ਜਵੱਦੀ ਟਕਸਾਲ ਵਿਖੇ ਜੇਠ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਮਹੀਨਾਵਾਰੀ ਸਮਾਗਮ ਕਰਵਾਏ.


ਨਾਮ ਸਿਮਰਨ ਕਰਨ ਵਾਲੇ ਨੂੰ ਹਰ ਰੰਗ ਚੰਗੇ ਲੱਗਦੇ ਨੇ, ਹਰ ਘਟਨਾ ਸਹਿਜ ਰੂਪ ਜਾਪਦੀ ਹੈ-ਸੰਤ ਅਮੀਰ ਸਿੰਘ


ਲੁਧਿਆਣਾ 14 ਮਈ (ਪ੍ਰਿਤਪਾਲ ਸਿੰਘ ਪਾਲੀ
)- ਜਵੱਦੀ ਟਕਸਾਲ ਵਿਖੇ ਅੱਜ ਜੇਠ ਮਹੀਨੇ ਦੀ ਸੰਗਰਾਂਦ ਦੇ ਸ਼ੁਭ ਦਿਹਾੜੇ ਮਹੀਨਾਵਾਰੀ ਸਮਾਗਮ ਕਰਵਾਏ ਗਏ। ਸੰਤ ਬਾਬਾ ਅਮੀਰ ਸਿੰਘ ਜੀ ਨੇ ਬਾਰਹ ਮਾਹ ਤੁਖਰੀ ਅਤੇ  ਮਾਂਝ ਦੇ ਹਵਾਲਿਆਂ ਨਾਲ ਗੁਰਬਾਣੀ ਸ਼ਬਦਾਂ ਦੀ ਜੀਵਨ ਵਿਚ ਅਹਿਮੀਅਤ ਨੂੰ ਸਮਝਾਉਂਦਿਆਂ ਫ਼ੁਰਮਾਇਆ ਕਿ ਪਰਮਾਤਮਾ ਦਾ ਪਵਿੱਤਰ ਨਾਮ ਸੱਚੇ ਗੁਰੂ ਗਿਆਨ ਅਤੇ ਗੁਰੂ ਦੀ ਸੰਗਤ ਕਰਦਿਆਂ, ਦੁਰਲਭ ਮਨੁੱਖਾ ਜਨਮ ਸਫਲ ਕਰਨ ਦਾ ਸਬੱਬ ਬਣਦਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਪਵਿੱਤਰ ਨਾਮ ਨਾਲ ਜੁੜ ਕੇ, ਉਸਦੀ ਸ਼ਰਨ ਪਿਆਂ ਦੀ ਉਹ ਰੱਖਿਆ ਕਰਦਾ ਹੈ। ਮਨੁੱਖ ਪ੍ਰਭੂ ਨਾਮ ਨਾਲ ਜੁੜ ਕੇ ਜਮਾਂ ਦੀ ਫਾਹੀ  ਤੋਂ ਬਚਿਆ ਰਹਿੰਦਾ ਹੈ। ਬਾਬਾ ਜੀ ਨੇ ਜੋਰ ਦਿੰਦਿਆਂ ਸਮਝਾਇਆ ਕਿ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਅਜਿਹਾ ਕੀਮਤੀ ਮੋਤੀ ਹੈ। ਜਿਸ ਨੂੰ ਪ੍ਰਾਪਤ ਕਰਨ ਵਾਲੇ ਜੀਵ ਤੋਂ ਕੋਈ "ਨਾਮ" ਕੋਈ ਖੋਹ ਨਹੀਂ ਸਕਦਾ, ਨਾ ਕੋਈ ਚੋਰੀ ਕੇ ਸਕਦਾ ਹੈ। ਨਾਮ ਸਿਮਰਨ ਕਰਨ ਵਾਲੇ ਨੂੰ ਹਰ ਰੰਗ ਚੰਗੇ ਲੱਗਦੇ ਨੇ, ਹਰ ਘਟਨਾ ਸਹਿਜ ਰੂਪ ਜਾਪਦੀ ਹੈ, ਕੋਈ ਪ੍ਰੇਸ਼ਾਨੀ ਨਹੀਂ ਰਹਿੰਦੀ। ਦਰ ਅਸਲ ਪਰਮਾਤਮਾ ਜੋ ਚਾਹੁੰਦਾ ਹੈ ਉਹੀ ਕਰਦਾ ਹੈ, ਉਹੀ ਜੀਵਾਂ ਤੋਂ ਕਰਾਉਂਦਾ ਹੈ, ਜੀਵ ਉਸੇ ਤਰਾਂ ਕਰਦੇ ਨੇ। ਪਰ, ਉਹ ਸੁਭਾਗੇ ਜਨ ਹੀ ਹੁੰਦੇ ਨੇ, ਜਿਨਾਂ ਨੂੰ ਮਾਲਕ ਆਪਣਾ ਬਣਾ ਲੈਂਦਾ ਹੈ। ਉਨ੍ਹਾਂ ਦੀ ਸ਼ੋਭਾ, ਉਨ੍ਹਾਂ ਨੂੰ ਧੰਨਤਾ ਦੇ ਯੋਗ ਬਣਾ ਦਿੰਦਾ ਹੈ। ਬਾਬਾ ਜੀ ਨੇ ਸੁਚੇਤ ਕੀਤਾ ਕਿ ਜੇਕਰ ਮਨੁੱਖ ਦੇ ਆਪਣੇ ਯਤਨ ਫਲਦਾਇਕ ਹੋ ਸਕਦੇ ਹੋਣ ਤਾਂ ਉਹ ਮਾਲਕ ਤੋਂ ਕਿਉਂ ਵਿਛੜੇ ਤੇ ਕਿਉਂ ਹੋਏ?  ਇਸ ਕਰਕੇ ਜੇਕਰ ਸੱਚੇ ਗੁਰੂ ਦਾ ਸਾਥ ਮਿਲ ਜਾਵੇ ਤਾਂ ਹੀ ਰੂਹਾਨੀ ਜੀਵਨ ਮਿਲ ਸਕਦਾ ਹੈ। ਜਿਸ ਵਿੱਚ ਅਸਲ ਆਨੰਦ ਹੈ, ਜਿਸ ਮਨੁੱਖ ਦੇ ਮੱਥੇ ਦੇ ਭਾਗ ਪ੍ਰਗਟ ਹੋਣ ਉਸਨੂੰ ਮਨੁੱਖਾ ਜੀਵਨ ਰੂਪੀ ਜੇਠ ਦਾ ਮਹੀਨਾ ਦੁਖਦਾਇਕ ਨਹੀਂ ਬਲਕਿ ਰੰਗਲ ਤੇ ਆਨੰਦ ਦਾਇਕ ਬਣਿਆ ਰਹਿੰਦਾ ਹੈ।