ਕੀ ਸੰਜੀਵ ਅਰੋੜਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਖੰਡਰਾਤ ਬਣੇ ਸਿਟੀ ਸੈਂਟਰ ਦਾ ਮਸਲਾ ਹੱਲ ਕਰਾਉਣਗੇ?.
ਲੁਧਿਆਣਾ (ਪ੍ਰਿਤਪਾਲ ਸਿੰਘ ਪਾਲੀ) - 2002 ਵਿੱਚ ਪੰਜਾਬ ਵਿੱਚ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸਮੇਂ ਸ਼ਹੀਦ ਭਗਤ ਸਿੰਘ ਨਗਰ ਵਿੱਚ ਲਗਭਗ 25 ਏਕੜ ਦੇ ਵਿੱਚ 'ਸਿਟੀ ਸੈਂਟਰ' ਬਣਨਾ ਆਰੰਭ ਹੋਇਆ ਸੀ, ਪਰ ਸਰਕਾਰ ਬਦਲਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਉਪਰ ਅਕਾਲੀ ਸਰਕਾਰ ਵੱਲੋਂ ਲੱਗੇ ਕਰੱਪਸ਼ਨ ਦੇ ਦੋਸ਼ਾਂ ਕਾਰਨ 'ਸਿਟੀ ਸੈਂਟਰ' ਬਣਨਾ ਬੰਦ ਹੋ ਗਿਆ। ਇਹ 'ਸਿਟੀ ਸੈਂਟਰ,' ਜਿਸ ਉਪਰ ਕਰੋੜਾਂ ਰੁਪਈਆ ਖਰਚ ਹੋ ਚੁੱਕਾ ਹੈ, ਇਸ ਵਕਤ ਖੰਡਰਾਤ ਦਾ ਰੂਪ ਧਾਰਨ ਕਰ ਰਿਹਾ ਹੈ। ਭਾਵੇਂ ਸਿੱਧੇ ਤੌਰ 'ਤੇ ਕਿਸੇ ਪੋਲੀਟੀਕਲ ਲੀਡਰ ਨੇ ਇਸ ਮਸਲੇ ਨੂੰ ਜ਼ੋਰਦਾਰ ਢੰਗ ਨਾਲ ਨਹੀਂ ਚੁੱਕਿਆ, ਪਰ ਆਉਂਦੇ ਜਾਂਦੇ ਲੋਕਾਂ ਨੂੰ ਇਹ ਖੰਡਰਾਤ ਨੱਕ ਚੜਾਉਂਦਾ ਹੈ। ਇਸਦੇ ਨੇੜੇ ਬਣੇ ਪਾਰਕ ਵਿੱਚ ਸੈਰ ਕਰਨ ਵਾਲੇ ਅਤੇ ਸ਼ਾਮ ਨੂੰ ਇਕੱਠੇ ਹੋ ਕੇ ਬੈਠਣ ਵਾਲੇ ਆਪਸ ਵਿੱਚ ਖੁੰਡ-ਚਰਚਾ ਜ਼ਰੂਰ ਕਰਦੇ ਹਨ ਕਿ 2002 ਤੋਂ ਬਾਅਦ ਦੋ ਵਾਰੀ ਅਕਾਲੀ ਸਰਕਾਰ ਬਣੀ, ਉਸ ਤੋਂ ਬਾਅਦ ਇੱਕ ਵਾਰ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਸਰਕਾਰ ਵੀ ਰਹਿ ਚੁੱਕੀ ਹੈ ਤੇ ਅੱਜ ਤਿੰਨ ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕੰਮ ਕਰ ਰਹੀ ਹੈ, ਪਰ ਇਸ ਅਹਿਮ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਮਰਹੂਮ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਨੇ ਕਿਹਾ ਸੀ ਕਿ ਇਸ ਜਗ੍ਹਾ 'ਤੇ ਹਸਪਤਾਲ ਬਣਵਾਇਆ ਜਾਏਗਾ। ਪਰ ਹੈਰਾਨੀ ਦੀ ਗੱਲ ਹੈ ਕਿ ਇਸ ਖੰਡਰਾਤ ਬਣ ਰਹੇ ਸਿਟੀ ਸੈਂਟਰ ਲਈ ਸਾਰੀਆਂ ਪਾਰਟੀਆਂ ਮੂਕਦਰਸ਼ਕ ਬਣ ਕੇ ਬੈਠੀਆਂ ਹੋਈਆਂ ਹਨ। ਇਸ ਜਗ੍ਹਾ ਦੀ ਕੀਮਤ ਲਗਭਗ ਪੰਜ ਗੁਣਾ ਤੱਕ ਵੱਧ ਚੁੱਕੀ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਅਗਰ ਸਰਕਾਰ ਮਸਲਾ ਹੱਲ ਕਰਨਾ ਚਾਹਵੇ ਤਾਂ ਕਿਹੜੀ ਗੱਲ ਦਾ ਮਸਲਾ ਹੱਲ ਨਹੀਂ ਹੋ ਸਕਦਾ? ਇਸ ਵਕਤ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਵਿੱਚ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਬੜੇ ਜ਼ੋਰ ਸ਼ੋਰ ਨਾਲ ਮਸਲੇ ਹੱਲ ਕਰਨ ਦੇ ਐਲਾਨ ਕਰ ਰਹੇ ਹਨ ਤਾਂ ਭਾਵੇਂ ਸਿੱਧੇ ਤੌਰ 'ਤੇ ਕਿਸੇ ਆਗੂ ਨੇ ਬਿਆਨ ਨਹੀਂ ਦਿੱਤਾ ਪਰ ਲੋਕਾਂ ਦੇ ਵਿੱਚ ਹਰ ਵਕਤ ਚਰਚਾ ਹੁੰਦੀ ਹੈ ਕਿ ਕੀ ਸੱਤਾਧਾਰੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਸੰਜੀਵ ਅਰੋੜਾ, ਜਿਹਨਾਂ ਨੂੰ ਆਮ ਆਦਮੀ ਪਾਰਟੀ ਨੇ ਜ਼ਿਮਨੀ ਚੋਣ ਵਿੱਚ ਉਤਾਰਿਆ ਹੈ, ਉਹ ਸਿਟੀ ਸੈਂਟਰ ਦਾ ਮਸਲਾ ਹੱਲ ਕਰਵਾਉਣਗੇ? ਇਹ ਇਕ ਬਹੁਤ ਵੱਡਾ ਸਵਾਲ ਖੜ੍ਹਾ ਹੈ। ਅਗਰ ਸ੍ਰੀ ਅਰੋੜਾ ਇਹ ਮਸਲਾ ਹੱਲ ਕਰਾ ਦੇਣ ਤਾਂ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਨਰਕ ਦਾ ਰੂਪ ਧਾਰਨ ਕਰੀ ਬੈਠਾ ਇਹ ਸਿਟੀ ਸੈਂਟਰ ਲੋਕਾਂ ਲਈ ਵਰਦਾਨ ਸਾਬਿਤ ਹੋ ਸਕਦਾ ਹੈ।
