ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਪੱਛਮੀ ਸੀਟ ਤੋਂ ਜ਼ਿਮਨੀ ਚੋਣ ਲਈ ਉਮੀਦਵਾਰ ਵਜੋਂ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੇ ਨਾਂਅ ਤੇ ਲਾਈ ਮੁਹਰ.

        ਲੁਧਿਆਣਾ (ਰਾਕੇਸ਼ ਅਰੋੜਾ) : ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਪੱਛਮੀ ਹਲਕੇ ਤੋਂ ਜ਼ਿਮਨੀ ਚੋਣ ਲਈ ਆਪਣੇ  ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ।

ਦੱਸ ਦੇਈਏ ਕਿ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਸਭ ਤੋਂ ਪਹਿਲਾਂ ਇਸ ਸੀਟ ਤੋਂ ਉਮੀਦਵਾਰ ਐਲਾਨ ਕੇ ਚੋਣ ਮੁਹਿੰਮ ਦੀ ਸ਼ੁਰੁਆਤ ਵੀ ਕਰ ਦਿੱਤੀ ਸੀ ਜਿਸ ਤੋਂ ਬਾਅਦ ਕਾਂਗਰਸ ਵੱਲੋਂ ਦੋ ਵਾਰ ਦੇ ਵਿਧਾਇਕ ਰਹੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਉਮੀਦਵਾਰ ਐਲਾਨਿਆ ਗਿਆ ਸੀ। ਇਸੇ ਸਿਲਸਿਲੇ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਉਮੀਦਵਾਰ ਐਲਾਨ ਦਿੱਤਾ। ਪਾਰਟੀ ਨੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ  ਉਤਾਰਿਆ ਹੈ। ਆਪ, ਕਾਂਗਰਸ ਤੇ ਅਕਾਲੀ ਦਲ ਵੱਲੋਂ ਉਮੀਦਵਾਰ ਦਾ ਐਲਾਨ ਕਰ ਦਿੱਤੇ ਜਾਣ ਮਗਰੋਂ ਹੁਣ ਸਭ ਦੀਆਂ ਨਜ਼ਰਾਂ ਭਾਰਤੀ ਜਨਤਾ ਪਾਰਟੀ ‘ਤੇ ਟਿਕੀਆਂ ਹਨ ਕਿ ਭਾਜਪਾ  ਕਿਸਨੂੰ ਇਸ ਚੋਣ ਦੰਗਲ ਵਿੱਚ ਉਤਰਦੀ ਹੈ। ਸੂਤਰਾਂ ਅਨੁਸਾਰ ਭਾਜਪਾ ਦੇ ਜਿਨ੍ਹਾਂ ਆਗੂਆਂ ਦਾ ਨਾਮ ਉਮੀਦਵਾਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿੱਚ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਰਾਸ਼ੀ ਹੇਮ ਰਾਜ ਅਗਰਵਾਲ, ਹੌਬੀ ਧਾਲੀਵਾਲ ਆਦਿ ਨਵਾ ਦਾ ਜ਼ਿਕਰ ਕੀਤਾ ਜਾਂਦਾ ਹੈ। ਹੁਣ ਤਿੰਨਾਂ ਪ੍ਰਮੁੱਖ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਹਨ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਸੀਟ ਤੋਂ ਆਪਣਾ ਕੈਂਡੀਡੇਟ ਐਲਾਨੇ ਜਾਣ ਤੋਂ ਬਾਅਦ ਹੀ ਪੱਛਮੀ ਜ਼ਿਮਨੀ ਚੋਣ ਦਾ ਸਿਆਸੀ ਗਣਿਤ ਸਾਫ਼ ਹੋਵੇਗਾ ਕਿ ਇਸ ਸੀਟ ਤੇ ਮੁਕਾਬਲੇ ਦਾ ਦ੍ਰਿਸ਼ ਕਿਹੋ ਜਿਹਾ ਰਹੇਗਾ।