ਸਾਡੇ ਸਰਹੱਦੀ ਖੇਤਰ ਵਿੱਚ ਲੋਕਾਂ ਨੇ ਸਕੂਲਾਂ ਨੂੰ ਗਰਾਂਟਾਂ ਦੇ ਬੋਰੇ ਮਿਲਦੇ ਪਹਿਲੀ ਵਾਰ ਵੇਖੇ ਹਨ -ਧਾਲੀਵਾਲ.
ਪਿੰਡ ਪੈੜੇਵਾਲ, ਦਰਿਆ ਮੂਸਾ, ਨੰਗਲ ਸੋਹਲ ਵਿੱਚ ਕੀਤੇ ਵਿਕਾਸ ਕੰਮਾਂ ਦੇ ਉਦਘਾਟਨ
ਅੰਮ੍ਰਿਤਸਰ 26 ਮਈ ( ਸਵਿੰਦਰ ਸਿੰਘ ) ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸਰਹੱਦੀ ਪੱਟੀ ਦੇ ਪਿੰਡ ਪੈੜੇਵਾਲ, ਦਰਿਆ ਮੂਸਾ ਅਤੇ ਨੰਗਲ ਸੋਹਲ ਵਿੱਚ ਸਰਕਾਰੀ ਸਕੂਲਾਂ ਵਿੱਚ ਵਿਕਾਸ ਕੰਮਾਂ ਦੇ ਉਦਘਾਟਨ ਕਰਦਿਆਂ ਕਿਹਾ ਕਿ ਸਾਡੇ ਇਸ ਸਰਹੱਦੀ ਖੇਤਰ ਵਿੱਚ ਲੋਕਾਂ ਨੇ ਸਰਕਾਰੀ ਸਕੂਲਾਂ ਨੂੰ ਗਰਾਂਟਾਂ ਦੇ ਬੋਰੇ ਮਿਲਦੇ ਪਹਿਲੀ ਵਾਰ ਵੇਖੇ ਹਨ। ਉਹਨਾਂ ਕਿਹਾ ਕਿ ਮੈਂ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸ ਹਰਜੋਤ ਸਿੰਘ ਬੈਂਸ ਹੋਰਾਂ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਡੇ ਪਛੜੇ ਹੋਏ ਇਲਾਕੇ ਵਿੱਚ ਸਰਕਾਰੀ ਸਕੂਲਾਂ ਨੂੰ ਅਤਿ ਆਧੁਨਿਕ ਸਹੂਲਤਾਂ ਦੇ ਕੇ ਨਿਵਾਜਿਆ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਦੀ ਸੋਚ ਪੰਜਾਬ ਨੂੰ ਰੰਗਲਾ ਪੰਜਾਬ ਤੇ ਸਮੇਂ ਦੇ ਹਾਣੀ ਬਣਾਉਣ ਦੀ ਹੈ ਅਤੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਮੁੱਚੀ ਟੀਮ ਇਸ ਟੀਚੇ ਦੀ ਪ੍ਰਾਪਤੀ ਲਈ ਨਿਰੰਤਰ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਪੜ੍ਹਾਈ ਤੋਂ ਬਿਨਾਂ ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾ, ਸੋ ਅਸੀਂ ਪਹਿਲ ਦੇ ਆਧਾਰ ਉੱਤੇ ਆਪਣੇ ਬੱਚਿਆਂ ਨੂੰ ਸਿੱਖਿਅਤ ਅਤੇ ਸਿਹਤਮੰਦ ਕਰਨ ਦਾ ਬੀੜਾ ਚੁੱਕਿਆ ਹੈ, ਜਿਸ ਵਿੱਚ ਅਸੀਂ ਸਫਲਤਾ ਵੀ ਪ੍ਰਾਪਤ ਕੀਤੀ ਹੈ। ਉਹਨਾਂ ਕਿਹਾ ਕਿ ਅੱਜ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਬੁਨਿਆਦੀ ਸਹੂਲਤਾਂ ਤੋਂ ਇਲਾਵਾ ਮਾਡਰਨ ਤਕਨੀਕ ਨਾਲ ਭਰਪੂਰ ਹਨ। ਸਾਡੇ ਹਸਪਤਾਲ, ਆਮ ਆਦਮੀ ਕਲੀਨਿਕ ਲੋਕਾਂ ਨੂੰ ਮੁਫ਼ਤ ਵਿੱਚ ਸਿਹਤ ਸਹੂਲਤਾਂ ਦੇ ਰਹੇ ਹਨ। ਉਹਨਾਂ ਕਿਹਾ ਕਿ ਉਹ ਸਕੂਲ ਜਿੰਨਾ ਦੇ ਅਹਾਤੇ ਵਿੱਚ ਬੱਚੇ ਸਵੇਰੇ ਆ ਕੇ ਪਹਿਲਾਂ ਪਸ਼ੂਆਂ ਨੂੰ ਹਿੱਕ ਕੇ ਬਾਹਰ ਕੱਢਦੇ ਸਨ, ਹੁਣ ਸੋਹਣੇ ਫਰਨੀਚਰ ਅਤੇ ਡਿਜੀਟਲ ਕਲਾਸਾਂ ਨਾਲ ਲੈਸ ਹਨ । ਸਰਹੱਦੀ ਖੇਤਰ ਤੱਕ ਸਕੂਲਾਂ ਵਿੱਚ ਪੜਾਉਣ ਲਈ ਬੱਚਿਆਂ ਨੂੰ ਅਧਿਆਪਕ ਮੌਜੂਦ ਹਨ।
ਇਸ ਮੌਕੇ ਸ੍ਰੀ ਖੁਸ਼ਪਾਲ ਸਿੰਘ ਧਾਲੀਵਾਲ, ਓ.ਐਸ.ਡੀ ਗੁਰਜੰਟ ਸਿੰਘ ਸੋਹੀ, ਨਾਇਬ ਤਹਿਸੀਲਦਾਰ ਇੰਦਰਜੀਤ ਕੌਰ, ਕੰਵਲਜੀਤ ਸਿੰਘ ਗਿੱਲ ਡਾਇਰੈਕਟਰ ਸੀਡ ਨਿਰਮਾਣ ਪੰਜਾਬ, ਕਾਬਲ ਸਿੰਘ ਪਛੀਆ, ਸਰਪੰਚ ਰਾਜਵਿੰਦਰ ਸਿੰਘ ਰਾਜਾ ਪੰਜਗਰਾਈ ਵਾਹਲਾ, ਕੁਲਜੀਤ ਸਿੰਘ ਪੈੜੇਵਾਲ, ਸਰਪੰਚ ਗੁਰਦਿਆਲ ਸਿੰਘ ਪੈੜੇਵਾਲ, ਸੁਖਜਿੰਦਰ ਸਿੰਘ ਦੂਜੋਵਾਲ, ਸਕੂਲ ਇੰਚਾਰਜ ਪਵਨ ਕੁਮਾਰ ਨੰਗਲ ਸੋਹਲ, ਜਸਪਾਲ ਸਿੰਘ ਧੰਗਈ, ਬਲਜਿੰਦਰ ਸਿੰਘ, ਲਵਪ੍ਰੀਤ ਸਿੰਘ ਨੰਗਲ ਸੋਹਲ ਆਦਿ ਹਾਜ਼ਰ ਸਨ I
