ਗੁਰਮਤਿ ਗਿਆਨ ਮਿਸ਼ਨਰੀ ਕਾਲਜਾਂ ਦੀ ਸਾਂਝੀ ਵੀਚਾਰ ਗੋਸ਼ਟੀ ਕਰਵਾਈ ਗਈ.
ਲੁਧਿਆਣਾ 1 ਮਾਰਚ (ਰਾਕੇਸ਼ ਅਰੋੜਾ) - ਪਿਛਲੇ ਸਮੇਂ ਤੋਂ ਹਰ ਸਾਲ ਸਾਰੇ ਮਿਸ਼ਨਰੀ ਕਾਲਜਾਂ ਦੀ ਸਾਂਝੀ ਵੀਚਾਰ ਗੋਸ਼ਟੀ ਹੁੰਦੀ ਹੈ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਚੌਥੀ ਮਿਸ਼ਨਰੀ ਕਾਲਜਾਂ ਦੀ ਸਾਂਝੀ ਵੀਚਾਰ ਗੋਸ਼ਟੀ ਕਰਵਾਈ ਗਈ। ਜਿਸ ਵਿੱਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ, ਸਾਹਿਬਜਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਰੋਪੜ ਅਤੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਨੇ ਹਿੱਸਾ ਲਿਆ। ਜਿਸ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਕੀਤੀ ਗਈ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਡਾ: ਗੁਰਮੇਲ ਸਿੰਘ ਜੀ ਨੇ ਇਤਿਹਾਸਕ ਗੁਰਦੁਆਰਿਆਂ ਵਿੱਚ ਸਿੱਖ ਰਹਿਤ ਮਰਿਯਾਦਾ ਦੀ ਪਹਿਰੇਦਾਰੀ ਤੇ ਆਪਣੇ ਵੀਚਾਰ ਸਾਂਝੇ ਕੀਤੇ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਭਾਈ ਨਛੱਤਰ ਸਿੰਘ ਬ੍ਰਹਮਜੀਤ ਜੀ ਨੇ ਗੁਰਬਾਣੀ ਅਤੇ ਇਤਿਹਾਸ ਵਿੱਚ ਸੇਵਾ ਸੰਕਲਪ ਦੀ ਵਿਸ਼ਾਲਤਾ ਬਾਰੇ ਚਾਨਣਾ ਪਾਇਆ। ਗਿਆਨੀ ਕੇਵਲ ਸਿੰਘ ਜੀ ਨੇ ਵਿਚਾਰ ਸਾਂਝੇ ਕੀਤੇ ਕਿ ਇੱਕ ਪ੍ਰਚਾਰਕ ਨੂੰ ਸੇਵਕ ਵੀ ਬਣਨਾ ਚਾਹੀਦਾ ਹੈ। ਦੂਸਰਾ ਸਾਡੀਆਂ ਕਈ ਸੰਸਥਾਵਾਂ ਸਿੱਖ ਰਹਿਤ ਮਰਿਯਾਦਾ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ।
ਪ੍ਰਿੰਸੀਪਲ ਬਲਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੋਪੜ ਨੇ ਭਗਤ ਬਾਣੀ 'ਚ ਕਰਮਕਾਂਡ ਦਾ ਖੰਡਨ ਅਤੇ ਗੁਰਮਤਿ ਸਿਧਾਤਾਂ ਦੀ ਦ੍ਰਿੜਤਾ ਤੇ ਪਹਿਰਾ ਦੇਣ ਲਈ ਸੰਗਤਾਂ ਨਾਲ ਵੀਚਾਰ ਸਾਂਝੇ ਕੀਤੇ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਜੀ ਨੇ ਗੁਰਮਤਿ ਪ੍ਰਚਾਰ ਵਿੱਚ ਮਿਸ਼ਨਰੀ ਕਾਲਜਾਂ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਭਾਈ ਸੁਖਵਿੰਦਰ ਸਿੰਘ ਦਦੇਹਰ ਜੀ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ। ਭਾਈ ਸਰਬਜੀਤ ਸਿੰਘ ਧੂੰਦਾ ਜੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਨੇ ਵਿਚਾਰ ਸਾਂਝੇ ਕੀਤੇ, ਸ: ਰਣਜੋਧ ਸਿੰਘ ਪ੍ਰਧਾਨ ਰਾਮਗੜੀਆ ਐਜੂਕੇਸ਼ਨ ਕੌਂਸਲ ਨੇ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕੀਤੇ । ਅੰਤ ਵਿੱਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਚੇਅਰਮੈਨ ਰਾਣਾ ਇੰਦਰਜੀਤ ਸਿੰਘ ਜੀ ਨੇ ਆਈਆਂ ਸੰਗਤਾਂ ਨੂੰ ਜੀ ਆਇਆਂ ਕਿਹਾ ਅਤੇ ਧੰਨਵਾਦ ਕੀਤਾ। ਅਮਰਜੀਤ ਸਿੰਘ ਵਾਈਸ ਚੇਅਰਮੈਨ, ਜੋਗਿੰਦਰ ਸਿੰਘ ਚੇਅਰਮੈਨ ਚੌਤਾਂ ਕਾਲਜ, ਗੁਰਜੀਤ ਸਿੰਘ ਆਜਾਦ, ਪਰਮਜੀਤ ਸਿੰਘ ਚੰਡੀਗੜ੍ਹ, ਪ੍ਰਭਕੀਰਤਨ ਸਿੰਘ, ਨਰਿੰਦਰ ਸਿੰਘ ਜਰਮਨੀ, ਗਿਆਨੀ ਕੇਵਲ ਸਿੰਘ, ਗੁਰਮਤਿ ਗਿਆਨ ਚੈਰੀਟੇਬਲ ਟਰੱਸਟ ਦੇ ਟਰੱਸਟੀ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਅਧਿਆਪਕ ਅਤੇ ਪ੍ਰਬੰਧਕ ਵੀਰਾਂ ਨੇ ਹਾਜ਼ਰੀ ਭਰੀ। ਡਾ: ਅਜੀਤ ਕੌਰ ਪ੍ਰਿੰਸੀਪਲ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਜੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਸਰਦਾਰ ਗੁਰਨੇਕ ਸਿੰਘ ਰਿਟ: ਪ੍ਰਿੰਸੀਪਲ ਰਾਮਗੜੀਆ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
