350 ਸਾਲਾਂ ਸ਼ਹੀਦੀ ਸ਼ਤਾਬਦੀ ਦੇ ਸਬੰਧ 'ਚ ਜਵੱਦੀ ਟਕਸਾਲ ਵਿਖੇ ਤਿੰਨ ਰੋਜਾ ਵਿਸ਼ਵ ਕਾਨਫਰੰਸ ਆਰੰਭ.
ਲੁਧਿਆਣਾ, 10 ਮਈ (ਪ੍ਰਿਤਪਾਲ ਸਿੰਘ ਪਾਲੀ )-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਮਤੀ ਦਾਸ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ "ਵਿਸਮਾਦ ਨਾਦ" ਸੰਸਥਾ ਵਲੋਂ ਤਿੰਨ ਰੋਜਾ ਵਿਸ਼ਵ ਕਾਨਫਰੰਸ ਦੀ ਆਰੰਭਤਾ, ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਗੁਰ ਸ਼ਬਦ ਸੰਗੀਤ ਅਕੈਡਮੀ ਦੇ ਹੋਣਹਾਰ ਵਿਦਿਆਰਥੀ ਭਾਈ ਭਰਤ ਸਿੰਘ ਦੇ ਕੀਰਤਨੀ ਜੱਥੇ ਵਲੋਂ ਤੰਤੀ ਸਾਜ਼ਾਂ ਦੇ ਸੁਮੇਲ ਕੀਤੇ ਕੀਰਤਨ ਨਾਲ ਹੋਈ।
ਕਾਨਫਰੰਸ ਦੇ ਆਰੰਭ 'ਚ ਸੰਤ ਬਾਬਾ ਅਮੀਰ ਸਿੰਘ ਜੀ ਵੱਲੋ ਦਿੱਤੇ ਸੰਦੇਸ਼ ਚ ਉਨ੍ਹਾਂ ਆਪਣੇ ਵੱਡੇ ਮਹਾਂਪੁਰਸ਼ ਸੰਤ ਬਾਬਾ ਸੁੱਚਾ ਸਿੰਘ ਜੀ ਵਲੋਂ ਕਰਵਾਈਆਂ ਵੀਚਾਰ ਗੋਸ਼ਟੀਆਂ ਅਤੇ ਗੁਰਮਤਿ ਸੰਗੀਤ ਦੇ ਖੇਤਰ ਤੋਂ ਇਲਾਵਾ ਗੁਰਬਾਣੀ ਸਿੱਖ ਇਤਿਹਾਸ ਆਦਿ ਪੱਖਾਂ ਦੇ ਪ੍ਰਚਾਰ ਪਸਾਰ ਆਦਿ ਦੇ ਨਿਰੰਤਰ ਕਾਰਜਸ਼ੀਲ ਰਹਿਣ ਦੇ ਸੰਕਲਪ ਨੂੰ ਦ੍ਰਿੜਾਇਆ। ਉਨ੍ਹਾਂ ਅੱਜ ਦੀ ਕਾਨਫਰੰਸ ਸਬੰਧੀ ਬੋਲਦਿਆ ਕਿਹਾ ਕਿ ਸੰਗਤ ਨੂੰ ਯੂਨੀਵਰਸਿਟੀਆਂ ਦੇ ਵਿਦਵਾਨਾਂ ਵਲੋਂ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਘਾਲਣਾਵਾਂ ਨੂੰ ਕਿਸ ਪੱਖ ਨਾਲ ਲਿਆ ਜਾਂਦਾ ਹੈ ਕਿਵੇਂ ਖੋਜ ਕੀਤੀ ਜਾਂਦੀ ਹੈ ਆਦਿ ਪੱਖਾਂ ਨੂੰ ਨੇੜਿਓ ਹੋ ਕੇ ਜਾਨਣ ਦਾ ਸਬੱਬ ਬਣੇਗਾ। ਕਾਨਫਰੰਸ ਦੇ ਕੋਆਡੀਨੇਟਰ ਡਾ: ਹਰਜੋਧ ਸਿੰਘ ਦੀ ਕਾਨਫਰੰਸ ਪ੍ਰਤੀ ਸਖ਼ਤ ਘਾਲਣਾ ਦੇ ਪਿਆਰ ਅਤੇ ਸ਼ਿੱਦਤ ਸਦਕਾ ਕਾਨਫਰੰਸ ਵਿਚ ਪੁੱਜੇ
ਮੁੱਖ ਮਹਿਮਾਨ ਪ੍ਰੋਫੈਸਰ ਕਰਮਜੀਤ ਸਿੰਘ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ "ਸ਼ਹਾਦਤ" ਦੇ ਮੂਲ ਸ਼ਬਦ, ਸਿੱਖ ਸੁਰਤਿ ਵਲੋਂ ਯਾਦ ਅਤੇ ਸੰਭਾਲ, ਸਮਭਾਵੀ ਸ਼ਬਦ ਆਦਿ ਪੱਖਾਂ ਦੇ ਹਵਾਲਿਆਂ ਨਾਲ ਸਿੱਖ ਪ੍ਰੰਪਰਾ 'ਚ ਸ਼ਹਾਦਤ ਦੇ ਨਿਵੇਕਲੇ ਅਰਥ ਉਜਾਗਰ ਕਰਨ ਵਾਲੇ ਵਰਤਾਰਿਆਂ ਨੂੰ ਆਪੋ ਆਪਣੇ ਪਰਚਿਆਂ ਚ ਪੜ੍ਹਦਿਆਂ ਸਿੱਖ ਸਭਿਆਚਾਰ ਵਲੋਂ ਇਕ ਫਲਸਫੇ ਦੇ ਤੌਰ ਤੇ ਅਪਣਾਉਣ, ਸਿੱਖ ਇਤਿਹਾਸ ਵਿਚਲੀਆਂ ਸ਼ਹਾਦਤਾਂ ਦੇ ਅੰਤਰੀਵ ਭੇਦ ਖੋਲ੍ਹੇ। ਕਾਨਫਰੰਸ ਪ੍ਰਧਾਨਗੀ ਡਾ: ਸੁਲੱਖਣ ਸਿੰਘ ਅਤੇ ਡਾ: ਚੇਤਨ ਸਿੰਘ ਨੇ ਕੀਤੀ।
ਡਾ: ਮਹਿੰਦਰ ਸਿੰਘ ਡਾਇਰੈਕਟਰ ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ਨੇ ਅਤਿ ਸੂਖਮ ਨੀਝ ਰਾਹੀਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਪਿੱਛੇ ਕੰਮ ਕਰਦੇ ਅਧਿਆਤਮਿਕ ਪਸਾਰੇ ਅਤੇ ਮੁਗਲ ਬਾਦਸ਼ਾਹ ਦੇ ਰੂਹਾਨੀ ਸੰਕਟਾਂ ਚ ਵਿਸ਼ਲੇਸ਼ਣ ਕੀਤਾ।
ਵਿਦਵਾਨ ਸਿੱਖ ਚਿੰਤਕ ਡਾ: ਅਨੁਰਾਗ ਸਿੰਘ ਨੇ ਕੁੰਜੀਵਤ ਭਾਸ਼ਣ ਦੌਰਾਨ ਵਿਦਵਾਨਾਂ ਦੀਆਂ ਪੁਸਤਕਾਂ ਦੇ ਹਵਾਲਿਆਂ ਅਤੇ ਉਨ੍ਹਾਂ ਦੇ ਮੱਤ-ਭੇਦ ਸਪੱਸ਼ਟ ਕਰਦਿਆਂ ਵਿਸ਼ਲੇਸ਼ਣ ਸਾਹਮਣੇ ਲਿਆਉਂਦਿਆਂ ਸ਼ਹਾਦਤ ਦੀਆਂ ਬੇਅੰਤ ਸੂਖਮ ਰਮਜ਼ਾਂ ਨੂੰ ਖੋਲਿਆ।
ਸਰਦਾਰ ਰਣਜੋਧ ਸਿੰਘ ਪ੍ਰਧਾਨ ਰਾਮਗੜੀਆ ਐਜੂਕੇਸ਼ਨ ਕੌਂਸਲ ਲੁਧਿਆਣਾ ਨੇ ਧੰਨਵਾਦੀ ਸ਼ਬਦ 'ਚ ਪੰਥਕ ਦ੍ਰਿਸ਼ਟੀਕੋਣ ਅਤੇ ਪੰਥਕ ਚੇਤਨਾ ਦੀ ਸਾਂਝੀ ਦ੍ਰਿਸ਼ਟੀ ਤੋਂ "ਸ਼ਹਾਦਤ" ਨੂੰ ਵੇਖਦਿਆਂ ਬਹੁਪਸਾਰੀ ਵਰਤਾਰਿਆਂ 'ਚ ਪ੍ਰਚਲਤ ਅਰਥਾਂ ਘੇਰਿਆਂ ਨੂੰ ਤੋੜਦਿਆਂ ਸੁਰਤਿ ਦੇ ਨਵੀਂ ਪਸਾਰ ਦ੍ਰਿਸ਼ਟੀਕੋਣ ਆਦਿ ਪੱਖਾਂ ਨੂੰ ਫਰੋਲਿਆ ਅਤੇ ਜਵੱਦੀ ਟਕਸਾਲ ਵਲੋਂ ਸੀਮਤ ਸਾਧਨਾ ਦੇ ਬਾਵਜ਼ੂਦ ਵੱਡੇ ਕਾਰਜ ਨਿਭਾਉਣ ਆਦਿ ਬਦਲੇ ਧੰਨਵਾਦ ਕਰਦਿਆ ਪਹਿਲੇ ਦਿਨ ਪੁੱਜੀਆਂ ਵਿਦਵਾਨ ਸ਼ਖਸ਼ੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।
ਚਿੰਤਨ ਅਤੇ ਸਾਧਨਾ ਦਾ ਸੁਮੇਲ ਡਾ: ਮਦਨਜੀਤ ਕੌਰ ਸਾਬਕਾ ਮੁਖੀ ਗੁਰੂ ਗੋਬਿੰਦ ਸਿੰਘ ਚੇਅਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਵੱਖ-ਵੱਖ ਕਾਲਜਾਂ ਦੇ ਪ੍ਰਿਸਿਪਲਾਂ ਨੂੰ ਸਨਮਾਨਿਤ ਕੀਤਾ। ਡਾਕਟਰ ਚੇਤਨ ਸਿੰਘ ਸਾਬਕਾ ਡਾ: ਜਗਮੋਹਣ ਸਿੰਘ ਗਿੱਲ, ਡਾਇਰੈਕਟਰ ਭਾਸ਼ਾ ਵਿਭਾਗ, ਡਾ: ਰਾਜਵਿੰਦਰ ਸਿੰਘ ਜੋਗਾ, ਪ੍ਰਿ: ਡਾ: ਬਲਜੀਤ ਸਿੰਘ ਗਿੱਲ, ਡਾ: ਨਿਰਮਲ ਜੌੜਾ, ਡਾ: ਅਮਰਜੀਤ ਸਿੰਘ, ਸ੍ਰ: ਚਰਨਜੀਤ ਸਿੰਘ, ਸ੍ਰ: ਸਤਨਾਮ ਸਿੰਘ ਕੋਮਲ, ਡਾ: ਅੰਮ੍ਰਿਤ ਕੌਰ, ਡਾ: ਸੁਰਜੀਤ ਕੌਰ, ਰੁਪਿੰਦਰਪਾਲ ਸਿੰਘ, ਪੋ: ਅਗਰੀਸ਼ ਮੁਹੰਮਦ ਆਦਿ ਵਿਦਵਾਨਾਂ ਨੇ ਗੁਰੂ ਸਾਹਿਬ ਜੀ ਦੇ ਜੀਵਨ ਸ਼ਹਾਦਤ ਸਬੰਧੀ ਵਿਚਾਰ ਸਾਂਝੇ ਕਰਦਿਆਂ ਜੀਵਨ ਰਹਿਨੁਮਾਈ ਕਿਵੇਂ ਕਰੀਏ ਆਦਿ ਪੱਖਾਂ ਨੂੰ ਵਿਚਾਰਿਆ। ਡਾ: ਸੁਖਪਾਲ ਕੌਰ ਅਤੇ ਬੀਬੀ ਹਰਪ੍ਰੀਤ ਕੌਰ ਨੇ ਸਟੇਜ ਸੰਚਾਲਨ ਦੀ ਅਹਿਮ ਭੂਮਿਕਾ ਨਿਭਾਈ।
