ਜਲਿਆਂਵਾਲੇ ਬਾਗ ਦਾ ਸਾਕਾ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਇਕ ਇਤਿਹਾਸਕ ਮੋੜ - ਡਾ. ਸਵਰਾਜਬੀਰ ਸਿੰਘ.


*ਧਰਮ ਨਿਰਪੱਖ ਲੋਕਤੰਤਰ ਨੂੰ ਬਚਾਉਣ ਲਈ ਦ੍ਰਿੜ ਸੰਕਲਪ ਲੈਂਦੇ ਹੋਏ  ਨਿਆਂ ਅਤੇ ਬਰਾਬਰੀ 'ਤੇ ਅਧਾਰਤ ਸਮਾਜ ਨੂੰ ਬਣਾਉਣ ਲਈ  ਅੱਗੇ ਵਧੋ*
ਲੁਧਿਆਣਾ (ਇੰਦਰਜੀਤ) -ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਵਿੱਚ 13 ਅਪ੍ਰੈਲ 1919 ਦਾ ਦਿਨ ਇਤਿਹਾਸ ਵਿੱਚ ਹਮੇਸ਼ਾ ਹੀ ਦਰਜ ਰਹੇਗਾ।  ਅੱਜ ਭਾਰਤੀ ਕਮਿਊਨਿਸਟ ਪਾਰਟੀ ਦੇ ਸ਼ਤਾਬਦੀ ਸਮਾਗਮਾਂ ਦੇ ਹਿੱਸੇ ਵਜੋਂ ਲੁਧਿਆਣਾ ਇਕਾਈ ਵੱਲੋਂ *ਜਲਿਆਂਵਾਲਾ ਬਾਗ ਦਾ ਸਾਕਾ, ਸੁਤੰਤਰਤਾ ਸੰਗਰਾਮ ਅਤੇ ਅਜੋਕੇ ਸਮੇਂ ਦੀਆਂ ਚੁਣੌਤੀਆਂ* ਵਿਸ਼ੇਸ਼ ਦੇ ਵਿਚਾਰ ਗੋਸ਼ਟੀ ਕੀਤੀ ਗਈ। ਇਸ ਨੂੰ ਸੰਬੋਧਨ ਕਰਦਿਆਂ ਪ੍ਰਮੁਖ ਬੁਲਾਰੇ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਐਡੀਟਰ ਡਾ ਸਵਰਾਜਬੀਰ ਸਿੰਘ, ਜੋ  ਸਾਬਕਾ ਆਈਪੀਐਸ ਅਧਿਕਾਰੀ ਵੀ ਰਹੇ, ਮੇਘਾਲਿਆ ਦੇ ਡੀਜੀਪੀ ਵੀ ਰਹੇ  ਅਤੇ ਇੱਕ ਉੱਘੇ ਕਵੀ, ਚਿੰਤਕ, ਲੇਖਕ ਤੇ ਸਹਿਤ ਨਾਲ ਜੁੜੀ ਪ੍ਰਸਿੱਧ ਸ਼ਖਸੀਅਤ ਹਨ,  ਨੇ ਕਿਹਾ ਕਿ ਬਰਤਾਨਵੀ ਸਰਕਾਰ ਦੁਆਰਾ ਲਿਆਂਦੇ ਗਏ ਰੋਲਟ ਐਕਟ, ਜਿਸਦੇ ਤਹਿਤ ਉਹ ਕਿਸੇ ਨੂੰ ਵੀ ਕਿੰਨੇ ਹੀ ਸਮੇਂ ਦੇ ਲਈ ਗ੍ਰਿਫਤਾਰ ਕਰ ਸਕਦੇ ਸਨ, ਦਾ ਸਾਰੇ ਦੇਸ਼ ਵਿੱਚ ਵਿਆਪਕ ਵਿਰੋਧ ਹੋਇਆ ਸੀ। ਇਸੇ ਕੜੀ ਦੇ ਤਹਿਤ ਜਲਿਆਂਵਾਲਾ ਬਾਗ ਅੰਮ੍ਰਿਤਸਰ ਦੇ ਵਿੱਚ ਹਜ਼ਾਰਾਂ ਮਰਦ, ਇਸਤਰੀਆਂ ਤੇ ਬੱਚੇ ਸ਼ਾਂਤੀ ਪੂਰਵਕ ਢੰਗ ਨਾਲ ਇਕੱਠੇ ਹੋਏ। ਇਸ ਇਕੱਠ ਵਿੱਚ ਸਾਰੇ ਫਿਰਕਿਆਂ ਤੋਂ ਲੋਕ ਸ਼ਾਮਿਲ ਸਨ। ਇਸਤੋਂ ਬੁਖਲਾ ਕੇ ਜਨਰਲ  ਡਾਇਰ  ਨੇ   ਬਿਨਾਂ ਕਿਸੇ ਨੋਟਿਸ ਦੇ ਨਿਹੱਥੇ ਲੋਕਾਂ ਤੇ  ਅੰਨੇਵਾਹ ਗੋਲੀਆਂ ਚਲਾ ਕੇ 1000 ਤੋਂ ਵਧ ਲੋਕਾਂ ਦਾ ਕਤਲੇਆਮ ਕੀਤਾ। ਪਰ ਇਸ  ਘਟਨਾ 
ਨੇ   ਫਿਰਕੂ ਸਦਭਾਵਨਾ ਨਾਲ ਅਜ਼ਾਦੀ ਦੀ ਲਹਿਰ ਨੂੰ ਅੱਗੇ ਵਧਾਇਆ।ਜਲਿਆਂਵਾਲੇ ਬਾਗ ਦਾ ਸਾਕਾ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਇਕ ਇਤਿਹਾਸਕ ਮੋੜ ਸੀ।ਨੋਬਲ ਪੁਰਸਕਾਰ ਜੇਤੂ ਰਬਿੰਦਰ ਨਾਥ ਟੈਗੋਰ ਨੇ ਇਸਦੇ ਵਿਰੋਧ ਵਿੱਚ ਆਪਣਾ ਖਿਤਾਬ ਵਾਪਸ ਕਰ ਦਿੱਤਾ। ਮਹਾਤਮਾ ਗਾਂਧੀ ਨੇ 1920 ਦੇ ਵਿੱਚ ਨਾਮਿਲਵਰਤਣ ਅੰਦੋਲਨ ਸ਼ੁਰੂ ਕਰ ਦਿੱਤਾ। ਇਸ ਅੰਦੋਲਨ ਨੇ ਭਗਤ ਸਿੰਘ ਤੇ ਊਧਮ ਸਿੰਘ ਵਰਗੇ ਮਹਾਨ ਇਨਕਲਾਬੀਆ ਨੂੰ ਜਨਮ ਦਿੱਤਾ।
 ਡਾ ਸਵਰਾਜਬੀਰ ਸਿੰਘ ਨੇ ਧਰਮ ਨਿਰਪੱਖ ਲੋਕਤੰਤਰ ਨੂੰ ਬਚਾਉਣ ਲਈ ਦ੍ਰਿੜ ਸੰਕਲਪ ਲੈਂਦੇ ਹੋਏ  ਨਿਆਂ ਅਤੇ ਬਰਾਬਰੀ 'ਤੇ ਅਧਾਰਤ ਸਮਾਜ ਨੂੰ ਬਣਾਉਣ ਲਈ  ਅੱਗੇ ਵਧਣ ਦਾ ਹੋਕਾ ਦਿੱਤਾ।
  ਭਾਰਤ ਦੇ ਦੂਰਦਰਸ਼ੀ ਨੇਤਾਵਾਂ ਨੇ ਧਰਮ ਨਿਰਪੱਖ, ਲੋਕਤੰਤਰੀ, ਗਣਰਾਜ ਦੀ ਸਥਾਪਨਾ ਕੀਤੀ। ਇਸ ਸਾਰੀ ਗੱਲ ਦੇ ਵਿੱਚ ਕਾਂਗਰਸ ਦੇ ਦੂਰਦਰਸ਼ੀ ਨੇਤਾ ਜਵਾਹਰ ਲਾਲ ਨਹਿਰੂ ਅਤੇ ਕਮਿਊਨਿਸਟ ਪਾਰਟੀ ਤੋਂ ਇਲਾਵਾ ਅਨੇਕਾਂ ਬੁੱਧੀਜੀਵੀਆਂ  ਨੇ ਪੂਰੀ ਭੂਮਿਕਾ ਅਦਾ ਕੀਤੀ।  ਜਿਸ ਕਰਕੇ ਮਜ਼ਦੂਰਾਂ ਕਿਸਾਨਾਂ ਦੇ ਹੱਕਾਂ ਦੇ ਲਈ ਕਈ ਕਾਨੂੰਨ  ਬਣੇ।  ਸੰਵਿਧਾਨ ਦੇ ਵਿੱਚ ਸਭ ਨੂੰ ਬੋਲਣ ਦੀ ਅਜ਼ਾਦੀ, ਲੋਕਤੰਤਰਕ ਅਧਿਕਾਰ ਦੇ ਨਾਲ ਨਾਲ ਬਿਨਾਂ ਧਰਮ, ਜਾਤੀ, ਇਲਾਕਾ, ਬੋਲੀ, ਲਿੰਗ ਦੇ ਭੇਦ ਦੇ ਬਰਾਬਰ ਮਾਨਤਾ ਦੇ ਅਧਿਕਾਰ ਦਿੱਤੇ ਗਏ। ਸੂਬਿਆਂ ਨੂੰ ਅਧਿਕਾਰਾਂ ਦੀ ਸਪਸ਼ਟ ਵਿਆਖਿਆ ਕੀਤੀ ਗਈ ਤੇ ਬਹੁਤ ਸਾਰੇ ਖੇਤਰਾਂ ਵਿਚ ਸਵੈ ਨਿਰਣੇ ਦੇ ਅਧਿਕਾਰ ਦਿੱਤੇ ਗਏ। 
ਪਰ ਅਜੋਕੇ ਸਮੇਂ ਸੱਤਾ ਵਿੱਚ ਬੈਠੀਆਂ ਸ਼ਕਤੀਆਂ ਅੰਗਰੇਜ਼ੀ ਸਾਮਰਾਜ ਦੀ ਤਰ੍ਹਾਂ ਧਰਮ, ਜਾਤੀ ਤੇ ਬੋਲੀ ਦੇ ਅਧਾਰ ਤੇ ਆਪਣੀ ਸੌੜੀ ਵੋਟ ਬੈਂਕ ਦੀ ਰਾਜਨੀਤੀ ਨੂੰ ਸਾਹਮਣੇ ਰੱਖਦੇ ਹੋਏ ਸਮਾਜ ਨੂੰ ਵੰਡਣ ਦੀਆਂ ਸਾਜਿਸ਼ਾਂ ਰਚ ਰਹੀਆਂ ਹਨ;  ਗੈਰ ਵਿਗਿਆਨਕ ਸੋਚ ਨੂੰ ਵਧਾ ਰਹੀਆਂ ਹਨ, ਹਿੰਸਾ ਨੂੰ ਵਧਾ ਰਹੀਆਂ ਹਨ, ਦਬੇ ਕੁਚਲੇ ਲੋਕਾਂ ਦੇ ਹੱਕਾਂ  ਦਾ ਘਾਣ ਕਰ ਰਹੀਆਂ ਹਨ, ਇਸਤਰੀਆਂ ਦੇ ਉੱਪਰ ਅੱਤਿਆਚਾਰ ਕਰਨ ਵਾਲਿਆਂ ਦੀ ਰਾਖੀ ਕਰ ਰਹੀਆਂ ਹਨ। ਅਰਥਚਾਰੇ ਵਿੱਚ ਇਕ ਪਾਸੇ ਚੰਦ ਘਰਾਨਿਆਂ ਨੂੰ ਕਾਰਪੋਰੇਟ ਟੈਕਸਾਂ ਅਤੇ ਸੰਪਤੀ ਟੈਕਸ ਵਿੱਚ ਮੋਟੀ ਛੋਟ ਦੇ ਕੇ ਤੇ ਬੈਂਕਾਂ ਦੇ ਕਰਜ਼ੇ ਮੁਆਫ਼ ਕਰ ਕੇ ਦੇਸ਼ ਦੀ ਸੰਪੱਤੀ ਸੌਂਪੀ ਜਾ ਰਹੀ ਹੈ,  ਦੂਜੇ ਪਾਸੇ ਆਮ ਲੋਕਾਂ ਤੇ ਜੀ ਐਸ ਟੀ ਰਾਹੀਂ ਅਸਿਧੇ ਟੈਕਸ ਦਾ ਬੋਝ ਬਹੁਤ ਵਧਾਇਆ ਗਿਆ ਹੈ। 
 
 ਜ਼ਿਲ੍ਹਾ ਸਕੱਤਰ ਕਾਮਰੇਡ ਡੀ ਪੀ ਮੌੜ ਨੇ ਕਿਹਾ ਕਿ ਅਜੋਕੇ ਸਮੇਂ ਜਿੱਥੇ  ਲੋਕਾਂ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਜਰੂਰੀ ਹਨ ਉਥੇ ਸਭ ਤੋਂ ਜਰੂਰੀ ਸਮਾਜਿਕ ਸਦਭਾਵ ਨੂੰ ਬਚਾ ਕੇ ਰੱਖਣਾ ਹੈ। ਇਸ ਸਭ ਦੇ ਲਈ ਵੱਡੇ ਸੰਘਰਸ਼ ਦੀ ਲੋੜ ਹੈ।ਅੱਜ ਦੀ ਇਸ ਵਿਚਾਰ ਗੋਸ਼ਟੀ ਦੀ ਪ੍ਰਧਾਨਗੀ ਕਾਮਰੇਡ ਰਮੇਸ਼ ਰਤਨ, ਸੁਰਿੰਦਰ ਸਿੰਘ ਜਲਾਲਦੀਵਾਲ ਅਤੇ ਕਾਮਰੇਡ ਕੁਲਵੰਤ ਕੌਰ ਨੇ ਕੀਤੀ। ਸ਼ਹਿਰੀ ਸਕੱਤਰ ਕਾਮਰੇਡ ਐਮ ਐਸ ਭਾਟੀਆ ਨੇ ਮੰਚ ਦਾ ਸੰਚਾਲਨ ਕੀਤਾ। ਪਾਰਟੀ ਦੇ ਕੌਮੀ ਕੌਂਸਲ ਮੈਂਬਰ ਡਾਕਟਰ ਅਰੁਣ ਮਿੱਤਰਾ ਨੇ ਮੁੱਖ ਮਹਿਮਾਨ ਨੂੰ  ਜੀ ਆਇਆਂ ਆਖਿਆ।  ਪ੍ਰਧਾਨਗੀ ਮੰਡਲ ਵੱਲੋਂ ਸਾਰਿਆਂ ਦਾ ਧੰਨਵਾਦ ਕਾਮਰੇਡ ਰਮੇਸ਼ ਰਤਨ ਨੇ ਕੀਤਾ