ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਵਾਰਡ 72 ਦੇ ਅਧੀਨ ਆਉਂਦੇ ਜਵਾਹਰ ਕੈਂਪ ਦੇ ਇੰਚਾਰਜਾਂ ਨਾਲ ਕੀਤੀ ਮੀਟਿੰਗ.

 

ਕਿਹਾ : ਪਾਰਟੀ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਨਿਸ਼ਚਿਤ ਹੈ


ਲੁਧਿਆਣਾ (ਅਸ਼ਵਨੀ ਅਹੂਜਾ) : ਲੁਧਿਆਣਾ ਪੱਛਮੀ ਉਪਚੁਣਾਅ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਚੋਣ ਪ੍ਰਚਾਰ ਨੂੰ ਹੋਰ ਤੇਜ਼ੀ ਦੇਣ ਲਈ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਵਾਰਡ ਨੰਬਰ 72 ਦੇ ਜਵਾਹਰ ਕੈਂਪ ਦੇ ਇੰਚਾਰਜਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਇਲਾਕੇ ਵਿੱਚ ਘਰ-ਘਰ ਚੋਣ ਪ੍ਰਚਾਰ ਕੀਤਾ।


ਸ੍ਰੀ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਲੋਕ ਕਾਫੀ ਪ੍ਰਭਾਵਿਤ ਹਨ ਅਤੇ ਚੋਣ ਪ੍ਰਚਾਰ ਦੌਰਾਨ ਲੋਕਾਂ ਵਲੋਂ ਭਰਪੂਰ ਪਿਆਰ ਅਤੇ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਚਲਾਏ ਜਾ ਰਹੇ ਯੁੱਧ ਪੱਧਰੀ ਮੁਹਿੰਮ ਵਿੱਚ ਲੋਕਾਂ ਦੀ ਭਾਗੀਦਾਰੀ ਕਾਰਨ ਇਹ ਮੁਹਿੰਮ ਕਾਮਯਾਬ ਹੋ ਰਹੀ ਹੈ।


ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਘਰ-ਘਰ ਜਾ ਕੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਨ ਤਾਂ ਜੋ ਲੋਕਾਂ ਨੂੰ ਭਗਵੰਤ ਮਾਨ ਸਰਕਾਰ ਵਲੋਂ ਕੀਤੇ ਗਏ ਕੰਮਾਂ ਬਾਰੇ ਜਾਣੂ ਕਰਵਾਇਆ ਜਾ ਸਕੇ।


ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਉਪਰਾਲਿਆਂ ਨਾਲ ਲੋਕ ਕਾਫੀ ਉਤਸ਼ਾਹਿਤ ਹਨ। ਲੋਕਾਂ ਵਲੋਂ ਦਿੱਤੇ ਜਾ ਰਹੇ ਪਿਆਰ ਅਤੇ ਇੱਜ਼ਤ ਤੋਂ ਇਹ ਸਾਫ਼ ਹੈ ਕਿ ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹੀ ਆਪਣਾ ਨੁਮਾਇੰਦਾ ਚੁਣਣਗੇ।

ਸ੍ਰੀ ਭਗਤ ਨੇ ਕਿਹਾ ਕਿ ਸੰਜੀਵ ਅਰੋੜਾ ਦੀ ਜਿੱਤ ਤਾਂ ਪਹਿਲਾਂ ਤੋਂ ਹੀ ਨਿਸ਼ਚਿਤ ਹੈ, ਹੁਣ ਦੇਖਣਾ ਇਹ ਹੈ ਕਿ ਉਹ ਇਹ ਸੀਟ ਕਿੰਨੇ ਵੱਡੇ ਮਾਰਜਨ ਨਾਲ ਜਿੱਤਦੇ ਹਨ।

ਇਸ ਮੌਕੇ ਮੰਤਰੀ ਨਾਲ ਚੇਅਰਮੈਨ ਸੁਭਾਸ਼ ਭਗਤ, ਸੁਦੇਸ਼ ਭਗਤ,ਸਿਨੀਅਰ ਪਾਰਟੀ ਵਰਕਰ ਅਤੁਲ ਭਗਤ, ਅਰੁਣ ਮਲਹੋਤਰਾ,ਕੋਂਸਲਰ ਕਪਿਲ ਸੋਨੂੰ ਅਤੇ ਹੋਰ ਵੀ ਪਾਰਟੀ ਦੇ ਆਗੂ ਮੌਜੂਦ ਸਨ।