ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਹੋਇਆ.
ਨਾਮ" ਅਮੋਲਕ ਹੈ, ਆਪੋ-ਆਪਣੇ ਕਾਰ-ਵਿਹਾਰ ਕਰਦਿਆਂ ਵੀ "ਨਾਮ" ਜਪਦੇ ਰਹਿਣਾ ਚਾਹੀਦਾ ਹੈ- ਸੰਤ ਅਮੀਰ ਸਿੰਘ
ਲੁਧਿਆਣਾ, 25 ਮਈ (ਪ੍ਰਿਤਪਾਲ ਸਿੰਘ ਪਾਲੀ)- ਗੁਰਬਾਣੀ ਪ੍ਰਚਾਰ-ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਹੋਇਆ। ਸਮਾਗਮ ਦੌਰਾਨ ਜੁੜੀਆਂ ਸੰਗਤਾਂ ਵਿੱਚ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਤ ਬਾਬਾ ਅਮੀਰ ਸਿੰਘ ਜੀ ਨੇ ਸਮਝਾਇਆ ਕਿ "ਨਾਮ" ਜਪਣ ਨਾਲ ਜੀਵ ਭਵਸਾਗਰ ਪਾਰ ਕਰਦਾ ਹੈ ਤੇ ਨਾਮ ਜਪਣ ਵਾਲੇ ਨੂੰ ਸੱਚੀ ਦਰਗਾਹ ਦੀ ਪ੍ਰਾਪਤੀ ਹੁੰਦੀ ਹੈ। ਉਨ੍ਹਾਂ ਜੋਰ ਦਿੰਦਿਆਂ ਫੁਰਮਾਇ ਕਿ "ਨਾਮ" ਦੇ ਬਰਾਬਰ ਹੋਰ ਕੁਝ ਨਹੀਂ ਹੋ ਸਕਦਾ। "ਨਾਮ" ਅਮੋਲਕ ਹੈ, ਇਸ ਲਈ ਆਪੋ-ਆਪਣੇ ਕਾਰ-ਵਿਹਾਰ ਕਰਦਿਆਂ ਵੀ "ਨਾਮ" ਜਪਦੇ ਰਹਿਣਾ ਚਾਹੀਦਾ ਹੈ। ਕਿਉਕਿ "ਨਾਮ" ਤੋਂ ਬਿਨਾਂ ਪ੍ਰਮਾਤਮਾਂ ਨਹੀਂ ਮਿਲਦਾ। "ਨਾਮ" ਦੀ ਕਮਾਈ ਮਨੁੱਖਾ ਜੀਵਨ ਵਿਚ ਹੀ ਹੋ ਸਕਦੀ ਹੈ, ਹੋਰ ਕਿਸੇ ਜੂਨ ਵਿੱਚ ਨਹੀਂ। "ਨਾਮ" ਜਪਣ ਨਾਲ ਜੀਵਨ ਨੂੰ ਸੇਧ ਮਿਲਦੀ ਹੈ, ਨਾਮ ਜਪਣ ਨਾਲ ਜਨਮਾਂ-ਜਨਮਾਂ ਦੇ ਪਾਪ ਕੱਟੇ ਜਾਂਦੇ ਹਨ। ਉਨ੍ਹਾਂ ਗੁਰਬਾਣੀ ਵਿਚਲੇ ਵੱਖ-ਵੱਖ ਸ਼ਬਦਾਂ ਦੇ ਹਵਾਲੇ ਦਿੰਦਿਆਂ ਸਪੱਸ਼ਟ ਕੀਤਾ ਕਿ "ਸੁਖਮਨੀ ਸਾਹਿਬ" ਅੰਦਰ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਹਨ "ਪ੍ਰਭ ਕਾ ਸਿਮਰਨੁ ਸਭ ਤੇ ਊਚਾ॥..." ਇਸਦਾ ਭਾਵ ਅਰਥ ਪ੍ਰਮਾਤਮਾਂ ਦਾ "ਨਾਮ ਸਿਮਰਨ" ਸਭ ਕਰਮਾਂ ਤੋਂ ਉੱਚਾ ਹੈ। ਪ੍ਰਮਾਤਮਾਂ ਦੇ ਨਾਮ ਸਿਮਰਨ ਨਾਲ ਬਹੁਤ ਜੀਵ ਤਰੇ ਹਨ। ਨਾਮ ਸਿਮਰਨ ਨਾਲ ਤ੍ਰਿਸ਼ਨਾ ਮਿਟ ਜਾਂਦੀ ਹੈ। ਸਭ ਕੁਝ ਦੀ ਸਮਝ ਆਉਣ ਲਗਦੀ ਹੈ, ਨਾਮ ਜਪਣ ਵਾਲੇ ਨੂੰ ਜਮਾਂ ਦਾ ਡਰ ਨਹੀਂ ਰਹਿੰਦਾ। ਨਾਮ ਸਿਮਰਨ ਨਾਲ ਆਸਾਂ ਪੂਰੀਆਂ ਹੁੰਦੀਆਂ ਹਨ ਮਨ ਦੀ ਮੈਲ ਕੱਟੀ ਜਾਂਦੀ ਹੈ, ਨਾਮ ਹਿਰਦੇ ਵਿਚ ਵਸ ਜਾਂਦਾ ਹੈ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਗੁਰਮੁਖਾਂ ਦੀ ਰਸਨਾਂ ਤੇ ਵਸਣ ਲੱਗਦਾ ਹੈ।
