ਅਲਵਿਦਾ! ਸੁਰਜੀਤ ਭਗਤ.

- ਅੰਤਿਮ ਸਸਕਾਰ ਅੱਜ ਮਾਡਲ ਟਾਊਨ ਐਕਸ: ਸ਼ਮਸ਼ਾਨਘਾਟ ਵਿਖੇ 12 ਵਜੇ


ਲੁਧਿਆਣਾ : ਲੰਮਾਂ ਸਮਾਂ ਰੋਜ਼ਾਨਾ 'ਅਜੀਤ' ਦੇ ਫਿਲਮ ਰਿਪੋਰਟਰ ਵਜੋਂ ਸੇਵਾ ਨਿਭਾਉਣ ਵਾਲੇ ਪ੍ਰਸਿੱਧ ਪੱਤਰਕਾਰ ਤੇ ਕਾਲਮ ਨਵੀਸ ਸੁਰਜੀਤ ਭਗਤ (63) ਸ਼ਨੀਵਾਰ ਸ਼ਾਮ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦਾ ਅੰਤਿਮ ਸਸਕਾਰ ਸੋਮਵਾਰ 32 ਮਾਰਚ ਦੁਪਹਿਰ 12 ਵਜੇ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। 

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਅਥਾਹ ਸਿੱਕ ਰੱਖਣ ਵਾਲੇ ਸੁਰਜੀਤ ਭਗਤ ਆਪਣੇ ਪਿਤਾ ਕਾਮਰੇਡ ਦੇਸਾ ਸਿੰਘ ਵਾਂਗ ਅਗਾਂਹਵਧੂ ਵਿਚਾਰਾਂ ਵਾਲੇ ਤਰਕਸ਼ੀਲ ਅਤੇ ਕਿਰਤ ਤੇ ਕਿਰਤੀ-ਪੱਖੀ ਸੋਚ ਦੇ ਧਾਰਨੀ, ਇਮਾਨਦਾਰੀ ਅਤੇ ਨਿਮਰਤਾ ਨਾਲ ਲਬਰੇਜ਼ ਸ਼ਖ਼ਸੀਅਤ ਸਨ। ਉਹ ਆਪਣੇ ਪਿੱਛੇ ਪਤਨੀ ਸਰਬਜੀਤ ਕੌਰ ਅਤੇ ਬੇਟੀ ਅਮਨਦੀਪ ਕੌਰ ਵੋਹਰਾ, ਦਾਮਾਦ ਸਿਮਰਨਜੀਤ ਸਿੰਘ ਵੋਹਰਾ, ਬੇਟਾ ਨਵਦੀਪ ਸਿੰਘ ਅਤੇ ਨੂੰਹ ਖੁਸ਼ਬੂ ਦਾ ਭਰਿਆ ਪਰਿਵਾਰ ਛੱਡ ਗਏ ਹਨ। ਸੁਰਜੀਤ ਭਗਤ ਪੰਜਾਬ ਦੇ ਸਨਅਤ ਵਿਭਾਗ ਵਿਚ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਰਿਟਾਇਰ ਹੋਣ ਬਾਅਦ ਵੀ ਮਹਿਕਮੇ ਵਲੋਂ ਆਪਣੀਆਂ ਬੇਲਾਗ ਅਤੇ ਅਣਥੱਕ ਸੇਵਾਵਾਂ ਦੇ ਇਵਜ਼ ਵਜੋਂ ਐਕਸਟੈਨਸ਼ਨ ਪ੍ਰਾਪਤ ਹੋਣ ਕਾਰਨ ਅਜੇ ਵਿਭਾਗ ਵਿਚ ਸੇਵਾ ਨਿਭਾਅ ਰਹੇ ਸਨ। ਉਹਨਾਂ ਦੇ ਅਕਾਲ ਚਲਾਣੇ ਕਰ ਜਾਣ ਦੀ ਖ਼ਬਰ ਨਾਲ ਲੇਖਕ ਤੇ ਪੱਤਰਕਾਰੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।