ਜਵੱਦੀ ਟਕਸਾਲ ਵੱਲੋਂ ਕਰਵਾਈ ਕਾਨਫਰੰਸ ਸਮਾਪਤ.
ਸੰਤ ਬਾਬਾ ਅਮੀਰ ਸਿੰਘ ਵਲੋਂ ਕਾਂਨਫਰੰਸ ਦੀ ਸਫਲਤਾ 'ਚ ਸਹਿਯੋਗ ਦੇਣ ਬਦਲੇ ਸਹਿਯੋਗੀਆਂ ਦਾ ਧੰਨਵਾਦ
ਲੁਧਿਆਣਾ 12 ਮਈ (ਪ੍ਰਿਤਪਾਲ ਸਿੰਘ ਪਾਲੀ) - ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾਂ ਗੁਰਤਾਗੱਦੀ ਨੂੰ ਸਮਰਪਿਤ ਜਵੱਦੀ ਟਕਸਾਲ ਵੱਲੋਂ ਕਰਵਾਈ ਦੋ ਰੋਜਾ ਕਾਨਫਰੰਸ ਦੀ ਸਮਾਪਤੀ ਉਪਰੰਤ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਜੀ ਨੇ ਸਵੱਲੀ ਨਜ਼ਰ ਦੀ ਦ੍ਰਿਸ਼ਟੀ ਪਾ ਕੇ ਨਿਮਾਣਿਆਂ ਨੂੰ ਮਾਣ ਬਖਸ਼ਦਿਆਂ ਧਰਮ ਖੇਤਰ ਨਾਲ ਸੰਬੰਧਿਤ ਕਾਰਜ ਕਰਵਾ ਰਹੇ ਹਨ। ਉਨ੍ਹਾਂ ਕਾਨਫਰੰਸ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਕਾਨਫਰੰਸ ਤਿੰਨ ਦਿਨ ਲਈ ਉਲੀਕੀ ਗਈ ਸੀ, ਪਰ ਗੁਆਢੀਂ ਮੁਲਕ ਨਾਲ ਬਣੇ ਤਨਾਅ ਦੇ ਹਾਲਾਤਾਂ ਕਾਰਣ ਸਾਨੂੰ ਦੋ ਦਿਨਾਂ ਵਿਚ ਸੰਕੋਚਣ ਲਈ ਮਜਬੂਰ ਹੋਣਾ ਪਿਆ। ਬਾਬਾ ਜੀ ਨੇ ਦੱਸਿਆ ਕਿ ਅਤਿ ਹੰਗਾਮੀ ਹਾਲਾਤਾਂ ਦੇ ਬਾਵਜੂਦ, ਸੰਤ ਮਹਾਂਪੁਰਸਾਂ, ਯੂਨੀਵਰਸਿਟੀ ਦੇ ਮੌਜੂਦਾ ਤੇ ਸਾਬਕਾ ਵਾਈਸ ਚਾਂਸਲਰਾਂ, ਧਰਮ ਅਧਿਐਨ/ਖੋਜ ਖੇਤਰ ਨਾਲ ਸਬੰਧਿਤ ਵਿਦਵਾਨ ਡਾਕਟਰ, ਪ੍ਰੋਫੈਸਰ, ਰਿਸਰਚ ਸਕਾਲਰ ਸਾਹਿਬਾਨ ਆਦਿ ਅਹਿਮ ਸ਼ਖਸ਼ੀਅਤਾਂ ਨੇ ਦਿਲਚਸਪੀ ਨਾਲ ਉਚੇਚੇ ਤੌਰ 'ਤੇ ਸ਼ਮੂਲੀਅਤ ਕਰਕੇ ਕਾਨਫਰੰਸ ਦੀ ਸ਼ੋਭਾ ਵਧਾਈ। ਉਥੇ ਵੱਡੇ ਮਹਾਂਪੁਰਸ਼ਾਂ ਦੇ ਵੇਲੇ ਤੋਂ ਜਵੱਦੀ ਟਕਸਾਲ ਨਾਲ ਜੁੜੀਆਂ ਸੰਗਤਾਂ ਨੇ ਅਤੇ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਨੇ ਕਾਨਫਰੰਸ ਦੀ ਸਫਲਤਾ ਲਈ ਅਣਥੱਕ ਸੇਵਾਵਾਂ ਨਿਭਾਈਆਂ। ਬਾਬਾ ਜੀ ਨੇ ਸ਼ਹੀਦੀ ਕਾਨਫਰੰਸ ਦੀ ਸਫਲਤਾ ਲਈ ਸਹਿਯੋਗ ਨਿਭਾਉਣ ਵਾਲੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੱਡੇ ਮਹਾਂਪੁਰਸ਼ਾਂ ਵੱਲੋਂ ਦਰਸਾਏ ਮਾਰਗ ਅਨੁਸਾਰ ਧਰਮ ਖੇਤਰ ਨਾਲ ਸੰਬੰਧਿਤ ਨਿਰੰਤਰ ਕਾਰਜਸ਼ੀਲ ਰਹਾਂਗੇ। ਉਨ੍ਹਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਨੇ ਧਰਮ ਦੀ ਆਜ਼ਾਦੀ ਬਚਾਉਣ ਲਈ ਆਪਣੀ ਸ਼ਹੀਦੀ ਦਿੱਤੀ। ਇਹ ਵਰ੍ਹਾ ਉਨ੍ਹਾਂ ਦੀ ਸ਼ਹੀਦੀ ਦੇ 350 ਸਾਲਾ ਹੈ। ਇਸ ਲਈ ਦ੍ਰਿੜਤਾ ਨਾਲ ਪ੍ਰਣ ਕਰੀਏ ਕਿ ਆਪਣੇ ਧਰਮ ਦੀਆਂ ਕਦਰਾਂ ਕੀਮਤਾਂ ਅਨੁਸਾਰ ਹੀ ਜੀਵਨ ਬਸਰ ਕਰੀਏ। ਏਧਰ-ਓਧਰ ਨਿਗ੍ਹਾ ਵੀ ਮਾਰੀਏ ਕਿ ਕੋਈ ਸਿੱਖੀ ਤੋਂ ਦੂਰ ਨਾ ਜਾਵੇ, ਨਸ਼ਿਆਂ ਦਲ-ਦਲ 'ਚ ਨਾ ਫਸੇ।
