ਪੰਜਾਬੀ ਕਵੀ ਦਰਸ਼ਨ ਖਟਕੜ ਨੂੰ ਹਰਭਜਨ ਹਲਵਾਰਵੀ ਸਾਹਿੱਤ ਪੁਰਸਕਾਰ ਨਾਲ ਹਲਵਾਰਾ ਵਿਖੇ ਸਨਮਾਨਿਤ ਕੀਤਾ ਜਾਵੇਗਾ- ਗੁਰਭਜਨ ਗਿੱਲ.

ਲਲਿਤ ਬੇਰੀ 

ਲੁਧਿਆਣਾ: 11 ਫਰਵਰੀ

ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਟਰਸਟ ਹਲਵਾਰਾ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਨੇ ਦੱਸਿਆ ਕਿ ਉੱਘੇ ਅਗਾਂਵਧੂ ਪੰਜਾਬੀ ਕਵੀ ਤੇ ਇਨਕਲਾਬੀ ਸੋਚ ਧਾਰਾ ਨੂੰ ਪਰਣਾਏ ਸ਼੍ਰੀ ਦਰਸ਼ਨ ਖਟਕੜ ਨੂੰ ਸਾਲ 2020 ਦਾ ਹਰਭਜਨ ਹਲਵਾਰਵੀ ਸਾਹਿੱਤ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ ਅਤੇ ਕਾਮਰੇਡ ਰਤਨ ਸਿੰਘ ਟਰੱਸਟ ਹਲਵਾਰਾ ਵੱਲੋਂ ਸਥਾਪਿਤ ਇਸ ਪੁਰਸਕਾਰ ਵਿੱਚ 21 ਹਜ਼ਾਰ ਰੁਪਏ ਦੀ ਧਨ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ, ਦੋਸ਼ਾਲਾ ਤੇ ਤਾਮਰ ਪੱਤਰ ਵੀ ਸ਼ਾਮਿਲ ਹੈ। 

ਸੰਗੀ ਸਾਥੀ ਅਤੇ ਉਲਟੇ ਰੁਖ਼ ਪਰਵਾਜ਼ ਕਾਵਿ ਰਚਨਾਵਾਂ ਦੇ ਸਿਰਜਕ ਦਰਸ਼ਨ ਖਟਕੜ ਦੇ ਜੀਵਨ ਸੰਘਰਸ਼ , ਰਚਨਾ  ਤੇ ਸ਼ਖ਼ਸੀਅਤ ਬਾਰੇ ਸੁਖਵਿੰਦਰ ਪੱਪੀ ਸੰਪਾਦਕ ਸਰੋਕਾਰ ਮੈਗਜ਼ੀਨ ਜਾਣਕਾਰੀ ਦੇਣਗੇ। 

ਪ੍ਰੋ:  ਗੁਰਭਜਨ ਗਿੱਲ ਦੀ ਅਗਵਾਈ ਚ ਬਣੀ ਪੁਰਸਕਾਰ ਚੋਣ ਕਮੇਟੀ ਚ ਸ਼ਾਮਿਲ ਡਾ: ਗੋਪਾਲ ਸਿੰਘ ਬੁੱਟਰ, ਡਾ: ਜਗਵਿੰਦਰ ਜੋਧਾ, ਡਾ: ਨਿਰਮਲ ਜੌੜਾ, ਮਨਜਿੰਦਰ ਧਨੋਆ ਤੇ ਸਰਬਜੀਤ ਸੋਹੀ ਨੇ ਸਰਬਸੰਮਤੀ ਨਾਲ ਦਰਸ਼ਨ ਖਟਕੜ ਜੀ ਨੂੰ ਸਨਮਾਨ ਦੇਣ ਦਾ ਫ਼ੈਸਲਾ ਕੀਤਾ ਹੈ। 

ਪ੍ਰੋ: ਗਿੱਲ ਨੇ ਦੱਸਿਆ ਕਿ ਪਿੰਡ ਹਲਵਾਰਾ (ਲੁਧਿਆਣਾ)ਵਿਖੇ ਹਰ ਸਾਲ ਕਰਵਾਇਆ ਜਾਂਦਾ ਇਸ ਵਾਰ ਦਾ ਤੀਸਰਾ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਸਮਾਰੋਹ’ 21 ਮਾਰਚ ਸ਼ਨੀਵਾਰ ਨੂੰ ਗੁਰੂ ਰਾਮ ਦਾਸ ਕਾਲਿਜ ਹਲਵਾਰਾ ਵਿਖੇ ਹੀ ਹੋਵੇਗਾ। ਸਮਾਗਮ ਦੀ ਪ੍ਰਧਾਨਗੀ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਲੇਖਕ ਤੇ ਹਰਭਜਨ ਹਲਵਾਰਵੀ ਜੀ ਦੇ ਨਿਕਟਵਰਤੀ ਸੱਜਣ ਡਾ: ਵਰਿਆਮ ਸਿੰਘ ਸੰਧੂ ਕਰਨਗੇ। ਵਿਸ਼ੇਸ਼ ਮਹਿਮਾਨ ਵਜੋਂ ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ(ਰਜਿ:)ਤੇ ਪ੍ਰੋ: ਰਵਿੰਦਰ ਸਿੰਘ ਭੱਠਲ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਸ਼ਾਮਿਲ ਹੋਣਗੇ।  

ਇਸ ਸਮਾਗਮ ਵਿੱਚ ਮਰਹੂਮ ਸ਼ਾਇਰ ਹਰਭਜਨ ਹਲਵਾਰਵੀ ਯਾਦਗਾਰੀ ਕਵੀ ਦਰਬਾਰ ਕਰਵਾਇਆ ਜਾਵੇਗਾ ਅਤੇ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਜਾਵੇਗੀ। 

ਇਸ ਮੌਕੇ ਹਰਭਜਨ ਹਲਵਾਰਵੀ ਜੀ ਦਾ ਪਰਿਵਾਰ ਅਤੇ ਆਸਟਰੇਲੀਆ ਤੋਂ ਕਾਮਰੇਡ ਰਤਨ ਸਿੰਘ ਹਲਵਾਰਾ ਜੀ ਦੇ ਸਪੁੱਤਰ ਸ੍ਰੀ ਦਲਵੀਰ ਸਿੰਘ ਹਲਵਾਰਵੀ ਪ੍ਰਧਾਨ ਇਪਸਾ ਤੇ ਹਰਭਜਨ ਹਲਵਾਰਵੀ ਜੀ ਦੀ ਜੀਵਨ ਸਾਥਣ ਪ੍ਰੋ: ਪ੍ਰਿਤਪਾਲ ਕੌਰ ,ਭਰਾ ਅਵਤਾਰ ਸਿੰਘ ਯੂ ਕੇ ਤੇ ਡਾ: ਨਵਤੇਜ ਸਿੰਘ ਹਲਵਾਰਵੀ ਸਾਬਕਾ ਪ੍ਰੋਫੈਸਰ ਤੇ ਮੁਖੀ ਇਤਿਹਾਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਹੋਣਗੇ।