ਕੈਨੇਡਾ ਦੇ PM ਮਾਰਕ ਕਾਰਨੀ ਤੇ US ਪ੍ਰੈਜ਼ੀਡੈਂਟ ਡੋਨਾਲਡ ਟਰੰਪ ਵਿਚਾਲੇ ਵ੍ਹਾਈਟ ਹਾਊਸ ਵਿਚ ਹੋਣ ਵਾਲੀ ਮੀਟਿੰਗ 'ਤੇ ਟਿਕੀਆਂ ਨਜ਼ਰਾਂ .

ਕਾਰਨੀ-ਟਰੰਪ ਮੁਲਾਕਾਤ 'ਤੇ ਟਿਕੀਆਂ ਨਜ਼ਰਾਂ
ਕੈਨੇਡਾਵਾਸੀਆਂ ਨੂੰ ਅੜਿੱਚਣਾਂ ਤੇ ਉਤਰਾਅ-ਚੜ੍ਹਾ ਦੇ ਬਾਵਜੂਦ ਕਾਰਨੀ ਤੋਂ ਕੈਨੇਡਾ ਲਈ ਸਭ ਤੋਂ ਵਧੀਆ ਸਮਝੌਤੇ ਲਈ ਡੱਟਣ ਦੀ ਆਸ
ਟੋਰਾਂਟੋ, 5 ਮਈ ( ਡਾ: ਹਰਕੰਵਲ ਕੋਰਪਾਲ) - ਰਾਜਨੀਤਿਕ ਗਲਿਆਰਿਆਂ ਸਮੇਤ ਕੈਨੇਡਾਵਾਸੀਆਂ ਦੀਆਂ ਨਜ਼ਰਾਂ ਇਸ ਵੇਲੇ ਇਸ ਗੱਲ ਨੂੰ ਲੈ ਕੇ ਲੱਗੀਆਂ ਹੋਈਆਂ ਹਨ ਕਿ ਚੌਥੀ ਵੇਰ ਸਰਕਾਰ ਬਣਾਉਣ ਦਾ ਇਤਿਹਾਸ ਰਚਣ ਵਾਲੀ ਲਿਬਰਲ ਪਾਰਟੀ ਦੇ ਮੋਹਰੀ ਆਗੂ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ 6 ਮਈ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵ੍ਹਾਈਟ ਹਾਊਸ ਵਿਚ ਹੋਣ ਵਾਲੀ ਆਪਣੀ ਪ੍ਰਸਤਾਵਿਤ ਮੁਲਾਕਾਤ ਵਿਚ ਟਰੰਪ ਦੇ ਟੈਰਿਫ਼ ਯੁੱਧ, ਕੈਨੇਡਾ ਦੀ ਪ੍ਰਭੂਸੱਤਾ ਉੱਪਰ ਉਸਦੇ ਕੀਤੇ ਜਾਂਦੇ ਰਹੇ ਕੁਟਿਲ ਹਮਲਿਆਂ ਅਤੇ ਇਸਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਨੂੰ ਲੈ ਕੇ ਸਾਮਰਾਜੀ ਧੌਂਸ ਦੀ ਤਨਜ਼ ਨਾਲ ਰੰਗੀ ਉਸਦੀ ਬਿਆਨਬਾਜ਼ੀ ਨਾਲ ਸਿੱਝਣ ਲਈ ਕਿਹੜਾ ਰਣਨੀਤਕ ਪੈਂਤੜਾ ਅਖ਼ਤਿਆਰ ਕਰਨਗੇ। ਜ਼ਿਕਰਯੋਗ ਹੈ ਕਿ ਉਕਤ ਮੁੱਦਿਆਂ ਨੂੰ ਲੈ ਕੇ ਮਾਰਕ ਕਾਰਨੀ ਕੈਨੇਡੀਅਨ ਵੋਟਰਾਂ  ਉਪਰ ਇਹ ਪ੍ਰਭਾਵ ਸਿਰਜਣ 'ਚ ਸਫ਼ਲ ਰਹੇ ਹਨ ਕਿ ਕੇਵਲ ਉਹੋ ਹੀ ਟਰੰਪ ਨੂੰ ਟੱਕਰ ਦੇ ਸਕਣ ਵਾਲੇ ਯੋਗ ਆਗੂ ਹਨ ਜਿਸਦੇ ਸਿੱਟੇ ਵਜੋਂ ਵੋਟਰਾਂ ਨੇ ਸੰਘੀ ਚੋਣਾਂ ਵਿਚ ਕੰਜ਼ਰਵੇਟਿਵ ਪਾਰਟੀ ਦੇ ਲਿਬਰਲ ਹਕੂਮਤ ਖਿਲਾਫ਼ 'ਤਬਦੀਲੀ ਦੇ ਸੱਦੇ' ਨੂੰ ਨਾਕਾਰਦਿਆਂ ਮਾਰਕ ਕਾਰਨੀ ਵਿਚ  ਵਧੇਰੇ ਵਿਸ਼ਵਾਸ਼ ਪ੍ਰਗਟ ਕੀਤਾ ਅਤੇ ਲਿਬਰਲ ਦੇ ਹੱਕ ਵਿਚ ਫ਼ਤਵਾ ਦਿਤਾ। ਮੁੱਖ ਮੁਕਾਬਲੇ ਵਿਚ ਕੰਜ਼ਰਵੇਟਿਵ ਦੇ ਸ਼ਿਕਸਤ  ਖਾ ਜਾਣ ਦਾ ਕਾਰਨ ਕੁਝ ਸਿਆਸੀ ਮਾਹਿਰ ਇਸਦੇ ਨੇਤਾ ਪੀਅਰੇ ਪੋਇਲੀਵਰ ਦੀ ਟਰੰਪ ਨੁਮਾ ਸ਼ੈਲੀ ਵਾਲੀ ਛਬੀ ਤੇ ਉਸਦੇ ਲੋੜੋਂ ਵੱਧ ਆਤਮ ਵਿਸਵਾਸ਼ ਨੂੰ ਸਮਝਦੇ ਹਨ ਜਦਕਿ ਐਨਡੀਪੀ ਨੇਤਾ ਜਗਮੀਤ ਸਿੰਘ ਦੀ ਹਾਰ ਅਤੇ ਉਸਦੀ ਪਾਰਟੀ ਦੇ ਸੁੰਗੜੇ ਵਜੂਦ ਨੇ ਇਹ ਸੰਕੇਤ ਦੇ ਦਿੱਤਾ ਹੈ ਕਿ ਬਹੁਸੱਭਿਆਚਾਰੀ ਦੇਸ਼ ਕੈਨੇਡਾ ਵਿਚ ਵੱਖਵਾਦੀ ਜਾਂ ਵਿਘਟਨਕਾਰੀ ਰਾਜਨੀਤੀ ਲਈ ਕੋਈ ਸਪੇਸ ਨਹੀਂ। ਇਸ ਤਰ੍ਹਾਂ 343 ਮੈਂਬਰੀ ਹਾਊਸ ਆਫ ਕਾਮਨਜ਼ ਵਿਚ ਲਿਬਰਲ ਪਾਰਟੀ ਨੇ 45ਵੀਂ ਸੰਸਦ ਲਈ 169 ਸੀਟਾਂ ਪ੍ਰਾਪਤ ਕੀਤੀਆਂ ਹਨ ਜੋ ਬਹੁਮਤ ਲਈ ਲੋੜੀਂਦੇ 172 ਸੀਟਾਂ ਦੇ ਅੰਕੜੇ ਤੋਂ ਤਿੰਨ ਸੀਟਾਂ ਘੱਟ ਹਨ ਜਦਕਿ ਮੁੱਖ ਵਿਰੋਧੀ  ਕੰਜ਼ਰਵੇਟਿਵ ਪਾਰਟੀ ਨੂੰ 144 ਸੀਟਾਂ, ਬਲਾਕ ਕਿਊਬੈੱਕ ਨੂੰ 23 ਅਤੇ ਐੱਨਡੀਪੀ ਨੂੰ 7 ਮਿਲੀਆਂ ਹਨ ਜਦਕਿ ਗਰੀਨ ਪਾਰਟੀ ਜਿਸਦੀ ਆਗੂ ਐਲਿਜ਼ਾਬੈਥ ਮੇਅ ਸਪੀਕਰ ਬਣਨ ਦੀ ਤਾਂਘਵਾਨ ਹੈ, ਪਾਸ ਸਿਰਫ਼ ਇੱਕ ਸੀਟ ਹੀ ਹੈ। ਵੋਟ ਪ੍ਰਾਪਤੀ ਪੱਖੋਂ ਲਿਬਰਲ ਪਾਰਟੀ ਨੇ 43.5 ਫ਼ੀਸਦੀ, ਕੰਜ਼ਰਵੇਟਿਵ ਪਾਰਟੀ ਨੇ 41.6 ਫ਼ੀਸਦੀ, ਬਲਾਕ ਕਿਊਬੈੱਕ ਨੇ 26 ਫ਼ੀਸਦੀ ਅਤੇ ਐੱਨ.ਡੀ.ਪੀ. ਨੇ 7 ਫ਼ੀਸਦੀ ਵੋਟ ਹਾਸਿਲ ਕੀਤੇ ਹਨ। 
ਸੰਘੀ ਚੋਣਾਂ ਜਿੱਤਣ ਪਿਛੋਂ 2 ਮਈ ਨੂੰ ਓਟਵਾ ਵਿਚ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਦੌਰਾਨ ਜਿਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 6 ਮਈ ਨੂੰ ਟਰੰਪ ਨਾਲ ਵ੍ਹਾਈਟ ਹਾਊਸ ਵਿਚ ਮੁਲਾਕਾਤ ਲਈ ਜਾਣ ਦੀ ਜਾਣਕਾਰੀ ਦਿੱਤੀ, ਉਥੇ 12 ਮਈ ਨੂੰ ਨਵੇਂ ਮੰਤਰੀ ਮੰਡਲ ਦੁਆਰਾ ਸਹੁੰ ਚੁੱਕਣ; 26 ਮਈ ਨੂੰ ਸੰਸਦ ਦੀ ਮੁੜ ਸ਼ੁਰੂਆਤ ਅਤੇ 27 ਮਈ ਨੂੰ ਕਿੰਗ ਚਾਰਲਸ ਦੁਆਰਾ ਰਾਜਗੱਦੀ ਭਾਸ਼ਣ ਦੇਣ ਦਾ ਪ੍ਰਗਟਾਵਾ ਵੀ ਕੀਤਾ। ਉਨਾਂ ਦੱਸਿਆ ਕਿ ਕਿੰਗ ਚਾਰਲਸ ਨੇ ਉਨ੍ਹਾਂ ਦਾ ਸੱਦਾ ਪ੍ਰਵਾਨ ਕਰ ਲਿਆ ਹੈ ਅਤੇ ਉਨਾਂ ਦਾ ਨਿੱਜੀ ਰੂਪ ਵਿਚ ਪਹੁੰਚ ਕੇ 'ਸਿੰਘਾਸਣ ਭਾਸ਼ਣ' ਦੇਣਾ ਕੈਨੇਡਾ ਦੀ ਪ੍ਰਭੂਸੱਤਾ ਨੂੰ ਦ੍ਰਿੜਾਉਣ ਦੀ ਹੀ ਤਸਦੀਕ ਹੈ ।       
       ਆਪਣੀ ਸਰਕਾਰ ਦੀਆਂ ਤਰਜੀਹਾਂ ਦੀ ਚਰਚਾ ਦੇ ਨਾਲ ਨਾਲ ਪੱਤਰਕਾਰਾਂ ਦੇ ਪ੍ਰਸ਼ਨਾਂ ਦੇ ਜਵਾਬ ਦਿੰਦਿਆਂ, ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਟਰੰਪ ਨਾਲ  ਵਪਾਰ ਅਤੇ ਸੁਰੱਖਿਆ ਦੇ ਮੁੱਦੇ 'ਤੇ ਉਨ੍ਹਾਂ ਨੂੰ 'ਮੁਸ਼ਕਿਲ ਪਰ ਉਸਾਰੂ  ਵਿਚਾਰ ਚਰਚਾਵਾਂ' ਦੀ ਉਮੀਦ ਹੈ ਅਤੇ ਉਹ ਪੂਰੀ ਤਿਆਰੀ ਨਾਲ ਵਾਰਤਾ ਲਈ ਜਾਣਗੇ, ਤਾਂ ਜੋ ਟਰੰਪ ਦੇ ਉਦੇਸ਼ਾਂ ਦੀ ਸਮਝ ਆਪਣੇ ਨਾਲ ਲਿਆ ਸਕਣ। ਮਾਰਕ ਕਾਰਨੀ ਨੇ ਕਿਹਾ ਕਿ "ਉਥੇ ਅੜਿੱਚਣਾਂ ਹੋਣਗੀਆਂ, ਉਤਰਾਅ ਚੜ੍ਹਾਅ ਵੀ ਹੋਣਗੇ ਪਰ ਮੈਂ ਕੈਨੇਡਾ ਲਈ ਸਭ ਤੋਂ ਵਧੀਆ ਸਮਝੌਤੇ ਲਈ ਲੜਾਂਗਾ।'' ਆਸ਼ਾਵਾਦੀ ਸੁਰ 'ਚ ਉਨ੍ਹਾਂ ਇਹ ਟਿੱਪਣੀ ਵੀ ਕੀਤੀ ਕਿ ਜ਼ਰੂਰੀ ਨਹੀਂ ਕਿ ਵ੍ਹਾਈਟ ਹਾਊਸ ਦੀ ਚਿਮਨੀ 'ਚੋਂ ਚਿੱਟਾ ਧੂੰਆਂ ਹੀ ਨਜ਼ਰ ਆਵੇ। ਉਨ੍ਹਾਂ ਦੀ ਇਸ ਟਿੱਪਣੀ ਨੂੰ ਕੁਝ ਉਹ ਸਿਆਸੀ ਚਿੰਤਕ ਸ਼ੰਕਾਵਾਦੀ ਸੰਭਾਵਨਾ ਵਾਲੀ ਵੀ ਕਹਿ ਰਹੇ ਹਨ, ਜੋ ਲਿਬਰਲ ਪਾਰਟੀ ਦੀ ਜਿੱਤ ਨੂੰ ਧਰੁਵੀਕਰਨ ਦੀ ਸੱਜੇ ਪੱਖੀ ਸਿਆਸਤ ਖ਼ਿਲਾਫ਼ ਫ਼ਤਵੇ ਵਜੋਂ ਵੇਖਦੇ ਹਨ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਸਪੱਸ਼ਟ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਨੇ ਮੁਲਾਕਾਤ ਲਈ ਬੁਲਾਵੇ ਬਾਰੇ ਫੋਨ 'ਤੇ ਗੱਲਬਾਤ ਦੌਰਾਨ ਐਤਕਾਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਸੰਬੰਧੀ ਕੋਈ ਟਿੱਪਣੀ ਨਹੀਂ ਕੀਤੀ । ਨਾਲ ਹੀ ਉਨ੍ਹਾਂ ਕਿਹਾ ਕਿ ਇੱਛਾ ਨੂੰ ਹਕੀਕਤ ਤੋਂ ਵੱਖਰਾ ਰੱਖਣਾਂ ਹਮੇਸ਼ਾਂ ਹੀ ਮਹੱਤਵਪੂਰਨ ਹੁੰਦਾ ਹੈ ਅਤੇ ਕੈਨੇਡੀਅਨਾਂ ਨੇ ਇਹ ਭਲੀਭਾਂਤ ਪੈਗ਼ਾਮ ਦਿੱਤਾ ਹੈ ਕਿ ਕੈਨੇਡਾ ਕਦੇ ਵੀ ਅਮਰੀਕਾ ਵਿਚ ਸ਼ਾਮਿਲ ਨਹੀਂ ਹੋਵੇਗਾ । ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਨਿਰੰਤਰ ਵਿਗਸਦੀ ਰਹੀ ਏਕਤਾ 'ਤੇ ਆਧਾਰਿਤ ਸਾਡਾ ਪੁਰਾਣਾ ਰਿਸ਼ਤਾ ਖ਼ਤਮ ਹੋ ਗਿਆ ਹੈ ਅਤੇ ਹੁਣ ਸਵਾਲ ਇਹ ਹੈ ਕਿ ਸਾਡੇ ਇਹ ਮੁਲਕ ਭਵਿੱਖ ਵਿਚ ਕਿਵੇਂ ਸਹਿਯੋਗ ਕਰਨਗੇ ਅਤੇ ਕੈਨੇਡਾ ਤੇ ਅਮਰੀਕਾ ਦੀ ਬਜਾਏ ਦੂਸਰੇ ਦੇਸ਼ਾਂ ਨਾਲ ਮਜ਼ਬੂਤ ਵਪਾਰਕ ਸਾਂਝੇਦਾਰੀ ਬਣਾਉਣ ਦੇ ਫੈਸਲੇ ਲੈਣਗੇ । ਉਨਾਂ ਕਿਹਾ ਕਿ ਟਰੰਪ ਦੀ ਵਪਾਰਕ ਨੀਤੀ ਨਾਲ ਨਜਿੱਠਣ ਲਈ ਰਣਨੀਤੀ ਵਿਉਂਤਣ ਵਾਸਤੇ ਉਨ੍ਹਾਂ ਨੇ ਹੋਰਨਾਂ ਵਿਪੱਖੀ ਪਾਰਟੀਆਂ ਦੇ ਪ੍ਰਮੁਖ ਲੀਡਰਾਂ ਨਾਲ ਗੱਲਬਾਤ ਵੀ ਕੀਤੀ ਹੈ ਅਤੇ ਉਮੀਦ ਹੈ ਕਿ ਸਾਰੇ ਇਕੋ ਦਿਸ਼ਾ ਵਿਚ ਚੱਲਣਗੇ।
ਇਹ ਪੁੱਛੇ ਜਾਣ 'ਤੇ ਕੀ ਉਹ ਸੰਸਦ ਵਿਚ ਆਪਣਾ ਬਹੁਮਤ ਸਾਬਤ ਕਰਨ ਲਈ ਪਿਛਲੀ ਲਿਬਰਲ ਸਰਕਾਰ ਦੀ ਸਹਿਯੋਗੀ ਰਹੀ ਐਨਡੀਪੀ ਤੋਂ ਸਮਰਥਨ ਲੈਣਗੇ, ਤਾਂ ਉਨ੍ਹਾਂ ਸਾਫ਼ ਇਨਕਾਰ ਕਰ ਦਿੱਤਾ।
ਆਪਣੇ ਮੰਤਰੀ ਮੰਡਲ ਦੇ ਗਠਨ ਸਮੇਂ ਜਸਟਿਨ ਟਰੂਡੋ ਦੇ ਵਜ਼ਾਰਤੀ ਮੰਡਲ ਵਾਂਗ ਹੀ ਲਿੰਗ ਸਮਾਨਤਾ ਨਿਯਮ 'ਤੇ ਪਾਬੰਦ ਰਹਿਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਮੰਤਰੀ ਮੰਡਲ ਵਿਚ ਪੁਰਸ਼ਾਂ ਅਤੇ ਔਰਤਾਂ ਨੂੰ ਬਰਾਬਰ ਦੀ ਪ੍ਰਤੀਨਿਧਤਾ ਦੇਣਗੇ। ਉਨ੍ਹਾਂ ਨੇ ਅਲਬਰਟਾ ਸੀਟ (ਬੈਟਲ ਰੀਵਰ- ਕਰਾਅਫੁਟ) ਖ਼ਾਲੀ ਹੋਣ 'ਤੇ ਉਥੋਂ ਜਲਦ ਜ਼ਿਮਨੀ ਚੋਣ ਕਰਾਉਣ ਦੀ ਯਕੀਨਦਹਾਨੀ ਵੀ ਕੀਤੀ। ਜ਼ਿਕਰਯੋਗ ਹੈ ਕਿ ਉਕਤ ਅਲਬਰਟਾ ਸੀਟ ਤੋਂ ਜੇਤੂ ਰਹੇ ਕੰਜ਼ਰਵੇਟਿਵ ਐਮ.ਪੀ. ਡੈਮੀਅਨ ਕੁਰੇਕ ਨੇ ਇਹ ਸੀਟ ਅਪਣੇ ਆਗੂ ਪੀਅਰੇ ਪੋਇਲੀਵਰ ਲਈ ਛੱਡਣ ਦੀ ਪੇਸ਼ਕਸ਼ ਕੀਤੀ ਹੈ ਤਾਂ ਜੋ ਉਹ ਇਥੋਂ  ਜਿੱਤ ਕੇ ਸੰਸਦ 'ਚ ਜਾ ਸਕਣ ਅਤੇ ਵਿਪੱਖੀ ਧਿਰ ਦੇ ਨੇਤਾ ਦੀ ਭੂਮਿਕਾ ਨਿਭਾ ਸਕਣ।  ਪੀਅਰੇ ਪੋਇਲੀਵਰ ਨੇ ਆਪਣੇ ਪਾਰਟੀ ਸਾਥੀ ਦੀ ਇਹ ਪੇਸ਼ਕਸ਼ ਕਬੂਲ ਕਰ ਲਈ ਹੈ।                             ਇਮੀਗ੍ਰੇਸ਼ਨ ਬਾਰੇ ਸੁਆਲਾਂ ਦਾ ਜਵਾਬ ਦਿੰਦਿਆਂ ਮਾਰਕ ਕਾਰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ 2027 ਦੇ ਅੰਤ ਤੀਕ ਅਸਥਾਈ ਕਰਮਚਾਰੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਦੀ ਕੁਲ ਆਬਾਦੀ ਦੇ ਪੰਜ ਪ੍ਰਤੀਸ਼ਤ ਤਕ ਸੀਮਤ ਕਰਨ ਦਾ ਇਰਾਦਾ ਰੱਖਦੀ ਹੈ। ਉਨ੍ਹਾਂ ਕਿਹਾ ਕਿ 7.3 ਪ੍ਰਤੀਸ਼ਤ ਦੇ ਉਚ ਪੱਧਰ ਤੋਂ ਤੇਜ਼ ਗਿਰਾਵਟ ਨਾਲ ਇਮੀਗ੍ਰੇਸ਼ਨ ਨੂੰ ਮੁੜ ਟਿਕਾਊ ਪੱਧਰ 'ਤੇ ਲਿਆਂਦਾ ਜਾਵੇਗਾ ਜਿਸ ਨਾਲ ਰਿਹਾਇਸ਼ੀ ਸਮੱਸਿਆ, ਜਨਤਕ ਬੁਨਿਆਦੀ ਢਾਂਚੇ ਤੇ ਸਮਾਜਿਕ ਸੇਵਾਵਾਂ 'ਤੇ ਦਬਾਅ ਘੱਟ ਕਰਨ ਵਿਚ ਮਦਦ ਮਿਲੇਗੀI 
ਉਨ੍ਹਾਂ ਨੇ ਕੈਨੇਡਾ ਦੀਆਂ ਹਥਿਆਰਬੰਦ ਫੌਜਾਂ 'ਤੇ ਖਰਚ ਵਧਾਉਣ ਦੇ ਆਪਣੇ ਦਾਅਵੇ ਨੂੰ ਦੁਹਰਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਪਾਰਟੀ ਪਲੇਟਫ਼ਾਰਮ (ਚੋਣ ਮਨੋਰਥ ਪੱਤਰ) ਵਿਚ  ਸਭ ਤੋਂ ਵੱਡਾ ਨਿਵੇਸ਼ ਰੱਖਿਆ ਬਜਟ ਵਿਚ 31 ਬਿਲੀਅਨ ਡਾਲਰ ਦਾ ਵਾਧਾ ਹੈ। ਉਨ੍ਹਾਂ ਨੇ ਸਰਹੱਦੀ ਸੁਰੱਖਿਆ ਦੀ ਮਜ਼ਬੂਤੀ ਲਈ ਇੱਕ ਹਜ਼ਾਰ ਹੋਰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਧਿਕਾਰੀ ਭਰਤੀ ਕਰਨ ਅਤੇ ਰੱਖਿਆ ਕਾਨੂੰਨ ਦੇ ਲਾਗੂਕਰਨ ਦੀ ਮਜ਼ਬੂਤੀ ਹਿਤ ਇਕ ਹਜ਼ਾਰ ਹੋਰ ਆਰਸੀਐਮਪੀ ਅਧਿਕਾਰੀ ਨਿਯੁਕਤ ਕਰਨ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਜਨਰਲ ਮੋਟਰਜ਼ ਵੱਲੋ ਓਸ਼ਾਵਾ ਅਸੈਂਬਲੀ ਪਲਾਂਟ ਤੋਂ 750 ਕਰਮਚਾਰੀਆਂ ਦੀ ਨੌਕਰੀ ਤੋਂ ਛਾਂਟੀ ਨੂੰ ਲੈਕੇ ਪ੍ਰਭਾਵਿਤ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਕੈਨੇਡਾ ਦੇ ਜਵਾਬੀ ਟੈਰਿਫ਼ ਤੋਂ ਪ੍ਰਾਪਤ ਅਨੁਮਾਨਿਤ 20 ਬਿਲੀਅਨ ਡਾਲਰ ਰਾਸ਼ੀ ਅਜਿਹੇ ਲੋਕਾਂ ਦੀ ਮਦਦ ਲਈ ਦਿੱਤੀ ਜਾਵੇਗੀ।
ਯਾਦ ਰਹੇ 45ਵੀਆਂ ਫ਼ੈਡਰਲ ਚੋਣਾਂ 'ਚ  ਭਾਰਤੀ ਮੂਲ ਦੇ 65 ਉਮੀਦਵਾਰ ਮੈਦਾਨ ਵਿਚ ਸਨ ਜਿਨ੍ਹਾਂ 'ਚੋਂ ਪੰਜਾਬ ਮੂਲ ਦੇ 22 ਉਮੀਦਵਾਰਾਂ ਨੇ ਸੀਟਾਂ ਜਿੱਤੀਆਂ ਹਨ ਜਿਨ੍ਹਾਂ 'ਚ ਲਿਬਰਲ ਪਾਰਟੀ ਵੱਲੋਂ 12 ਅਤੇ ਕੰਜ਼ਰਵੇਟਿਵ ਪਾਰਟੀ ਵੱਲੋਂ 10 ਉਮੀਦਵਾਰ ਜੇਤੂ ਰਹੇ ਹਨ। ਇਸਤਰੀ ਉਮੀਦਵਾਰਾਂ ਵਿਚੋਂ ਤੀਜੀ ਵਾਰ ਜੇਤੂ ਲਿਬਰਲ ਆਗੂ ਅਨੀਤਾ ਆਨੰਦ,  ਜੋ ਜਸਟਿਨ ਟਰੂਡੋ ਅਤੇ ਮਾਰਕ ਕਾਰਨੀ ਦੋਵਾਂ ਪ੍ਰਧਾਨ ਮੰਤਰੀਆਂ ਦੀਆਂ ਸਰਕਾਰਾਂ ਵਿਚ ਵਿਸ਼ੇਸ਼ ਵਿਭਾਗਾਂ ਦੇ ਮੰਤਰੀ ਰਹੇ ਹਨ, ਨੂੰ ਨਵੇਂ ਮੰਤਰੀ ਮੰਡਲ 'ਚ ਵੀ ਲਏ ਜਾਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।
  ਮਾਰਕ ਕਾਰਨੀ ਦੀ ਰਹਿਨੁਮਾਈ ਹੇਠ ਲਿਬਰਲ ਸਰਕਾਰ ਦੀ ਕਾਇਮੀ ਨੂੰ ਲੈਕੇ ਕੈਨੇਡਾ 'ਚ ਰਹਿ ਰਹੇ ਭਾਰਤ ਮੂਲ ਦੇ ਅੰਦਾਜ਼ਨ 1.86 ਮਿਲੀਅਨ ਪਰਵਾਸੀਆਂ ਵਲੋਂ' ਭਾਰਤ ਅਤੇ ਕੈਨੇਡਾ ਦੇ ਦੁਵੱਲੇ ਸੰਬੰਧਾਂ 'ਚ ਪੈਦਾ ਖੜੋਤ ਦੀ ਸਥਿਤੀ ਖਤਮ ਹੋਣ ਅਤੇ ਸੁਖਾਵੇਂਪਨ ਦੀ ਪੁਨਰ ਲਹਿਰ ਪੈਦਾ ਹੋਣ ਦੀ ਆਸ ਪ੍ਰਗਟਾਈ ਜਾ ਰਹੀ ਹੈ । ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਸਭ ਤੋਂ ਪਹਿਲੇ ਪ੍ਰਧਾਨ ਮੰਤਰੀ ਹਨ ਜਿੰਨ੍ਹਾਂ ਨੇ ਮਾਰਕ ਕਾਰਨੀ ਨੂੰ ਉਸਦੀ ਜਿੱਤ 'ਤੇ ਮੁਬਾਰਕਵਾਦ ਪੇਸ਼ ਕਰਕੇ ਦੋਵੇਂ ਦੇਸ਼ਾਂ ਦੇ ਸੰਬੰਧਾਂ 'ਚ ਮੁੜ ਸੁਧਾਰ ਲਈ ਸੰਕੇਤਕ ਹੁੰਗਾਰਾ ਦਿੱਤਾ ਹੈ ਅਤੇ ਮਾਰਕ ਕਾਰਨੀ ਨੇ ਇਸਦਾ ਸਕਾਰਾਤਮਕ ਸਮਰਥਨ ਕੀਤਾ ਹੈ। ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਟੈਰਿਫ਼ ਨੀਤੀਆਂ ਅਤੇ ਕੈਨੇਡਾ ਦੀ  ਖੁਦਮੁਖਤਿਆਰੀ ਪ੍ਰਤੀ ਉਸਦੀਆਂ ਟਿੱਪਣੀਆਂ ਦੇ ਮੱਦੇਨਜ਼ਰ ਹੁਣ ਹੋਰਨਾਂ ਦੇਸ਼ਾਂ ਨਾਲ ਵਪਾਰ ਸੰਬੰਧ ਵਧਾਉਣ ਦੇ ਇੱਛੁਕ ਹਨ। ਇਹ ਸਥਿਤੀ ਭਾਰਤ-ਕੈਨੇਡਾ ਦੋਵਾਂ ਦੇਸ਼ਾਂ ਦੇ ਮੌਜੂਦਾ ਹਾਂ-ਪੱਖੀ ਰਵਈਏ ਲਈ ਪੜੁੱਲ ਬਣ ਸਕਦੀ ਹੈ। ਵਰਨਣਯੋਗ ਹੈ ਕਿ ਭਾਰਤ ਅਤੇ ਕੈਨੇਡਾ ਵੱਡੀਆਂ ਅਰਥ ਵਿਵਸਥਾਵਾਂ ਵਜੋਂ ਜੀ-20 ਸਮੂਹ ਦਾ ਹਿੱਸਾ ਹਨ।ਦੋਵਾਂ ਦਰਮਿਆਨ 2023 ਵਿਚ ਆਯਾਤ ਨਿਰਯਾਤ ਦਾ ਦੁਵੱਲਾ ਵਪਾਰ 9.36 ਬਿਲੀਅਨ ਡਾਲਰ ਸੀ ਪ੍ਰੰਤੂ ਸਤੰਬਰ 2024 ਵਿਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੋਂ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉਲਾਰਵਾਦੀ ਰਵਈਏ ਕਾਰਨ ਕੂਟਨੀਤਕ ਤਣਾਅ ਪੈਦਾ ਹੋ ਗਿਆ ਸੀ ਜਿਸਦੇ ਚੱਲਦਿਆਂ ਅਕਤੂਬਰ 2024 ਵਿਚ ਦੋਵਾਂ ਦੇਸ਼ਾਂ ਵੱਲੋਂ ਇਕ ਦੂਜੇ ਦੇ ਛੇ ਛੇ ਡਿਪਲੋਮੈਟਾਂ ਨੂੰ ਕੱਢਣ ਨਾਲ ਸੰਬੰਧਾਂ 'ਚ ਤਰੇੜਾਂ ਪਿਛੋਂ ਡੈੱਡਲਾਕ ਪੈਦਾ ਹੋ ਗਿਆ ਸੀ। ਮਾਰਕ ਕਾਰਨੀ ਵਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਵਾਗਡੋਰ ਸੰਭਾਲਣ ਅਤੇ ਸਥਿਰ ਲਿਬਰਲ ਸਰਕਾਰ ਦੀ ਕਾਇਮੀ ਨਾਲ ਭਾਰਤ-ਕੈਨੇਡਾ ਦੋਵੇਂ ਦੇਸ਼ਾਂ ਦੇ ਸੰਬੰਧਾਂ ਨੂੰ ਸੁਖਾਵੇਂਪਨ ਲਈ ਨਵਾਂ ਹੁਲਾਰਾ ਮਿਲਣ ਦੀ ਤੀਬਰ ਸੰਭਾਵਨਾ ਨੂੰ ਲੈਕੇ  ਪਰਵਾਸੀ ਭਾਰਤੀਆਂ ਦੇ ਦਿਲਾਂ ' ਚ ਨਵੀਆਂ ਆਸ਼ਾਵਾਂ ਦੀ ਲੋਅ ਉਭਰੀ ਹੈ।
ਡਾ: ਹਰਕੰਵਲ ਕੋਰਪਾਲ