ਸ਼ਹੀਦ ਭਾਈ ਮਤੀ ਦਾਸ ਦੇ ਪਰਿਵਾਰ ਦੀ ਨੌਵੀਂ ਪੀੜ੍ਹੀ ਵਿੱਚੋਂ ਭਾਈ ਚਰਨਜੀਤ ਸਿੰਘ ਨੂੰ ਪ੍ਰਮੁੱਖ ਸ਼ਖਸ਼ੀਅਤਾਂ ਵੱਲੋ ਜੈਕਾਰਿਆਂ ਦੀ ਗੂੰਜ 'ਚ ਕੀਤਾ ਗਿਆ ਸਨਮਾਨਿਤ.

ਗੁਰੂ ਸਾਹਿਬਾਂ ਵੱਲੋ ਸਾਡੇ ਪੁਰਖਿਆਂ ਨੂੰ ਬਖਸ਼ੇ ਇਤਿਹਾਸਕ ਹੁਕਮਨਾਮੇ ਤੇ ਨਿਸ਼ਾਨੀਆਂ ਕੌਮ ਦੀ ਅਨਮੋਲ ਵਿਰਾਸਤ- ਭਾਈ ਚਰਨਜੀਤ ਸਿੰਘ

ਲੁਧਿਆਣਾ, 13 ਮਈ (ਰਾਕੇਸ਼ ਅਰੋੜਾ) - ਸ਼ਹੀਦ ਕਿਸੇ ਵੀ ਧਰਮ, ਕੌਮ ਜਾਂ ਦੇਸ਼ ਦਾ ਵਡਮੁੱਲਾ ਸਰਮਾਇਆ ਹੁੰਦੇ ਹਨ।ਜੇਕਰ ਸੰਸਾਰ ਦਾ ਇਤਿਹਾਸ ਕਿਸੇ ਨੇ ਕਲਮ ਨਾਲ ਲਿਖਿਆ ਹੈ ਤਾਂ ਸਿੱਖ ਕੌਮ ਦਾ ਇਤਿਹਾਸ ਖੂਨ ਦੀ ਸਿਆਹੀ ਲਾ ਕੇ ਖੰਡੇ ਦੀ ਧਾਰ ਨਾਲ ਲਿਖਿਆ ਹੈ ਤਾਂ ਹੀ ਸਿੱਖ ਕੌਮ ਦੀ ਸਭ ਤੋ ਵੱਡੀ ਪ੍ਰਾਪਤੀ ਇਸਦੇ ਸ਼ਹੀਦ ਹੀ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਸਰਪੰਚ ਸ.ਗੁਰਚਰਨ ਸਿੰਘ ਖੁਰਾਣਾ ਤੇ ਸ. ਸੁਖਵਿੰਦਰਪਾਲ ਸਿੰਘ ਸਰਨਾ ਜਨ.ਸਕੱਤਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮਾਡਲ ਟਾਊਨ ਐਕਸਟੈਨਸ਼ਨ ਨੇ  ਅੱਜ ਸਾਂਝੇ ਰੂਪ ਵਿੱਚ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਤੀ ਦਾਸ ਜੀ ਦੇ ਪਰਿਵਾਰ ਦੀ ਨੌਵੀਂ ਪੀੜ੍ਹੀ(ਵੰਸ਼ਜ) ਵਿੱਚੋਂ ਭਾਈ ਚਰਨਜੀਤ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਮੌਕੇ ਇਕੱਤਰ ਹੋਈਆਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਕੀਤਾ।ਉਨ੍ਹਾਂ ਨੇ ਕਿਹਾ ਕਿ ਹਿੰਦੂ ਧਰਮ ਦੀ ਰੱਖਿਆ ਲਈ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਣਾ ਸੀਸ ਭੇਟ ਕਰਕੇ ਲਾਸਾਨੀ ਸ਼ਹਾਦਤ ਦੇਣ ਵਾਲੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਅਤੇ ਉਨ੍ਹਾਂ ਦੇ ਅਨਿਨ ਸੇਵਕ ਭਾਈ ਮਤੀ ਦਾਸ,ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ ਕੁਰਬਾਨੀ ਨਿਰਭਉ- ਨਿਰਵੈਰ, ਧਰਮ ਰੱਖਿਅਕ ਅਤੇ ਤਿਆਗ ਦੇ ਪ੍ਰਤੀਕ ਹੈ। ਜਿਸ ਤੋ ਸਮੁੱਚੇ ਸਮਾਜ ਨੂੰ ਸੇਧ ਲੈਣ ਦੀ ਲੋੜ ਹੈ।ਸ.ਸੁਖਵਿੰਦਰਪਾਲ ਸਿੰਘ ਸਰਨਾ ਨੇ ਕਿਹਾ ਕਿ ਸਾਡੇ ਸਾਰਿਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅਸੀਂ ਕੌਮ ਦੇ ਮਹਾਨ ਸ਼ਹੀਦ ਭਾਈ ਮਤੀ ਦਾਸ ਜੀ ਦੀ ਨੌਵੀਂ ਪੀੜ੍ਹੀ ਵਿਚੋਂ ਕਿਰਤੀ ਸਿੰਘ ਦੇ ਰੂਪ ਵੱਜੋਂ ਧਰਮ ਪ੍ਰਚਾਰ ਦੀ ਸੇਵਾ ਨਿਭਾ ਰਹੇ ਭਾਈ ਚਰਨਜੀਤ ਸਿੰਘ ਜੀ ਨੂੰ ਸਨਮਾਨਿਤ ਕਰਨ ਵਿੱਚ ਫ਼ਖਰ ਮਹਿਸੂਸ ਕਰ ਰਹੇ ਹਾਂ।ਇਸ ਦੌਰਾਨ ਸ਼ਹੀਦ ਭਾਈ ਮਤੀ ਦਾਸ ਜੀ ਦੇ ਪਰਿਵਾਰ ਦੀ ਨੌਵੀਂ ਪੀੜ੍ਹੀ ਵਿੱਚੋਂ ਭਾਈ ਚਰਨਜੀਤ ਸਿੰਘ ਨੇ ਸਮੂਹ ਸ਼ਖਸ਼ੀਅਤਾਂ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਗੁਰੂ ਸਾਹਿਬਾਨ ਵੱਲੋ ਉਨ੍ਹਾਂ ਦੇ ਪੁਰਖਿਆਂ ਨੂੰ ਪ੍ਰੇਮ ਤੇ ਸਤਿਕਾਰ ਸਾਹਿਤ ਸੌਪੇ ਗਏ ਇਤਿਹਾਸਕ ਹੁਕਮਨਾਮੇ,ਇਤਿਹਾਸਕ ਵਸਤਾਂ ਦੀਆਂ ਤਸਵੀਰਾਂ ਅਤੇ ਸ਼ਹੀਦ ਭਾਈ ਮਤੀ ਦਾਸ ਜੀ ਦੇ ਪੁਰਖਿਆਂ ਅਤੇ ਬਾਅਦ ਦੇ ਪਰਿਵਾਰ ਦੀ ਸਮੁੱਚੀ ਬੰਸਾਵਲੀ ਵੀ ਦਿਖਾਈ ਅਤੇ ਕਿਹਾ ਕਿ ਇਹ ਇਤਿਹਾਸਕ ਨਿਸ਼ਾਨੀਆਂ ਤੇ ਵਸਤਾਂ ਸਮੁੱਚੀ ਕੌਮ ਦੀ ਅਨਮੋਲ ਵਿਰਾਸਤ ਹਨ।ਇਸ ਲਈ ਸਾਡਾ ਪਰਿਵਾਰ ਚਾਹੁੰਦਾ ਹੈ ਕਿ ਇਨ੍ਹਾਂ ਇਤਿਹਾਸਕ ਵਸਤਾਂ ਦੀ ਸੰਭਾਲ ਪੁਖਤਾ ਤੇ ਸਚਾਰੂ ਢੰਗ ਨਾਲ ਹੋ ਸਕੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਕੁਰਬਾਨੀਆਂ ਭਰੇ ਇਤਿਹਾਸ ਤੋ ਪ੍ਰੇਣਾ ਤੇ ਸੇਧ ਲੈ ਸਕਣ।ਇਸ ਮੌਕੇ ਉੱਘੇ ਸਮਾਜ ਸੇਵੀ ਸਰਪੰਚ ਗੁਰਚਰਨ ਸਿੰਘ ਖੁਰਾਣਾ ,ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਪ੍ਰਬੰਧਕ ਕਮੇਟੀ ਦੇ ਜਨ.ਸਕੱਤਰ ਸੁਖਵਿੰਦਰਪਾਲ ਸਿੰਘ ਸਰਨਾ, ਨਵਪ੍ਰੀਤ ਸਿੰਘ ਬਿੰਦਰਾ(ਮੈਬਰ ਟਰੱਸਟ) ਹਰਪ੍ਰੀਤ ਸਿੰਘ ਰਾਜਧਾਨੀ( ਮੈਬਰ ਟਰੱਸਟ) ਸਮੇਤ ਜਸਪ੍ਰੀਤ ਸਿੰਘ ਮਕੱੜ ਤੇ ਇਸ਼ਮੀਤ ਸਿੰਘ ਮਕੱੜ ਨੇ ਜੈਕਾਰਿਆਂ ਦੀ ਗੂੰਜ ਵਿੱਚ ਸ਼ਹੀਦ ਭਾਈ ਮਤੀ ਦਾਸ ਦੇ ਪਰਿਵਾਰ ਦੀ ਨੌਵੀਂ ਪੀੜ੍ਹੀ ਵਿੱਚੋਂ ਭਾਈ ਚਰਨਜੀਤ ਸਿੰਘ ਜੀ ਨੂੰ ਦੁਸ਼ਾਲਾ, ਸਿਰਪਾਉ ਤੇ ਸਨਮਾਨ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ।