ਸ੍ਰੀ ਗੁਰੂ ਤੇਗ ਬਹਾਦਰ ਜੀ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਉਪਰਾਲਾ : ਡਾ. ਸ. ਪ. ਸਿੰਘ.
ਲੁਧਿਆਣਾ (ਰਾਕੇਸ਼ ਅਰੋੜਾ) : ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਅਤੇ ਉਨ੍ਹਾਂ ਦੇ ਅਦੁੱਤੀ ਸਿਧਾਂਤਾਂ ਤੋਂ ਪ੍ਰੇਰਿਤ ਹੋਕੇ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਵੱਲੋਂ ਸਾਹਿਬ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਇੱਕ ਇਤਿਹਾਸਕ ਅਤੇ ਵਿਲੱਖਣ ਪਹਿਲਕਦਮੀ ਕੀਤੀ ਗਈ ਹੈ। ਅਕਾਦਮਿਕ ਸੈਸ਼ਨ 2025-26 ਤੋਂ, ਕਾਲਜ ਵਿੱਚ ਗ੍ਰੰਥੀ ਸਿੰਘਾਂ, ਪਾਠੀ ਸਿੰਘਾਂ ਅਤੇ ਕੀਰਤਨੀਆਂ ਦੇ ਬੱਚਿਆਂ ਨੂੰ ਬੀ.ਏ, ਬੀ. ਐਸ. ਸੀ (ਨਾਨਕ ਮੈਡੀਕਲ), ਐਮ. ਏ. (ਅੰਗਰੇਜ਼ੀ ਤੇ ਪੰਜਾਬੀ) ਅਤੇ ਐਮ. ਕਾਮ ਵਰਗੇ ਕੋਰਸਾਂ ਵਿੱਚ ਸਰਕਾਰੀ ਕਾਲਜਾਂ ਦੇ ਬਰਾਬਰ ਫੀਸ 'ਤੇ ਦਾਖਲਾ ਦਿੱਤਾ ਜਾਵੇਗਾ। ਇਸ ਇਤਿਹਾਸਕ ਫੈਸਲੇ ਦਾ ਪ੍ਰਮੁੱਖ ਮਕਸਦ ਉਹਨਾਂ ਪਰਿਵਾਰਾਂ ਦੇ ਬੱਚਿਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਨਾ ਹੈ, ਜੋ ਗੁਰਮਤਿ ਸੇਵਾ ਨਾਲ ਜੁੜੇ ਹੋਏ ਹਨ ਅਤੇ ਆਮ ਤੌਰ 'ਤੇ ਵਿੱਤੀ ਰੁਕਾਵਟਾਂ ਕਾਰਨ ਉਚੇਰੀ ਸਿੱਖਿਆ ਪ੍ਰਾਪਤ ਨਹੀਂ ਕਰ ਪਾਉਂਦੇ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਇਸ ਉਪਰਾਲੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਉਪਰਾਲਾ ਸਿਰਫ਼ ਇੱਕ ਨਵੀਨ ਅਕਾਦਮਿਕ ਉਪਰਾਲਾ ਹੀ ਨਹੀਂ, ਸਗੋਂ ਇੱਕ ਧਾਰਮਿਕ, ਆਧਿਆਤਮਿਕ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਪੂਰਤੀ ਵੀ ਹੈ।
ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਇਸ ਵਿਸ਼ੇਸ਼ ਪਹਿਲਕਦਮੀ ਦੀ ਪ੍ਰਸ਼ੰਸਾ ਕਰਦਿਆਂ, ਡਾ. ਸ. ਪ. ਸਿੰਘ, ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪ੍ਰਧਾਨ ਗੁਜਰਾਂਵਾਲਾ ਖਾਲਸਾ ਐਜ਼ੂਕੇਸ਼ਨਲ ਕੌਂਸਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਸਿੱਖ ਧਰਮ ਦੇ ਮੂਲ ਆਦਰਸ਼ਾਂ ਨੂੰ ਅਮਲੀ ਜ਼ਿੰਦਗੀ ਦਾ ਹਿੱਸਾ ਬਣਾਉਣ ਵਿੱਚ ਕਾਰਗਰ ਭੂਮਿਕਾ ਨਿਭਾਉਣਗੇ । ਉਹਨਾਂ ਇਹ ਵੀ ਕਿਹਾ ਕਿ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਹਮੇਸ਼ਾ ਤੋਂ ਆਪਣੇ ਗੁਰਮਤਿ ਆਦਰਸ਼ਾਂ, ਅਕਾਦਮਿਕ ਉਤਕ੍ਰਿਸ਼ਟਤਾ ਅਤੇ ਸਮਾਜਿਕ ਸੇਵਾ ਲਈ ਯਤਨਸ਼ੀਲ ਰਿਹਾ ਹੈ। ਇਹ ਨਵਾਂ ਉਪਰਾਲਾ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲਈ ਸਮਰਪਣ-ਭਰੀ ਸੁਨਹਿਰੀ ਰਵਾਇਤ ਨੂੰ ਹੋਰ ਅੱਗੇ ਵਧਾਉਣ ਵਿਚ ਇਕ ਵਿਲੱਖਣ ਪਹਿਚਾਣ ਸਥਾਪਿਤ ਕਰੇਗਾ। ਇਸ ਉਪਰਾਲੇ ਸੰਬੰਧੀ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਆਨਰੇਰੀ ਜਨਰਲ ਸਕੱਤਰ ਸ. ਹਰਸ਼ਰਨ ਸਿੰਘ ਨਰੂਲਾ ਨੇ ਕਿਹਾ ਕਿ ਇਸ ਯਤਨ ਰਾਹੀਂ ਅਸੀਂ ਗੁਰਸਿੱਖ ਪਰੰਪਰਾਵਾਂ ਨਾਲ ਜੁੜੇ ਪਰਿਵਾਰਾਂ ਦੀ ਆਰਥਿਕ ਅਤੇ ਅਕਾਦਮਿਕ ਸਹਾਇਤਾ ਕਰ ਰਹੇ ਹਾਂ। ਇਸ ਅਵਸਰ ਤੇ ਗ੍ਰੰਥੀ ਸਿੰਘਾਂ, ਪਾਠੀ ਸਿੰਘਾਂ ਅਤੇ ਕੀਰਤਨੀਆਂ ਦੇ ਬੱਚਿਆਂ ਨੂੰ ਇਹ ਸੁਵਿਧਾਵਾਂ ਦੇਣ ਲਈ ਇੱਕ ਬੈਨਰ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਤੇ ਮੈਨੇਜਮੈਂਟ ਦੇ ਮੈਂਬਰ ਸ. ਜੀ ਕੇ ਸਿੰਘ ਅਤੇ ਸ. ਹਰਦੀਪ ਸਿੰਘ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਗੁਰਮਤਿ ਸਭਾ ਦੇ ਇੰਚਾਰਜ ਪ੍ਰੋਫੈਸਰ ਜਸਪ੍ਰੀਤ ਕੌਰ, ਡਾ. ਦਲੀਪ ਸਿੰਘ, ਡਾ. ਗੁਰਦਾਸ ਸਿੰਘ, ਡਾ. ਪਰਮਜੀਤ ਸਿੰਘ ਅਤੇ ਡਾ. ਗੁਰਪ੍ਰੀਤ ਕੌਰ ਨੇ ਗ੍ਰੰਥੀ ਸਿੰਘਾਂ, ਪਾਠੀ ਸਿੰਘਾਂ ਅਤੇ ਕੀਰਤਨੀ ਦੇ ਬੱਚਿਆਂ ਲਈ ਅਜਿਹਾ ਕਦਮ ਚੁੱਕਣ ਦਾ ਉਪਰਾਲਾ ਕਰਨ ਲਈ ਮੈਨੇਜਮੈਂਟ ਦੇ ਮੈਂਬਰਾਂ ਦੀ ਸ਼ਲਾਘਾ ਕਰਦੇ ਹੋਏ ਧੰਨਵਾਦ ਕੀਤਾ ।
