ਕੇਂਦਰੀ ਟਰੇਡ ਯੂਨੀਅਨਾਂ ਵਲੋਂ ਦੇਸ਼ ਵਿਆਪੀ ਅੰਦੋਲਨ ਦਾ ਸੱਦਾ*.

 

*ਚਾਰ ਕਿਰਤ ਕੋਡ ਖਤਮ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ 20 ਮਈ 2025 ਨੂੰ ਦੇਸ਼ ਵਿਆਪੀ ਆਮ ਹੜਤਾਲ*


*ਇੰਡੀਅਨ ਲੇਬਰ ਕਾਨਫਰੰਸ ਸੱਦਣ ਅਤੇ ਜਨਤਕ ਖੇਤਰ ਦੇ ਅਦਾਰਿਆਂ ਅਤੇ ਜਨਤਕ ਸੇਵਾਵਾਂ ਦਾ ਨਿੱਜੀਕਰਨ ਬੰਦ ਕਰਨ ਦੀ ਕੀਤੀ ਮੰਗ*


 ਲੁਧਿਆਣਾ - (ਇੰਦਰਜੀਤ) ; ਕੇਂਦਰੀ ਟਰੇਡ ਯੂਨੀਅਨਾਂ ਅਤੇ ਸੁਤੰਤਰ ਖੇਤਰੀ ਫੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਦੇ ਸਾਂਝੇ ਮੋਰਚੇ ਵਲੋਂ  ਮਜ਼ਦੂਰਾਂ ਦਾ ਰਾਸ਼ਟਰੀ ਸੰਮੇਲਨ ਆਯੋਜਿਤ ਕੀਤਾ ਗਿਆ।  ਇਸ ਸਾਂਝੇ ਸੰਮੇਲਨ ਵੱਲੋਂ  ਭਾਜਪਾ ਸਰਕਾਰ ਦੀਆਂ ਮਜ਼ਦੂਰ- ਵਿਰੋਧੀ, ਕਿਸਾਨ-ਵਿਰੋਧੀ ਅਤੇ ਲੋਕ-ਵਿਰੋਧੀ ਨੀਤੀਆਂ ਦੇ ਵਿਰੁੱਧ ਵਿਰੋਧ ਪ੍ਰਗਟ ਕਰਨ ਲਈ ਏਕਤਾ ਦਾ ਪ੍ਰਦਰਸ਼ਨ ਕੀਤਾ ਗਿਆ । ਇਸ ਵਿੱਚ ਦੋ ਮਹੀਨੇ ਚੱਲਣ ਵਾਲੀ  ਮੁਹਿੰਮ ਤੋਂ ਬਾਅਦ 20 ਮਈ 2025 ਨੂੰ ਦੇਸ਼ ਵਿਆਪੀ ਆਮ ਹੜਤਾਲ   ਦਾ ਐਲਾਨ ਜਾਰੀ ਕੀਤਾ ਹੈ।


 ਇਸ ਸੰਮੇਲਨ ਨੇ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੰਗੀਆਂ ਚਿਟੀਆਂ ਨੀਤੀਆਂ ਜਿਹਨਾਂ  ਸਦਕਾ ਸਰਕਾਰ ਪੱਖੀ ਪੂੰਜੀਪਤੀਆਂ ਦੀ ਅਜਾਰੇਦਾਰੀ ਸਥਾਪਿਤ ਕੀਤੀ ਜਾ ਰਹੀ ਹੈ ਤੇ ਇਹ ਨੀਤੀਆਂ ਦੇਸ਼ ਦੀ ਸਮੁੱਚੀ ਆਰਥਿਕ ਭਲਾਈ ਲਈ ਨੁਕਸਾਨਦੇਹ ਹਨ, 'ਤੇ ਤਿੱਖਾ ਹਮਲਾ ਕੀਤਾ। ਇੱਕ ਸਪੱਸ਼ਟ ਸੁਰ ਅਤੇ ਅਡੋਲ ਵਿਸ਼ਵਾਸ ਨਾਲ ਸੰਮੇਲਨ ਨੇ ਇੱਕ ਦ੍ਰਿੜ ਸੰਦੇਸ਼ ਭੇਜਿਆ ਹੈ ਕਿ  ਵਾਲੇ ਭਾਰਤ ਦੇ ਮਿਹਨਤਕਸ਼ ਲੋਕ, ਆਪਣੀ ਮਿਹਨਤ ਨਾਲ ਪੈਦਾ ਕੀਤੀ ਦੌਲਤ,  ਸਰਕਾਰੀ ਪੂੰਜੀਪਤੀਆਂ ਨੂੰ ਲੁੱਟਣ ਦੀ ਇਜਾਜ਼ਤ ਨਹੀਂ ਦੇਣਗੇ  । 

ਕਨਵੈਨਸ਼ਨ ਨੇ ਸਰਬਸੰਮਤੀ ਨਾਲ ਇੱਕ ਐਲਾਨਨਾਮਾ ਅਪਣਾਇਆ ਜੋ ਕਿ ਐਨਡੀਏ ਸਰਕਾਰ ਨੂੰ ਮਿਹਨਤਕਸ਼ ਲੋਕਾਂ 'ਤੇ ਦੁੱਖਾਂ ਦਾ ਪਹਾੜ ਡੇਗਣ, ਕਾਰਪੋਰੇਟ ਪੱਖੀ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਲਈ ਦੋਸ਼ੀ ਠਹਿਰਾਉਂਦਾ ਹੈ ਜਿਸ ਦੇ ਨਤੀਜੇ ਵਜੋਂ ਬੇਰੁਜ਼ਗਾਰੀ, ਗਰੀਬੀ ਅਤੇ ਅਸਮਾਨਤਾ ਦਾ ਇੱਕ ਤਕੜਾ ਤੂਫਾਨ ਆਇਆ ਹੈ।


 ਮਜ਼ਦੂਰਾਂ ਦੇ ਰਾਸ਼ਟਰੀ ਸੰਮੇਲਨ ਦਾ ਐਲਾਨ, ਕਿਰਤ ਕੋਡਾਂ ਨੂੰ ਖਤਮ ਕਰਨ ਦੀ ਆਪਣੀ ਅਟੱਲ ਮੰਗ ਨੂੰ ਦੁਹਰਾਉਣ ਤੋਂ ਇਲਾਵਾ, ਇਸਦੇ 17-ਨੁਕਾਤੀ ਮੰਗਾਂ  ਦੀ ਪੁਸ਼ਟੀ ਕਰਦਾ ਹੈ ਅਤੇ ਨਵ-ਉਦਾਰਵਾਦ ਪੱਖੀ ਵਿਨਾਸ਼ਕਾਰੀ ਨੀਤੀਆਂ ਦਾ ਬਦਲ ਵੀ ਪੇਸ਼ ਕਰਦਾ ਹੈ।


ਇਸ ਸੰਮੇਲਨ ਨੇ ਇੱਕ ਬੁਲੰਦ ਆਵਾਜ਼ ਵਿਚ ਏਕਤਾ ਦਾ ਸੁਨੇਹਾ ਦਿੱਤਾ ਹੈ ਜੋ ਕਿ  ਐਨਡੀਏ ਸਰਕਾਰ ਦੇ ਮਜ਼ਦੂਰਾਂ ਨੂੰ ਧਰਮ, ਖੇਤਰ, ਜਾਤ, ਸੱਭਿਆਚਾਰ, ਭਾਸ਼ਾ ਆਦਿ ਦੇ ਆਧਾਰ 'ਤੇ ਵੰਡਣ ਦੇ ਸਾਰੇ ਘਿਣਾਉਣੇ ਯਤਨਾਂ ਨੂੰ ਨਾਕਾਮ ਕਰ ਦੇਵੇਗਾ ।

ਸੰਮੇਲਨ ਵਿੱਚ ਜਨਤਕ ਖੇਤਰ ਦੇ ਅਦਾਰਿਆਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ।

ਸੰਮੇਲਨ ਨੂੰ ਸੰਬੋਧਨ ਕਰਨ ਵਾਲੇ ਸਾਰੇ ਆਗੂਆਂ ਨੇ ਐਲਾਨਨਾਮੇ ਦਾ ਸਮਰਥਨ ਕੀਤਾ ਜਿਨ੍ਹਾਂ ਵਿੱਚ ਇੰਟਕ ਤੋਂ ਅਸ਼ੋਕ ਸਿੰਘ, ਏਟਕ ਤੋਂ ਅਮਰਜੀਤ ਕੌਰ, ਐਚ.ਐਮ.ਐਸ ਤੋਂ ਹਰਭਜਨ ਸਿੰਘ, ਸੀਟੂ ਤੋਂ ਤਪਨ ਸੇਨ, ਏਆਈਯੂਟੀਯੂਸੀ ਤੋਂ ਹਰੀਸ਼ ਤਿਆਗੀ, ਟੀਯੂਸੀਸੀ ਤੋਂ ਕੇ ਇੰਦੂ ਪ੍ਰਕਾਸ਼ ਮੈਨਨ, ਸੇਵਾ ਤੋਂ ਲਤਾ ਬੇਨ, ਏਆਈਸੀਸੀਟੀਯੂ ਤੋਂ ਰਾਜੀਵ ਡਿਮਰੀ, ਐਲਪੀਐਫ ਤੋਂ ਜਵਾਹਰ ਪ੍ਰਸਾਦ ਅਤੇ ਯੂਟੀਯੂਸੀ ਤੋਂ ਅਸ਼ੋਕ ਘੋਸ਼ ਸ਼ਾਮਲ ਸਨ।