ਪਹਿਲਗਾਮ ਹਮਲੇ ਖ਼ਿਲਾਫ਼ ਅਕਾਲੀ ਦਲ ਵੱਲੋਂ ਲੁਧਿਆਣਾ ਵਿੱਚ ਰੋਸ ਪ੍ਰਦਰਸ਼ਨ - ਨਿਰਮਲ ਸਿੰਘ ਪਾਂਡੀ.

 

   ਲੁਧਿਆਣਾ 24 ਅਪ੍ਰੈਲ (ਰਾਕੇਸ਼ ਅਰੋੜਾ) - ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਨਿਸ਼ੰਸ ਅੱਤਵਾਦੀ ਹਮਲੇ ਦੇ ਰੋਸ ਵਜੋਂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਸ਼ਹਿਰ ਵਿੱਚ ਮੋਮਬੱਤੀਆਂ ਬਾਲ ਕੇ ਇੱਕ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਗਟਾਵੇ ਵਿੱਚ ਅਕਾਲੀ ਦਲ ਦੇ ਅਨੇਕਾਂ ਵਰਕਰਾਂ ਅਤੇ ਸੀਨੀਅਰ ਨੇਤਾਵਾਂ ਨੇ ਭਾਗ ਲਿਆ।ਇਸ ਪ੍ਰਦਰਸ਼ਨ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸ. ਭੁਪਿੰਦਰ ਸਿੰਘ ਭਿੰਦਾ ਨੇ ਕੀਤੀ। ਉਨ੍ਹਾਂ ਦੇ ਨਾਲ ਮਹੇਸ਼ਇੰਦਰ ਸਿੰਘ ਗਰੇਵਾਲ, ਰਣਜੀਤ ਸਿੰਘ ਢਿੱਲੋਂ, ਪਰਉਪਕਾਰ ਸਿੰਘ ਘੁੰਮਣ ਅਤੇ ਹਰਚਰਨ ਸਿੰਘ ਗੋਹਲਵੜੀਆ ਸਮੇਤ ਕਈ ਹੋਰ ਪ੍ਰਮੁੱਖ ਅਕਾਲੀ ਆਗੂ ਵੀ ਮੌਜੂਦ ਰਹੇ।

ਸ. ਮਹੇਸ਼ਇੰਦਰ ਗਰੇਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਗਾਮ ਵਿੱਚ ਹੋਇਆ ਹਮਲਾ ਸਿੱਧਾ ਸਿੱਖ ਭਾਈਚਾਰੇ ’ਤੇ ਹਮਲਾ ਹੈ, ਜੋ ਕਿਸੇ ਵੀ ਹਾਲਤ ਵਿੱਚ ਬਰਦਾਸ਼ਤਯੋਗ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਇਹ ਹਮਲਾ ਖੁਫੀਆ ਏਜੰਸੀਆਂ ਦੀ ਨਾਕਾਮੀ ਅਤੇ ਸਰਕਾਰ ਦੀ ਲਾਪਰਵਾਹੀ ਦਾ ਨਤੀਜਾ ਹੈ। ਉਨ੍ਹਾਂ ਜੰਮੂ-ਕਸ਼ਮੀਰ ਸਰਕਾਰ ਵੱਲੋਂ 10 ਲੱਖ ਰੁਪਏ ਦੇ ਮੁਆਵਜ਼ੇ ਨੂੰ ‘ਇੱਕ ਨਾਕਾਫੀ ਅਤੇ ਉਪਹਾਸਪੂਰਨ ਐਲਾਨ’ ਕਰਾਰ ਦਿੰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਘੱਟੋ-ਘੱਟ 1 ਕਰੋੜ ਰੁਪਏ ਦੀ ਮੰਗ ਕੀਤੀ।

ਸ. ਪਰਉਪਕਾਰ ਸਿੰਘ ਘੁੰਮਣ ਨੇ ਕੇਂਦਰ ਸਰਕਾਰ ’ਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਹਿਲਾਂ ਪੁਲਵਾਮਾ, ਹੁਣ ਪਹਿਲਗਾਮ — ਹਰ ਵਾਰ ਸੁਰੱਖਿਆ ਤੰਤਰ ਦੀ ਨਾਕਾਮੀ ਸਾਹਮਣੇ ਆ ਰਹੀ ਹੈ। ਉਨ੍ਹਾਂ ਪੁੱਛਿਆ ਕਿ ਖੁਫੀਆ ਏਜੰਸੀਆਂ ਕਿੱਥੇ ਹਨ ਅਤੇ ਕਿਉਂ ਇਹ ਹਮਲੇ ਰੋਕਣ ਵਿੱਚ ਅਸਫਲ ਸਾਬਤ ਹੋ ਰਹੀਆਂ ਹਨ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅੱਤਵਾਦੀ ਤੱਤਾਂ ਖ਼ਿਲਾਫ਼ ਫੌਰੀ ਅਤੇ ਕੜੀ ਕਾਰਵਾਈ ਕੀਤੀ ਜਾਵੇ।

ਸ. ਭੁਪਿੰਦਰ ਸਿੰਘ ਭਿੰਦਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਪੂਰੀ ਤਰ੍ਹਾਂ ਖੜਾ ਹੈ ਅਤੇ ਸਰਕਾਰ ਨੂੰ ਇਸ ਮਾਮਲੇ ਵਿੱਚ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ।

ਇਸ ਰੋਸ ਪ੍ਰਦਰਸ਼ਨ ਵਿੱਚ ਹੋਰ ਕਈ ਅਕਾਲੀ ਆਗੂ ਜਿਵੇਂ ਕਿ ਤੇਜਾ ਸਿੰਘ ਖਾਲਸਾ, ਕਿੱਤਾ, ਕੁਲਦੀਪ ਖਾਲਸਾ, ਹਰਪਾਲ ਸਿੰਘ ਖਾਲਸਾ, ਅਸ਼ਵਨੀ ਪਾਸੀ, ਅਮਨਦੀਪ, ਨਿਤਿਨ ਅੱਗਰਵਾਲ, ਆਰ.ਪੀ.ਐਸ. ਧਾਲੀਵਾਲ, ਦੇਵਨ, ਰਤਨ ਆਦਿ ਵੀ ਸ਼ਾਮਿਲ ਹੋਏ।