ਮਜ਼੍ਹਬੀ ਸਿੱਖ/ ਵਾਲਮੀਕੀ ਭਾਈਚਾਰੇ ਦੀ ਦਸ਼ਾ ਅਤੇ ਦਿਸ਼ਾ ਉਪਰ ਸੂਬਾ ਪੱਧਰੀ ਸੈਮੀਨਾਰ ਕਰਵਾਇਆ.

 

ਲੁਧਿਆਣਾ, 24 ਮਾਰਚ (ਤਮੰਨਾ ਬੇਦੀ) - ਮੱਜਬੀ ਸਿੱਖ /ਵਾਲਮੀਕੀ ਭਲਾਈ ਮੰਚ ਪੰਜਾਬ ਵਲੋਂ ਪ੍ਰਗਟ ਸਿੰਘ ਰਾਜੋਆਣਾ ਦੀ ਅਗਵਾਈ ਹੇਠ ਵਾਲਮੀਕੀ/ਮਜ਼੍ਹਬੀ ਸਿੱਖ ਅਤੇ ਵਾਲਮੀਕੀ ਭਾਈਚਾਰੇ ਦੀ ਦਸ਼ਾ ਤੇ ਦਿਸ਼ਾ ਉਪਰ ਸ੍ਰੀ ਗੁਰੂ ਨਾਨਕ ਦੇਵ ਭਵਨ ਲੁਧਿਆਣਾ ਵਿਚ ਸੂਬਾ ਪੱਧਰੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ  ਲਾਭ ਸਿੰਘ ਉਗੋਕੇ ਬਤੌਰ ਮੁੱਖ ਮਹਿਮਾਨ ਵਜੋਂ ਪੁੱਜੇ ਜਦਕਿ ਚਰਨਜੀਤ ਸਿੰਘ ਅਟਵਾਲ ਸਾਬਕਾ ਡਿਪਟੀ ਸਪੀਕਰ ਲੋਕ-ਸਭਾ ਨਵੀਂ ਦਿੱਲੀ ਭਾਰਤ ਸਰਕਾਰ ਨੇ ਸੈਮੀਨਾਰ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਵਿਧਾਇਕ ਉੱਗੋਕੇ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਮੁੱਚੇ ਦੇਸ਼ ਵਿੱਚ ਮੱਜਬੀ ਸਿੱਖ ਅਤੇ ਵਾਲਮੀਕੀ ਭਾਈਚਾਰੇ ਦੀ ਹਰ ਖੇਤਰ ਵਿੱਚ ਦਸ਼ਾ ਅਤੇ ਦਿਸ਼ਾ ਬਹੁਤ ਮਾੜੀ ਹੈ ਜਦਕਿ ਇਸ ਵਰਗ ਦੀ ਅਬਾਦੀ ਬਹੁਤ ਜਿਆਦਾ ਹੈ। ਇਹ ਵਰਗ ਦੇਸ਼ ਦੀ ਅਜ਼ਾਦੀ ਦੇ 77-78 ਬੀਤ ਜਾਣ ਦੇ ਬਾਵਜੂਦ ਵੀ ਆਰਥਿਕ, ਸਮਾਜਿਕ, ਰਾਜਨੀਤਕ, ਸੱਭਿਆਚਾਰਕ ਸਮੇਤ ਹਰ ਖੇਤਰ ਵਿੱਚ ਬਹੁਤ ਪੱਛੜਿਆ ਹੋਇਆ ਹੈ। ਇਸ ਵਰਗ ਨੇ ਨਾ ਤਾਂ ਪਹਿਲਾਂ ਅਤੇ ਨਾ ਹੀ ਹੁਣ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਅਤੇ ਨਾ ਹੀ ਬਾਬਾ ਜੀਵਨ ਸਿੰਘ ਵਰਗੇ ਮਹਾਨ ਯੋਧਿਆਂ ਅਤੇ ਰਹਿਬਰਾਂ ਵਲੋਂ ਵਿਖਾਏ ਰਸਤੇ ਉਪਰ ਚਲਣ ਦੀ ਕੋਸ਼ਿਸ਼ ਕੀਤੀ ਹੈ। ਆਰਥਿਕ ਮੰਦਹਾਲੀ ਕਾਰਨ ਇਹ ਵਰਗ ਵਿੱਦਿਅਕ, ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਕ ਤੌਰ 'ਤੇ ਬੁਰੀ ਤਰ੍ਹਾਂ ਪੱਛੜ ਕੇ ਰਹਿ ਗਿਆ ਹੈ। ਜਦੋਂ ਤਕ ਇਸ ਵਰਗ ਦੇ ਬੱਚੇ ਵਿਦਿਅਕ ਅਦਾਰਿਆਂ ਵਲ ਰੁਖ ਨਹੀਂ ਕਰਦੇ, ਉਦੋਂ ਤੱਕ ਪੱਛੜੇਪਨ ਤੋਂ ਖਹਿੜਾ ਛੁਡਾਉਣਾ ਮੁਸ਼ਕਿਲ ਹੈ। ਵਿੱਦਿਆ ਦੀ ਘਾਟ ਹੋਣ ਕਾਰਨ ਇਸ ਵਰਗ ਵਿੱਚ ਏਕੇ ਦੀ ਘਾਟ ਹੈ, ਜਦ ਕਿ ਇਸ ਵਰਗ ਦੀ ਅਬਾਦੀ ਬਹੁਤ ਹੈ। ਉਨ੍ਹਾਂ ਅੱਗੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਨੂੰ ਸਮਝਦਿਆਂ ਇਸ ਵਰਗ ਨੂੰ ਰਾਜਨੀਤਿਕ ਖੇਤਰ ਵਲ ਕੁੱਦਣ ਦੀ ਜਰੂਰਤ ਹੈ। ਇਸ ਮੌਕੇ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ ਅਟਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੱਕ ਦੇਸ਼ ਵਿਚ ਵਿੱਦਿਅਕ ਢਾਂਚਾ ਇਕ ਸਮਾਨ ਨਹੀਂ ਹੁੰਦਾ ਉਦੋ ਤੱਕ ਗਰੀਬ ਵਰਗ ਦੇ ਬੱਚੇ ਅਮੀਰਾਂ ਦੇ ਬੱਚਿਆਂ ਬਰਾਬਰ ਆ ਕੇ ਨਹੀਂ ਬੈਠ ਸਕਦੇ। ਇਸ ਦੇਸ਼ ਵਿੱਚ ਦੋ ਤਰ੍ਹਾਂ ਦੇ ਵਿੱਦਿਅਕ ਅਦਾਰੇ ਹਨ, ਇੱਕ ਗਰੀਬਾਂ ਲਈ ਜਦ ਕਿ ਇੱਕ ਅਮੀਰਾਂ ਲਈ ਹਨ। ਅਮੀਰ ਬੱਚੇ ਪੜ੍ਹਕੇ ਆਈ. ਏ. ਐੱਸ., ਆਈ. ਪੀ. ਐੱਸ.  ਪੀ. ਸੀ. ਐੱਸ., ਜੱਜ, ਇੰਜੀਨੀਅਰ, ਪ੍ਰੋਫੈਸਰ ਅਤੇ ਮੈਨੇਜਰ ਬਣਦੇ ਹਨ ਜਦਕਿ ਗਰੀਬਾਂ ਦੇ ਬੱਚੇ ਤੀਜਾ ਅਤੇ ਚੌਥਾ ਦਰਜਾ ਦੇ ਅਹੁਦਿਆਂ ਤੱਕ ਸੀਮਿਤ ਹੋ ਕੇ ਰਹਿ ਜਾਂਦੇ ਹਨ। ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਮੱਜਬੀ ਸਿੱਖ ਅਤੇ ਵਾਲਮੀਕੀ ਭਾਈਚਾਰਾ ਬਹੁਤ ਪੱਛੜ ਚੁੱਕਿਆ ਹੈ। ਇਸ ਵਰਗ ਨੂੰ ਅੱਗੇ ਆਉਣ ਲਈ ਰਾਜਨੀਤੀ ਵਿੱਚ ਆਉਣਾ ਚਾਹੀਦਾ ਹੈ। ਪੰਜਾਬ ਦੀ ਰਾਜਨੀਤੀ ਗੁਰਦੁਆਰਿਆਂ ਤੋਂ ਸ਼ੁਰੂ ਹੁੰਦੀ ਹੈ, ਇਸ ਲਈ ਇਸ ਵਰਗ ਨੂੰ ਗੁਰਦੁਆਰਿਆਂ ਦੀ ਰਾਜਨੀਤੀ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਇੱਕ ਮੁੱਠਤਾ ਵਿਖਾਉਣੀ ਚਾਹੀਦਾ ਹੈ, ਕਿਉਂਕਿ ਏਕੇ ਵਿਚ ਬਲ ਹੁੰਦਾ ਹੈ। ਇਸ ਮੌਕੇ ਕਮਾਂਡੈਂਟ ਜਸਕਰਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਇਸ ਵਰਗ ਦਾ ਦਰਦ ਸੁਣਨ ਲਈ ਕੋਈ ਵੀ ਨਹੀਂ ਹੈ। ਨਿੱਕੀਆਂ ਨਿੱਕੀਆਂ ਲੜਾਈਆਂ-ਝਗੜਿਆਂ ਕਾਰਨ ਜੇਲ੍ਹਾਂ ਵਿੱਚ ਇਸ ਵਰਗ ਦੇ ਲੋਕ ਸਜਾਵਾਂ ਭੁਗਤਣ ਲਈ ਮਜ਼ਬੂਰ ਹਨ, ਕੋਈ ਇਨ੍ਹਾਂ ਦਾ ਕੇਸ ਲੜਨ ਜਾਂ ਜਮਾਨਤ ਦੇਣ ਲਈ ਤਿਆਰ ਨਹੀਂ, ਜਦ ਕਿ ਅਮੀਰ ਵੱਡੇ ਵੱਡੇ ਗੁਨਾਹਾਂ ਵਿਚੋਂ ਬਰੀ ਹੋ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਇਸ ਵਰਗ ਦੇ ਲੋਕਾਂ ਕੋਲ ਤਾਂ ਕਿਸੇ ਗੰਭੀਰ ਬਿਮਾਰੀ ਦੀ ਸੂਰਤ ਵਿੱਚ ਇਲਾਜ ਕਰਵਾਉਣ ਲਈ ਵੀ ਪੈਸੇ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਸੱਭ ਤੋਂ ਵੱਧ ਇਸ ਵਰਗ ਦੇ ਲੋਕ ਧਾਰਮਿਕ ਸਥਾਨਾਂ ਖਾਸ ਕਰਕੇ ਗੁਰਦੁਆਰਿਆਂ ਵਿੱਚ ਪਾਠੀ, ਕੀਰਤਨੀਏ ਤੇ ਸੇਵਾਦਾਰ ਹਨ, ਉਹ ਉਥੇ ਬੈਠ ਕੇ ਸਮਾਜ ਦੀ ਗੱਲ ਕਰ ਸਕਦੇ ਹਨ। ਇਸ ਬੁੱਧੀਜੀਵੀ ਭਗਵਾਨ ਸਿੰਘ ਮੱਟੂ,ਦਰਸ਼ਨ ਰਤਨ ਰਾਵਣ,ਹਰਜਿੰਦਰ ਸਿੰਘ ਮੌਰੀਆ, ਪ੍ਰਿੰਸੀਪਲ ਇਕਬਾਲ ਕੌਰ ਉਦਾਸੀ ਭਾਰਤ ਭੂਸ਼ਣ ਮੱਟੂ, ਨੇਤਾ ਜੀ ਸੌਂਧੀ ਪ੍ਰਧਾਨ ਮੁਲਾਜਮ ਵਿੰਗ ਪੰਜਾਬ , ਸੁਖਮੰਦਰ ਸਿੰਘ ਗੱਜਣਵਾਲਾ ਆਦਿ ਆਗੂਆਂ ਨੇ ਸੰਬੋਧਨ  ਸੈਮੀਨਾਰ  'ਚ  ਜੂੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੱਜਬੀ ਸਿੱਖ/ ਵਾਲਮੀਕੀ ਭਾਈਚਾਰੇ ਦੀ  ਦਸ਼ਾ ਤੇ ਦਿਸ਼ਾ ਤਾਂ ਹੀ ਸੁਧਰ ਸਕਦੀ ਹੈ ਜੇਕਰ ਉਹ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਸੰਘਰਸ਼ ਕਰਨ ਅਤੇ ਇਸ ਕਾਰਜ ਲਈ ਰਾਜਨੀਤਕ, ਨੌਕਰੀਸ਼ੁਦਾ ਅਤੇ ਵਪਾਰ ਨਾਲ ਜੁੜੇ ਇਸ ਵਰਗ ਦੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ  ਭੁਪਿੰਦਰ ਸਿੰਘ ਮੱਟੂ ਸਾਬਕਾ ਭਾਸ਼ਾ ਅਫਸਰ, ਪ੍ਰਗਟ ਸਿੰਘ ਬੀਰ,,ਪਰਮਜੀਤ ਕੌਰ ਸਾਬਕਾ ਪ੍ਰਬੰਧ ਅਫ਼ਸਰ , ਉੱਘੇ ਬਿਜਨੈੱਸਮੈਨ ਆਰ. ਕੇ. ਮੱਟੂ ਫਗਵਾੜਾ,ਕਸ਼ਮੀਰ ਸਿੰਘ ਭੁਲੱਥ,ਕਿੰਦਰ ਸਿੰਘ ਲੱਧੜ,ਗੁਰਦਿਆਲ ਸਿੰਘ ਸਾਬਕਾ ਐਸ. ਡੀ. ਓ. ਡਾ: ਬਲਵਿੰਦਰ ਸਿੰਘ ਗਿੱਲ, ਸ਼ਿੰਦਰਪਾਲ ਸਿੰਘ ਸਾਬਕਾ ਐਸ. ਪੀ. ,  ਜਸਵਿੰਦਰ ਸਿੰਘ ਐਸ. ਐਚ. ਓ. ਦਵਿੰਦਰਜੀਤ ਧਾਲੀਵਾਲ, ਪਵਨਦੀਪ ਸਿੰਘ ਸਰੀ  ਗੰਗਾ ਨਗਰ ,ਸੁਖਪਾਲ ਗਲਾੜ, ਰਾਣਾ ਚੰਡੀਗੜ੍ਹੀਆ ,ਸਰਪੰਚ ਕੁਲਵਿੰਦਰ ਸਿੰਘ ਪੜੌਲ,ਸੂਬੇਦਾਰ ਨੰਦ ਸਿੰਘ ਗਿੱਲ, ਸੂਬੇਦਾਰ ਸੁਖਦੇਵ ਸਿੰਘ ਚਮਕੌਰ ਸਾਹਿਬ, ਡਾ ਜਸਵਿੰਦਰ ਸਿੰਘ ਬੰਗੀ,ਇਕਬਾਲ ਸਿੰਘ ਰਾਜੇਆਣਾ, ਕੌਂਸਲਰ ਪ੍ਰਿਥੀ ਸਿੰਘ ਬਾਘਾਪੁਰਾਣਾ ਅਤੇ ਮੁਲਾਜਮ ਯੂਨੀਅਨ ਪੰਜਾਬ ਦੇ ਆਗੂ ਅਵਤਾਰ ਸਿੰਘ ਗੁੱਜਰਵਾਲ ਤੋਂ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦਾ ਸਬੰਧਿਤ ਰਾਜਨੀਤਕ, ਸਮਾਜਿਕ, ਧਾਰਮਿਕ, ਮੁਲਾਜਮ, ਪੈਨਸ਼ਨਰਜ ਅਤੇ ਵੱਖ ਵੱਖ ਜਨਤਕ ਜਥੇਬੰਦੀਆਂ ਦੇ ਆਗੂ ਅਤੇ ਬੁੱਧੀਜੀਵੀ ਹਾਜਰ ਸਨ। ਇਸ ਮੌਕੇ ਕੁੱਝ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। 

ਫੋਟੋ - ਮੱਜਬੀ ਸਿੱਖ /ਵਾਲਮੀਕੀ ਭਾਈਚਾਰੇ ਵਲੋਂ ਕਰਵਾਏ ਗਏ ਸੈਮੀਨਾਰ ਦੌਰਾਨ ਵਿਧਾਇਕ ਲਾਭ ਸਿੰਘ ਉਗੋਕੇ, ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਲੋਕ ਸਭਾ, ਬੁੱਧੀਜੀਵੀ ਅਤੇ ਵੱਖ ਵੱਖ ਜਨਤਕ ਜਥੇਬੰਦੀਆਂ ਦੇ ਆਗੂ