ਲੁਧਿਆਣਾ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ 3 ਦੋਸ਼ੀ ਕੀਤੇ ਕਾਬੂ, ਇੱਕ ਫ਼ਰਾਰ.
ਲੁਧਿਆਣਾ (ਵਾਸੂ ਜੇਤਲੀ) - ਪੁਲਿਸ ਕਮਿਸ਼ਨਰ ਸ੍ਰੀ ਸ਼ਵਪਨ ਸ਼ਰਮਾ, ਡਿਪਟੀ ਕਮਿਸ਼ਨਰ ਪੁਲਿਸ ਸਿਟੀ ਸ਼੍ਰੀ ਰੁਪਿੰਦਰ ਸਿੰਘ, ਏਡੀਪੀਸੀ 3 ਸ੍ਰੀ ਕੰਵਲਪ੍ਰੀਤ ਸਿੰਘ ਚਾਹਲ ਅਤੇ ਸਹਾਇਕ ਕਮਿਸ਼ਨਰ ਪੁਲਿਸ ਵੈਸਟ ਲੁਧਿਆਣਾ ਸ਼ਹਿਰੀ ਜਤਿੰਦਰਪਾਲ ਸਿੰਘ ਦੀ ਅਗਵਾਈ ਹੇਠ ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਚਲਾਈ ਜਾ ਰਹੀ ਵਿਸ਼ੇਸ ਮੁਹਿੰਮ ਤਹਿਤ 3 ਦੋਸ਼ੀਆਂ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 3 ਦਾਤ, ਵਾਰਦਾਤ ਵਿੱਚ ਵਰਤੇ ਗਏ 4 ਮੋਟਰ ਸਾਈਕਲ ਅਤੇ 4 ਮੋਬਾਇਲ ਫੋਨ ਅਤੇ1 ਦਸਤਾ ਡੰਡਾ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ।
ਮਿਤੀ 30-04-2025 ਨੂੰ ਵਕਤ ਕਰੀਬ 8:45 PM ਤੇ 4 ਅਣਪਛਾਤੇ ਵਿਅਕਤੀਆ ਵੱਲੋਂ ਲੋਟਸ ਏ.ਵੀ ਇੰਟਰਨੈਸ਼ਨਲ ਡਿਪਾਰਟਮੈਂਟ ਸਟੋਰ 12ਬੀ ਕਿਚਲੂ ਨਗਰ ਲੁਧਿਆਣਾ ਅੰਦਰ ਦਾਖਲ ਹੋ ਕੇ ਮਾਲਕ ਵਨੀਤ ਅਨੇਜਾ ਅਤੇ ਉਸ ਦੀ ਪਤਨੀ ਆਰਤੀ ਅਨੇਜਾ ਪਾਸੋਂ 10000/- ਰੁਪਏ ਦੀ ਨਗਦੀ ਅਤੇ 2 ਮੋਬਾਇਲ ਫੋਨ ਦੀ ਮਾਰੂ ਹਥਿਆਰਾਂ ਦੀ ਨੋਕ 'ਤੇ ਲੁੱਟ ਕੀਤੀ ਸੀ। ਜਿਸ ਤੇ ਮੁਕੱਦਮਾ ਨੰਬਰ 44 ਮਿਤੀ 30-04-2025 IPC 331 (6), 309(4),3(5) BNS 2023 ਤਹਿਤ ਥਾਣਾ ਪੀ.ਏ.ਯੂ ਲੁਧਿਆਣਾ ਵਿੱਖੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਸੀ। ਜਿਸ ਤੇ ਇੰਸਪੈਕਟਰ ਹਰਸ਼ਵੀਰ ਸਿੰਘ ਮੁੱਖ ਅਫਸਰ ਥਾਣਾ ਪੀ.ਏ.ਯੂ ਲੁਧਿਆਣਾ ਦੀਆਂ ਵੱਖ ਵੱਖ ਪੁਲਿਸ ਪਾਰਟੀ ਵੱਲੋਂ ਸੀ.ਸੀ.ਟੀ.ਵੀ ਫੁੱਟੇਜ ਦੀ ਮਦਦ ਨਾਲ ਮੁਕੱਦਮਾ ਦੇ ਦੋਸ਼ੀਆਂ ਨੂੰ ਟਰੇਸ ਕਰਕੇ ਜਗਜੀਤ ਸਿੰਘ ਉਰਫ ਮੱਖਣ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਚਾਹੜ ਥਾਣਾ ਲਾਡੋਵਾਲ ਲੁਧਿਆਣਾ, ਬਬਲੂ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਰੱਜੋਵਾਲ ਲੁਧਿਆਣਾ, ਸਮੀਰ ਪੁੱਤਰ ਫੱਗੂ ਲਾਲ ਵਾਸੀ ਪਿੰਡ ਚਾਹੜ ਥਾਣਾ ਲਾਡੋਵਾਲ ਲੁਧਿਆਣਾ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਵਾਰਦਾਤ ਵਿੱਚ ਵਰਤੇ ਹਥਿਆਰ 3 ਦਾਤ ਅਤੇ 1 ਦਸਤਾ ਡੰਡਾ, 4 ਮੋਟਰ ਸਾਈਕਲ ਅਤੇ 4 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਹਨ। ਦੋਸ਼ੀਆਂ ਦੇ ਸਾਥੀ ਗੋਲੂ ਵਾਸੀ ਰੱਜੋਵਾਲ ਲੁਧਿਆਣਾ ਦੀ ਭਾਲ ਕੀਤੀ ਜਾ ਰਹੀ ਹੈ। ਜਿਸ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
