ ਕੋਠੀ ਦੇ ਸ਼ਾਂਤ ਤੇ ਰਮਣੀਕ ਵਾਤਾਵਰਨ ਅਤੇ ਹਲਕੀ ਬਾਰਿਸ਼ ਦੀਆਂ ਬੂੰਦਾਂ ਦਰਮਿਆਨ ਨਾਟਕ ਕਲਾ ਦਾ ਜਲੌਅ ਸਿਖਰਾਂ ਛੂਹ ਰਿਹਾ ਸੀ। ਜ਼ਿਕਰਯੋਗ ਹੈ ਕਿ ਇਸ ਨਾਟਕ ਵਿੱਚ ਇਸ ਦੌਰ ਵਿੱਚ ਪੰਜਾਬੀ ਭਾਸ਼ਾ ਨਾਲ਼ ਜੁੜੀਆਂ ਚੁਨੌਤੀਆਂ ਅਤੇ ਭਵਿੱਖ ਸੰਬੰਧੀ ਗੰਭੀਰ ਮਸਲਿਆਂ ਨੂੰ ਉਭਾਰਿਆ ਗਿਆ ਹੈ। ਵਿਰਾਸਤੀ ਕੋਠੀ ਵਿਖੇ ਸੁਪਰਵਾਈਜ਼ਰ ਗੋਵਿੰਦ ਸਿੰਘ ਦੁਆਰਾ ਇਸ ਇਤਿਹਾਸਕ ਸਥਾਨ ਦੇ ਸੰਖੇਪ ਇਤਿਹਾਸ ਦੀ ਜਾਣਕਾਰੀ ਸਾਂਝੀ ਕੀਤੀ ਗਈ। ਮਹਿਮਾਨ ਸ਼ਖਸ਼ੀਅਤਾਂ ਦੁਆਰਾ ਵੀ ਵਿਚਾਰ ਸਾਂਝੇ ਕੀਤੇ ਗਏ। ਮੁੱਖ ਮਹਿਮਾਨ ਸ.ਗੁਰਬੀਰ ਕੋਹਲੀ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਇਸ ਇਤਿਹਾਸਕ ਸਥਾਨ ਉੱਤੇ ਸਮਾਗਮ ਦਾ ਆਯੋਜਨ ਕਰਵਾਉਣਾ ਭਾਸ਼ਾ ਵਿਭਾਗ ਦਾ ਇੱਕ ਸ਼ਲਾਘਾਯੋਗ ਉੱਦਮ ਹੈ। ਉਨ੍ਹਾਂ ਕਿਹਾ ਕਿ ਇਹ ਨਾਟਕ ਸਾਨੂੰ ਭਾਸ਼ਾ ਸੰਬੰਧੀ ਅਨੇਕ ਪੱਖਾਂ ਤੋਂ ਸੁਚੇਤ ਕਰਦਾ ਹੈ। ਮੰਚ ਸੰਚਾਲਨ ਦੀ ਭੂਮਿਕਾ ਸ਼ਾਇਰ ਤੇ ਨੈਸ਼ਨਲ ਐਵਾਰਡ ਜੇਤੂ ਅਧਿਆਪਕ ਪਾਲੀ ਖ਼ਾਦਿਮ ਨੇ ਨਿਭਾਈ। ਇਸ ਮੌਕੇ ਭਾਸ਼ਾ ਵਿਭਾਗ ਤੇ ਹੋਰ ਪ੍ਰਕਾਸ਼ਕਾਂ ਦੁਆਰਾ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਡਾ. ਸੰਦੀਪ ਸ਼ਰਮਾ ਨੇ ਆਏ ਮਹਿਮਾਨਾਂ ਅਤੇ ਸਹਿਯੋਗ ਕਰ ਰਹੀ ਸੰਸਥਾ ਵਿਸ਼ਵ ਪੰਜਾਬੀ ਸਭਾ(ਰਜਿ.) ਦੇ ਆਹੁਦੇਦਾਰਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਨਿਰਦੇਸ਼ਕ ਸ. ਜਸਵੰਤ ਸਿੰਘ ਜ਼ਫ਼ਰ ਦੀ ਸੋਚ ਹੈ ਕਿ ਮਾਤ-ਭਾਸ਼ਾ ਸੰਬੰਧੀ ਮੁੱਲਵਾਨ ਕਲਾ/ਸਾਹਿਤ ਦੀ ਪਹੁੰਚ ਵੱਧ ਤੋਂ ਵੱਧ ਲੋਕਾਂ ਤੱਕ ਸੰਭਵ ਬਣਾਈ ਜਾਵੇ। ਉਹਨਾਂ ਕਿਹਾ ਕਿ ਵਿਭਾਗ ਦਾ ਇਹ ਯਤਨ ਹੈ ਭਵਿੱਖ ਵਿੱਚ ਵੀ ਅਜੇਹੇ ਸਮਾਗਮਾਂ ਦੀ ਲਗਾਤਾਰਤਾ ਬਰਕਰਾਰ ਰੱਖੀ ਜਾਵੇ।