*ਵਿਧਾਇਕ ਗਰੇਵਾਲ, ਮੇਅਰ ਇੰਦਰਜੀਤ ਵੱਲੋਂ ਕਰੀਬ 44 ਲੱਖ ਦੇ ਸੀਵਰੇਜ ਕੰਮਾਂ ਦਾ ਕੀਤਾ ਉਦਘਾਟਨ.
*ਹਲਕਾ ਪੂਰਬੀ 'ਚ ਵਿਕਾਸ ਪੱਖੋਂ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ - ਵਿਧਾਇਕ ਗਰੇਵਾਲ*
*ਹਲਕੇ ਦੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਕੀਤੇ ਗਏ ਹਨ ਜਾਰੀ -ਮੇਅਰ ਪ੍ਰਿੰਸੀਪਲ ਮੈਡਮ ਇੰਦਰਜੀਤ ਕੌਰ*
ਲੁਧਿਆਣਾ:(ਵਾਸੂ ਜੇਤਲੀ) - ਵਿਧਾਨ ਸਭਾ ਹਲਕਾ ਪੂਰਵੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਅਤੇ ਮੇਅਰ ਮੈਡਮ ਪ੍ਰਿੰਸੀਪਲ ਇੰਦਰਜੀਤ ਕੌਰ ਵੱਲੋਂ ਸਾਂਝੇ ਤੌਰ ਤੇ ਕਰੀਬ 44 ਲੱਖ ਦੀ ਲਾਗਤ ਨਾਲ ਵਾਰਡ ਨੰਬਰ 13 ਦੇ ਮੁਹੱਲਾ ਕਰਮਸਰ ਕਲੋਨੀ ਵਿਖੇ ਸੀਵਰੇਜ ਦੀਆਂ ਨਵੀਆਂ ਪਾਈਪਾਂ ਪਾਉਣ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਅਤੇ ਮੇਅਰ ਪ੍ਰਿੰਸੀਪਲ ਮੈਡਮ ਇੰਦਰਜੀਤ ਕੌਰ ਨੇ ਕਿਹਾ ਕਿ ਹਲਕਾ ਪੂਰਵੀ ਚ ਵਿਕਾਸ ਪੱਖੋਂ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਉਹਨਾਂ ਕਿਹਾ ਕਿ ਹਲਕੇ ਦੇ ਜਿਆਦਾਤਰ ਵਿਕਾਸ ਕਾਰਜ ਪਹਿਲਾਂ ਹੀ ਮੁਕੰਮਲ ਕਰਵਾਏ ਜਾ ਚੁੱਕੇ ਹਨ, ਬਾਕੀ ਰਹਿੰਦੇ ਵਿਕਾਸ ਕੰਮਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ । ਉਹਨਾਂ ਕਿਹਾ ਕਿ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਹਲਕਾ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ । ਮੇਅਰ ਅਤੇ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਭਰ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਕਰਵਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ, ਇਸੇ ਹੀ ਲੜੀ ਤਹਿਤ ਅੱਜ ਵਾਰਡ ਨੰਬਰ 13 ਦੇ ਮੁਹੱਲਾ ਕਰਮਸਰ ਕਲੋਨੀ ਵਿਖੇ ਇਲਾਕਾ ਵਾਸੀਆਂ ਦੀ ਮੰਗ ਨੂੰ ਜਾਇਜ਼ ਠਹਿਰਾਉਂਦੇ ਹੋਏ ਨਵੀਂ ਸੀਵਰੇਜ ਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਇਹਨਾਂ ਕੰਮਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਤੇ ਵੱਡੀ ਗਿਣਤੀ ਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਗੂਆਂ ਤੋਂ ਇਲਾਵਾ ਇਲਾਕਾ ਵਾਸੀ ਹਾਜ਼ਰ ਸਨ।
