ਭਾਰਤ ਜਨ ਗਿਆਨ ਵਿਗਿਆਨ ਜਥਾ ਅਤੇ ਸਕੂਲ ਆਫ ਐਮੀਨੈਂਸ ਸੇਖੇਵਾਲ ਵੱਲੋਂ ਕੌਮੀ ਵਿਗਿਆਨ ਦਿਵਸ ਮਨਾਇਆ ਗਿਆ.
ਲੁਧਿਆਣਾ (ਇੰਦਰਜੀਤ) - ਭਾਰਤ ਜਨ ਗਿਆਨ ਵਿਗਿਆਨ ਜਥਾ ਵੱਲੋਂ ਅੱਜ ਇੱਥੇ ਸਕੂਲ ਆਫ ਐਮੀਨੈਂਸ ਸੇਖੇਵਾਲ ਵਿਖੇ ਕੌਮੀ ਵਿਗਿਆਨ ਦਿਵਸ ਮਨਾਇਆ ਗਿਆ ਜਿਸ ਦਾ ਵਿਸ਼ਾ ਸੀ 'ਸਰਬ ਪੱਖੀ ਵਿਕਾਸ ਅਤੇ ਵਿਗਿਆਨਿਕ ਸੋਚ'। ਸਕੂਲ ਦੇ ਪ੍ਰਿੰਸੀਪਲ ਸ੍ਰੀ ਨਰੇਸ਼ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕੌਮੀ ਵਿਗਿਆਨ ਦਿਵਸ ਦੇ ਮਹੱਤਵ ਬਾਰੇ ਬੱਚਿਆਂ ਨਾਲ ਵਿਚਾਰ ਸਾਂਝੇ ਕੀਤੇ।ਇਸ ਮੌਕੇ ਵਿਚਾਰ ਚਰਚਾ ਕੀਤੀ ਗਈ ਜਿਸ ਵਿੱਚ ਬੱਚਿਆਂ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਅਤੇ ਭਾਸ਼ਣ ਪ੍ਰਤੀ ਯੋਗਤਾ ਕਰਵਾਈ ਗਈ। ਭਾਰਤ ਜਨ ਗਿਆਨ ਜਥਾ ਦੇ ਸਕੱਤਰ ਮਨਿੰਦਰ ਸਿੰਘ ਭਾਟੀਆ ਨੇ ਜਥੇ ਦੇ ਇਤਿਹਾਸ ਅਤੇ ਇਸ ਵੱਲੋਂ ਵਾਤਾਵਰਨ ਦੀ ਸੰਭਾਲ ਲਈ 1992 ਤੋਂ ਸਕੂਲਾਂ, ਕਾਲਜਾਂ ਅਤੇ ਜਨਤਕ ਥਾਵਾਂ ਤੇ ਪਾਏ ਜਾ ਰਹੇ ਯੋਗਦਾਨ ਬਾਰੇ ਦੱਸਿਆ। ਜੱਥੇ ਦੇ ਪ੍ਰਧਾਨ ਨੈਸ਼ਨਲ ਅਤੇ ਸਟੇਟ ਅਵਾਰਡੀ ਰਣਜੀਤ ਸਿੰਘ ਜੀ ਨੇ ਸੀ.ਵੀ.ਰਮਨ ਦੀ ਜੀਵਨੀ ਅਤੇ ਉਹਨਾਂ ਦੁਆਰਾ ਪਾਏ ਗਏ ਯੋਗਦਾਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਹਨਾਂ ਤੋਂ ਬਾਅਦ ਜੱਥੇ ਦੇ ਜਥੇਬੰਦਕ ਸਕੱਤਰ ਡਾਕਟਰ ਰਜਿੰਦਰ ਪਾਲ ਸਿੰਘ �"ਲਖ ਨੇ ਸਮਾਜ ਦੇ ਸਰਬ ਪੱਖੀ ਵਿਕਾਸ ਵਿੱਚ ਵਿਗਿਆਨਿਕ ਸੋਚ ਦੀ ਅਹਿਮੀਅਤ ਬਾਰੇ ਆਪਣੇ ਵਿਚਾਰ ਰੱਖੇ ਅਤੇ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਲਈ ਬੜਾ ਨਿਗੂਨਾ ਜਿਹਾ ਬਜਟ ਰੱਖਣ ਬਾਰੇ ਚਿੰਤਾ ਜਾਹਿਰ ਕੀਤੀ। ਉਹਨਾਂ ਨੇ ਬੱਚਿਆਂ ਨਾਲ ਵਿਗਿਆਨਕ ਸੋਚ ਦੇ ਧਾਰਨੀ ਬਣਨ ਲਈ ਸਵਾਲ ਜਵਾਬ ਵੀ ਸਾਂਝੇ ਕੀਤੇ।16 ਬੱਚਿਆਂ ਵੱਲੋਂ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਹਿੱਸਾ ਲਿਆ ਗਿਆ ਜਿਨ੍ਹਾਂ ਵਿੱਚੋ ਪਹਿਲੇ ਸਥਾਨ ਤੇ ਸੁਮੀਤ, ਦੂਸਰੇ ਸਥਾਨ ਤੇ ਰਿਤੇਸ਼ ਅਤੇ ਤੀਸਰੇ ਸਥਾਨ ਤੇ ਅਜੇ ਆਇਆ। ਇਸੇ ਤਰ੍ਹਾਂ ਛੇ ਬੱਚਿਆਂ ਵੱਲੋਂ ਭਾਸ਼ਣ ਪ੍ਰਤੀ ਯੋਗਤਾ ਵਿੱਚ ਹਿੱਸਾ ਲਿਆ। ਪਹਿਲੇ ਸਥਾਨ ਤੇ ਜੋਤੀ, ਦੂਜੇ ਸਥਾਨ ਤੇ ਸੁਮੀਤ ਅਤੇ ਤੀਜੇ ਸਥਾਨ ਤੇ ਜੀਆ ਆਈ। ਪਹਿਲੇ ਤਿੰਨ ਜੇਤੂਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਭਾਰਤ ਜਨ ਗਿਆਨ ਵਿਗਿਆਨ ਜਥਾ ਵੱਲੋਂ ਸਨਮਾਨ ਦੇ ਤੌਰ ਤੇ ਸਕੂਲ ਦੇ ਪ੍ਰਿੰਸੀਪਲ ਨੂੰ ਸੋਵੀਨਾਰ ਭੇਂਟ ਕੀਤਾ ਗਿਆ। ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਨ ਦੇ ਤੌਰ ਤੇ ਨੋਟ ਬੁੱਕ ਦਿੱਤੀਆਂ ਗਈਆਂ। ਦੋਹਾਂ ਪ੍ਰਤੀਯੋਗਤਾਵਾਂ ਦਾ ਨਤੀਜਾ ਮਾਹਿਰਾਂ ਦੀਆਂ ਟੀਮਾਂ ਵੱਲੋਂ ਤਿਆਰ ਕੀਤਾ ਗਿਆ, ਜਿਸ ਨੂੰ ਜੱਥੇ ਦੀ ਅਹੁਦੇਦਾਰ ਸਟੇਟ ਅਵਾਰਡੀ ਰੂਮਾਨੀ ਵੱਲੋਂ ਘੋਸ਼ਿਤ ਕੀਤਾ ਗਿਆ। ਸਟੇਜ ਦੀ ਕਾਰਵਾਈ ਮੈਡਮ ਨੀਰੂ ਪਰਿਹਾਰ ਵੱਲੋਂ ਚਲਾਈ ਗਈ। ਉਹਨਾਂ ਤੋਂ ਇਲਾਵਾ ਸਕੂਲ ਦੇ ਸਟਾਫ ਜਿਹਨਾਂ ਵਿੱਚ ਮੈਡਮ ਵਰਿੰਦਰਾ ਪਰਵੀਨ, ਮੈਡਮ ਗੁਰਪ੍ਰੀਤ ਕੋਰ, ਮੈਡਮ ਭਾਰਤੀ ਅਤੇ ਸਤਿੰਦਰ ਸਿੰਘ ਸ਼ਾਮਿਲ ਸਨ, ਨੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਪੂਰਾ ਪੂਰਾ ਸਹਿਯੋਗ ਦਿੱਤਾ। ਭਾਰਤ ਜਨ ਗਿਆਨ ਵਿਗਿਆਨ ਜੱਥਾ ਵੱਲੋਂ ਡਾਕਟਰ ਗੁਰਪ੍ਰੀਤ ਸਿੰਘ ਰਤਨ ਅਤੇ ਸ਼੍ਰੀ ਕੇਵਲ ਸਿੰਘ ਬਣਵੈਤ ਵੀ ਸਮਾਗਮ ਵਿੱਚ ਹਾਜ਼ਰ ਸਨ।
