ਉੱਘੀ ਲੋਕ ਗਾਇਕਾ ਗੁਰਮੀਤ ਬਾਵਾ ਦੀ ਸੁਰੀਲੀ ਧੀ ਲਾਚੀ ਬਾਵਾ ਸਵਰਗਵਾਸ .
ਲਲਿਤ ਬੇਰੀ
ਲੁਧਿਆਣਾ, 12 ਫਰਵਰੀ :
ਸੱਭਿਆਚਾਰਕ ਹਲਕਿਆਂ ਵਿਚ ਇਹ ਖ਼ਬਰ ਬੇਹੱਦ ਅਫਸੋਸ ਨਾਲ ਪੜ੍ਹੀ ਜਾਵੇਗੀ ਕਿ ਉੱਘੀ ਲੋਕ ਗਾਇਕਾ ਗੁਰਮੀਤ ਬਾਵਾ ਤੇ ਸ਼੍ਰੀ ਕਿਰਪਾਲ ਬਾਵਾ ਦੀ ਪਲੇਠੀ ਬੇਟੀ ਲਾਚੀ ਬਾਵਾ ਕਰੋੜਾਂ ਪੰਜਾਬੀ ਪਿਆਰਿਆਂ ਨੂੰ ਸਦੀਵੀ ਵਿਛੋੜਾ ਦੇ ਗਈ ਹੈ।
ਲਾਚੀ ਬਾਵਾ ਦੀ ਨਿੱਕੀ ਭੈਣ ਗਲੋਰੀ ਬਾਵਾ ਦੇ ਦੱਸਣ ਅਨੁਸਾਰ ਪਿਛਲੇ ਪੰਜ ਮਹੀਨਿਆਂ ਤੋਂ ਦੀਦੀ ਨਾਮੁਰਾਦ ਜਾਨ ਲੇਵਾ ਬੀਮਾਰੀ ਨਾਲ ਜੂਝ ਰਹੀ ਸੀ।
ਲੁਧਿਆਣਾ ਦੇ ਦਯਾਨੰਦ ਹਸਪਤਾਲ ਵਿੱਚ ਉਹ ਪਿਛਲੇ ਕੁਝ ਦਿਨਾਂ ਤੋਂ ਦਾਖਲ ਸੀ। ਅੱਜ ਸ਼ਾਮੀਂ ਉਸ ਨੇ ਇਥੇ ਹੀ ਅੰਤਮ ਸਵਾਸ ਲਏ।ਲਾਚੀ ਦੀ ਮ੍ਰਿਤਕ ਦੇਹ ਅੰਮ੍ਰਿਤਸਰ ਲਿਜਾਈ ਜਾ ਰਹੀ ਹੈ, ਜਿੱਥੇ ਅੰਤਿਮ ਸੰਸਕਾਰ ਬਾਰੇ ਪਰਿਵਾਰ ਵੱਲੋਂ ਵੱਖਰਾ ਦੱਸਿਆ ਜਾਵੇਗਾ।
ਪ੍ਰੋ. ਗੁਰਭਜਨ ਗਿੱਲ ਨੇ ਗੁਰਮੀਤ ਬਾਵਾ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਲਾਚੀ ਬਾਵਾ ਇਕ ਸੁਰੀਲੀ ਗਾਇਕਾ ਸੀ ਜਿਸ ਨੇ ਪੰਜਾਬੀ ਸੰਗੀਤ ਦੇ ਖੇਤਰ ਵਿਚ ਕਈ ਸਭਿਆਚਾਰਕ ਗੀਤਾਂ ਰਾਹੀਂ ਆਪਣੀ ਵੱਖਰੀ ਪਹਿਚਾਣ ਬਣਾਈ. ਉਸ ਦੇ ਬੇਵਕਤੀ ਵਿਛੋੜੇ ਨਾਲ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ.
