ਪਹਿਲਗਾਮ ਹਮਲੇ ਦੀਆਂ ਤਾਰਾਂ ਵੇਖੋ ਕਿੱਥੇ ਜੁੜਨ ਲੱਗੀਆਂ.
ਐਨਆਈਏ ਨੇ ਪੰਜਾਬ ਦੇ ਦੋ ਜ਼ਿਲ੍ਹਿਆਂ 'ਚ ਕੀਤੀ ਛਾਪੇਮਾਰੀ ਕੀਤੀ
ਫਿਰੋਜ਼ਪੁਰ ਤੋਂ ਇਕ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਜੰਮੂ-ਕਸ਼ਮੀਰ ਦੇ
ਪਹਿਲਗਾਮ ਵਿੱਚ ਸੈਲਾਨੀਆਂ 'ਤੇ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਦੇ ਤਾਰ ਪੰਜਾਬ ਨਾਲ ਜੁੜਣੇ ਸ਼ੁਰੂ ਹੋ ਗਏ ਹਨ। ਜਾਣਕਾਰੀਆਂ ਅਨੁਸਾਰ ਐਨਆਈਏ ਦੀਆਂ ਟੀਮਾਂ ਨੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਸੂਬੇ ਦੇ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਇੱਕੋ ਸਮੇਂ ਛਾਪੇਮਾਰੀ ਕੀਤੀ ਦੱਸੀ ਜਾਂਦੀ ਹੈ।
ਮਿਲੀ ਜਾਣਕਾਰੀ ਅਨੁਸਾਰ ਐਨਆਈਏ ਨੇ ਅੰਮ੍ਰਿਤਸਰ ਦੀਆਂ ਤੰਗ ਗਲੀਆਂ ਵਿੱਚ ਸਥਿਤ ਪੰਜ ਹੋਟਲਾਂ ਅਤੇ ਫਿਰੋਜ਼ਪੁਰ ਵਿੱਚ ਦੋ ਹੋਟਲਾਂ ਅਤੇ ਇੱਕ ਹੋਟਲ ਮਾਲਕ ਪਰਿਵਾਰ ਦੇ ਘਰ ਦੀ ਤਲਾਸ਼ੀ ਲਈ।
ਸੂਤਰਾਂ ਅਨੁਸਾਰ ਐਨਆਈਏ ਪਾਕਿਸਤਾਨੋਂ ਆਈਆਂ ਕਥਿਤ ਫੋਨ ਕਾਲਾਂ ਦੀ ਪੈੜ ਨੱਪਦਿਆਂ ਵਪਾਰੀ ਦੇ ਘਰ ਤੱਕ ਆ ਪਹੁੰਚੀ। ਹਾਲਾਂਕਿ ਐਨਆਈਏ ਅਨੁਸਾਰ ਇਹ ਹੋਟਲ ਮਾਲਕ ਪਿਛਲੇ ਦਿਨੀਂ ਪਾਕਿਸਤਾਨ ਹੋ ਕੇ ਆਇਆ ਦੱਸਿਆ ਜਾ ਰਿਹਾ ਹੈ ਅਤੇ ਪਾਕਿਸਤਾਨ ਤੋਂ ਵਾਪਸ ਆਉਣ ਮਗਰੋਂ ਉਸਦੇ ਫ਼ੋਨ ਤੋਂ ਕੁਝ ਕਾਲਾਂ ਪਾਕਿਸਤਾਨ 'ਚ ਹੋਈਆਂ ਹਨ। ਐੱਨਆਈਏ ਦੀ ਟੀਮ ਨੇ ਪਿੰਡ ਮੱਲਵਾਲ ਸਥਿਤ ਉਸਦੇ ਘਰ ਅਤੇ ਸ਼ਹਿਰ ਦੇ ਇੰਡਸਟਰੀ ਏਰੀਆ ਵਿਚ ਸਥਿਤ ਉਸਦੇ ਹੋਟਲ ਤੇ ਛਾਪੇਮਾਰੀ ਕੀਤੀ ਹੈ। ਲੇਕਿਨ ਦੂਜੇ ਪਾਸੇ ਹੋਟਲ ਮਾਲਕ ਵੱਲੋਂ ਅਜਿਹੀ ਕਿਸੇ ਵੀ ਗਤੀਵਿਧੀ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਲਗਭਗ ਪੰਜ ਘੰਟੇ ਚੱਲੀ ਛਾਪੇਮਾਰੀ ਮਗਰੋਂ ਵਿਭਾਗੀ ਟੀਮ ਮੀਡੀਆ ਨਾਲ ਕੋਈ ਗੱਲਬਾਤ ਕੀਤਿਆਂ ਬਿਨਾਂ ਹੀ ਵਾਪਸ ਚਲੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਐਨਆਈਏ ਦੀ ਟੀਮ ਵੱਲੋਂ ਸਵੇਰੇ 9 ਵਜੇ ਦੇ ਲਗਪਗ ਸ਼ਹਿਰ ਦੇ ਇੰਡਸਟਰੀ ਏਰੀਆ ਸਥਿਤ ਹੋਟਲ ਵਿਚ ਛਾਪੇਮਾਰੀ ਕੀਤੀ ਗਈ ,ਇਸ ਤੋਂ ਇਲਾਵਾ ਵਿਭਾਗੀ ਟੀਮ ਨੇ ਹੋਟਲ ਮਾਲਕ ਦੇ ਪਿੰਡ ਮੱਲਵਾਲ ਸਥਿਤ ਉਸਦੇ ਘਰ ਵਿਚ ਵੀ ਤਲਾਸ਼ੀ ਮੁਹਿੰਮ ਚਲਾਈ।
ਉਧਰ ਐਨਆਈਏ ਦੀ ਛਾਪੇਮਾਰੀ ਸਬੰਧੀ ਹੋਟਲ ਮਾਲਕ ਮਨਜੀਤ ਸਿੰਘ ਨੇ ਦੱਸਿਆ ਕਿ ਐਨਆਈਏ ਨੇ ਅੱਜ ਸਵੇਰੇ ਉਨ੍ਹਾਂ ਦੇ ਘਰ ਅਤੇ ਹੋਟਲ 'ਤੇ ਛਾਪਾ ਮਾਰਿਆ ਸੀ। ਪੁੱਛਗਿੱਛ ਦੌਰਾਨ ਐਨਆਈਏ ਟੀਮ ਨੇ ਦੱਸਿਆ ਸੀ ਕਿ ਉਸਦੇ ਫੋਨ ਤੋਂ ਪਾਕਿਸਤਾਨ ਨੂੰ ਹੋਈਆਂ ਕਥਿਤ ਕਾਲਾਂ ਕਾਰਨ ਇਹ ਕਾਰਵਾਈ ਕੀਤੀ ਜਾ ਰਹੀ ਹੈ। ਮਨਦੀਪ ਸਿੰਘ ਨੇ ਦੱਸਿਆ ਕਿ ਅਜਿਹਾ ਕੁਝ ਨਹੀਂ ਹੈ। ਨਾ ਤਾਂ ਉਸਦਾ ਕਿਸੇ ਪਾਕਿਸਤਾਨੀ ਨਾਲ ਕੋਈ ਸਬੰਧ ਹੈ ਅਤੇ ਨਾ ਹੀ ਉਸਨੇ ਪਾਕਿਸਤਾਨ ਵਿਖੇ ਕੋਈ ਫੋਨ ਕੀਤਾ ਹੈ। ਘਰ ਦੀ ਪੂਰੀ ਜਾਂਚ ਅਤੇ ਤਲਾਸ਼ੀ ਦੌਰਾਨ ਐਨਆਈਏ ਨੂੰ ਕੁਝ ਨਹੀਂ ਮਿਲਿਆ ਅਤੇ ਟੀਮ ਵਾਪਸ ਚਲੀ ਗਈ। ਜਾਂਦੇ ਹੋਏ ਉਹ ਉਨ੍ਹਾਂ ਦੇ ਮੋਬਾਈਲ ਫੋਨ ਆਪਣੇ ਨਾਲ ਲੈ ਗਏ ਹਨ।
ਉਧਰ ਛਾਪੇਮਾਰੀ ਸਬੰਧੀ ਮਨਦੀਪ ਸਿੰਘ ਦੇ ਚਾਚਾ ਸਰਦੂਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਹੋਟਲ 'ਤੇ ਵੀ ਛਾਪਾ ਮਾਰਿਆ ਗਿਆ ਸੀ। ਉਸਦੇ ਅਤੇ ਉਸਦੇ ਸਾਰੇ ਸਟਾਫ ਦੇ ਫੋਨ ਚੈੱਕ ਕੀਤੇ ਗਏ ਪਰ ਟੀਮ ਨੂੰ ਕੁਝ ਵੀ ਨਹੀਂ ਮਿਲਿਆ। ਟੀਮ ਇਹ ਕਹਿ ਕੇ ਵਾਪਸ ਚਲੀ ਗਈ ਕਿ ਉਨ੍ਹਾਂ ਨੂੰ ਗਲਤ ਜਾਣਕਾਰੀ ਮਿਲੀ ਹੈ। ਪਰ ਸਰਦੂਲ ਸਿੰਘ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਸਬੂਤ ਦੇ ਅਜਿਹਾ ਛਾਪਾ ਮਾਰਨਾ ਗਲਤ ਹੈ, ਜਿਸ ਕਾਰਨ ਉਸਨੂੰ ਇਲਾਕੇ ਵਿੱਚ ਬਦਨਾਮੀ ਦਾ ਸਾਹਮਣਾ ਕਰਨਾ ਪਿਆ ਹੈ। ਉਹ ਇੱਕ ਸਾਫ਼-ਸੁਥਰੇ ਅਕਸ ਵਾਲਾ ਵਿਅਕਤੀ ਹੈ, ਜਿਸ ਬਾਰੇ ਸ਼ਹਿਰ ਦਾ ਕੋਈ ਵੀ ਵਿਅਕਤੀ ਪੁੱਛ ਸਕਦਾ ਹੈ। ਉਸਨੇ ਕਿਹਾ ਕਿ ਇਸ ਤਰ੍ਹਾਂ ਵਾਹਨਾਂ ਵਿੱਚ ਆਉਣਾ ਅਤੇ ਘਰਾਂ ਅਤੇ ਹੋਟਲਾਂ ਦੀ ਤਲਾਸ਼ੀ ਲੈਣਾ ਸਹੀ ਨਹੀਂ ਹੈ।
