ਖਾਲਸਾ ਸਾਜਨਾ ਦਿਵਸ ਮੌਕੇ ਸਾਨੂੰ ਦਸਮ ਪਿਤਾ ਦੀ ਸੋਚ ਤੇ ਪਹਿਰਾ ਦੇਣ ਦਾ ਪ੍ਰਣ ਕਰਨਾ ਚਾਹੀਦਾ ਹੈ-ਡਾ ਰੂਬੀ ਕੋਛੜ.

 

ਚੈਸਪੀਕ ਵਿਰਜੀਨੀਆ-( ਸੁਰਿੰਦਰ ਢਿੱਲੋਂ) - 1699 ਦੀ ਵਿਸਾਖੀ ਮੌਕੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖ਼ਾਲਸੇ ਦੀ ਸਾਜਨਾ ਕਰਕੇ ਜਬਰ ਜ਼ੁਲਮ ਦੇ ਵਿਰੁੱਧ ਤੇ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣਨ ਲਈ ਖ਼ਾਲਸੇ ਦੀ ਸਾਜਨਾ ਕਰਕੇ ਇਕ ਅਦੁੱਤੀ ਸੰਘਰਸ਼ ਦਾ ਬਿਗਲ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਵਜਾ ਦਿੱਤਾ ਇਹ ਪ੍ਰਗਟਾਵਾ ਚੈਸਪੀਕ ਵਿਰਜੀਨੀਆ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੀ ਨਵੀਂ ਚੁਣੀ ਗਈ ਉਪ ਪ੍ਰਧਾਨ ਡਾਕਟਰ ਰੂਬੀ ਕੋਛੜ ਜੀ ਨੇ ਕੀਤਾ । ਉਨ੍ਹਾਂ ਅੱਗੇ ਕਿਹਾ ਕੇ ਅੱਜ ਦੇ ਦਿਹਾੜੇ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕੇ ਅਸੀਂ ਸਮਾਜ ਵਿਚੋਂ ਵਿਤਕਰਾ ਮਿਟਾ ਕੇ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਾਂਗੇ ।

      ਇਸ ਮੌਕੇ ਇਕ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਦੀ ਸ਼ੁਰੂਆਤ ਰਾਗਾਂ ਤੇ ਆਧਾਰਿਤ ਕੀਰਤਨ ਕਰਨ ਦੀ ਮੁਹਾਰਤ ਰੱਖਣ ਵਾਲੀ ਉਪ ਪ੍ਰਧਾਨ ਡਾ ਰੂਬੀ ਕੋਛੜ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਚਿਤ ਅਕਾਲ ਉਸਤਤ ਵਿਚਲੇ ਇਲਾਹੀ ਸ਼ਬਦ “ ਨਿਰਜੁਰ ਨਿਰੂਪ ਹੋ ਕਿ ਸੁੰਦਰ ਸਰੂਪ ਹੋ ਕਿ ਭੂਪਨ ਕੇ ਭੂਪ ਹੋ ਕੋ ਦਾਤਾ ਮਹਾ ਦਾਨ ਹੋ “ ਦਾ ਰਸ-ਭਿੰਨਾ ਕੀਰਤਨਾ ਕਰਕੇ ਕੀਤੀ ।ਇਸ ਉਪਰੰਤ ਬੀਬੀਆਂ, ਬੱਚਿਆਂ ਤੇ ਭਾਈ ਹੁਸ਼ਨਾਕ ਲਿੰਘ ਜੀ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਿਤ ਇਲਾਹੀ ਬਾਣੀ ਦਾ ਇਲਾਹੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ।

         ਇਸ ਮੌਕੇ ਦੂਰ ਦੁਰਾਡੇ ਇਲਾਕਿਆਂ ਤੋਂ ਸੰਗਤਾਂ ਭਾਰੀ ਗਿਣਤੀ ਵਿੱਚ ਗੁਰੂਘਰ ਨਤਮਸਤਕ ਹੋਈਆਂ ਤੇ ਇਲਾਹੀ ਬਾਣੀ ਦੇ ਕੀਰਤਨ ਦਾ ਅਨੰਦ ਮਾਣਿਆ । ਗੁਰੂਘਰ ਸੇਵਾ ਕਰਨ ਵਾਲੇ ਸੇਵਾਦਾਰਾਂ ਨੂੰ ਸਿਰੋਪਾ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ । ਆਈਆਂ ਸੰਗਤਾਂ ਲਈ ਗੁਰੂ ਦਾ ਅਤੁੱਟ ਲੰਗਰ ਲਗਾਇਆ ਗਿਆ । 

       ਹੋਰਨਾਂ ਤੋਂ ਇਲਾਵਾ ਇਸ ਮੌਕੇ ਗੁਰੂ ਨਾਨਕ ਫਾਉਡੇਸ਼ਨ ਦੇ ਚੇਅਰਮੈਨ ਰਾਜ ਰਾਹਿਲ, ਗੁਰਦੁਆਰਾ ਕਮੇਟੀ ਦੀ ਪ੍ਰਧਾਨ ਨੀਲਮ ਗਰੇਵਾਲ, ਉਪ ਪ੍ਰਧਾਨ ਡਾਕਟਰ ਰੂਬੀ ਕੋਛੜ,ਸਕੱਤਰ ਸੁਰਿੰਦਰ ਸਿੰਘ ਚਾਨਾ ਤੋ ਇਲਾਵਾ ਲਾਲ ਸਿੰਘ ਕਾਹਲੋਂ,ਅਮਰਜੀਤ ਸਿੰਘ ਕਾਹਲੋਂ,ਨਿਸ਼ਾਨ ਸਿੰਘ ਸਿੱਧੂ ,ਤਾਰਾ ਸਿੰਘ ਖੁਬਰ, ਡਾਕਟਰ ਬਲਤੇਜ ਸਿੰਘ ਗਿੱਲ, ਹਰੀਪਾਲ ਸਿੰਘ ਚਾਨਾ, ਰਵਿੰਦਰ ਸਿੰਘ ਖੁਬਰ , ਭੁਪਿੰਦਰ ਸਿੰਘ ਸੰਧੂ, ਦਿਲਜੀਤ ਕੌਰ ਕਾਹਲੋਂ, ਸੁਰਜੀਤ ਕੌਰ ਕਾਹਲੋਂ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ ।