ਲੋਕਾਂ ਦੇ ਸਾਥ ਨਾਲ ਹਲਕੇ ਦੇ ਵਿਕਾਸ ਦਾ ਤਿਆਰ ਹੋਵੇਗਾ ਰੋਡਮੈਪ-ਐਡਵੋਕੇਟ ਘੁੰਮਣ.
*ਵੋਟ ਪਾਉਣ ਵੇਲੇ ਲੋਕ ਇਲਾਕੇ ਦੀ ਭਲਾਈ ਅਤੇ ਭਵਿੱਖ ਵਾਰੇ ਇੱਕ ਵਾਰ ਜਰੂਰ ਸੋਚਣ
ਲੁਧਿਆਣਾ 26 ਮਈ (ਰਾਕੇਸ਼ ਅਰੋੜਾ)
ਵਿਧਾਨ ਸਭਾ ਹਲਕਾ ਪੱਛਮੀ ਦੀਆਂ ਮੁਢਲੀਆਂ ਸਮੱਸਿਆਵਾਂ ਦੀ ਵਕਾਲਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪ੍ਰਉਪਕਾਰ ਸਿੰਘ ਘੁੰਮਣ ਨੇ ਅੱਜ਼ ਇਲਾਕੇ ‘ਚ ਚੋਣ ਪ੍ਰਚਾਰ ਦੌਰਾਨ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾ ਨੇ ਇਲਾਕੇ ਦੀਆਂ ਮੁਢਲੀਆਂ ਸਮੱਸਿਆਵਾਂ ਦੇ ਨਾਲ-ਨਾਲ ਗੰਭੀਰ ਸਮੱਸਿਆਵਾਂ ਅਤੇ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਦੀ ਕਮੀ ਨੂੰ ਵੱਡੀ ਚਣੌਤੀ ਦੱਸਿਆ। ਐਡਵੋਕੇਟ ਘੁੰਮਣ ਨੇ ਕਿਹਾ ਕਿ ਵੋਟ ਦੇ ਅਧਿਕਾਰ ਨਾਲ ਆਉਣ ਵਾਲੇ ਸਮੇਂ ਦੀ ਨੀਂਹ ਰੱਖੀ ਜਾਂਦੀ ਹੈ।ਉਨ੍ਹਾ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬੀਤ ਚੁੱਕੇ ਕਰੀਬ ਸਾਢੇ ਤਿੰਨ ਸਾਲ ਪਹਿਲਾ ਪੰਜਾਬ ਨੂੰ ਰੰਗਲਾ ਪੰਜਾਬ ਦੇ ਵਾਅਦੇ ਕਰਨ ਵਾਲਿਆ ਹੱਥ ਪੰਜਾਬ ਦੀ ਵਾਗਡੋਰ ਸੰਭਾਲ ਦਿੱਤੀ ਗਈ ਸੀ ਜੋ ਹੁਣ ਪੰਜਾਬ ਵਾਸੀਆਂ ਲਈ ਹੀ ਵੱਡਾ ਪਛਤਾਵਾ ਬਣਕੇ ਰਹਿ ਚੁੱਕੀ ਹੈ। ਐਡਵੋਕੇਟ ਘੁੰਮਣ ਨੇ ਕਿਹਾ ਕਿ ਅੱਜ਼ ਵੀ ‘ਆਮ ਆਦਮੀ ਪਾਰਟੀ’ ਦੇ ਨੁਮਾਇੰਦੇ ਝੂਠ ਅਤੇ ਫਰੇਬ ਦੀ ਰਾਜਨੀਤੀ ਕਰਨ ਤੋਂ ਬਾਜ ਨਹੀਂ ਆ ਰਹੇ ਤੇ ਲੋਕਾਂ ਨੂੰ ਝੂਠੇ ਸਬਜਬਾਗ ਦਿਖਾ ਵੋਟਾਂ ਦੀ ਰਾਜਨੀਤੀ ਕਰ ਰਹੇ ਹਨ। ਘੁੰਮਣ ਨੇ ਦਾਅਵਾ ਕੀਤਾ ਕਿ ਜੇਕਰ ਹਲਕੇ ਦੇ ਲੋਕ ਉਨ੍ਹਾ ਨੂੰ ਇੱਕ ਵਾਰ ਹਲਕੇ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੰਦੇ ਹਨ ਤਾਂ ਉਹ ਇਲਾਕੇ ਦੇ ਵਿਕਾਸ ਲਈ ਠੋਸ ਰੋਡਮੈਪ ਲੈ ਕੇ ਆਉਣਗੇ। ਉਨ੍ਹਾ ਕਿਹਾ ਕਿ ਸਾਡਾ ਮੁੱਖ ਮਕਸਦ ਸਾਫ-ਸੁਥਰੀ ਰਾਜਨੀਤੀ ਅਤੇ ਲੋਕ-ਕੇਂਦਰਤ ਨੀਤੀਆਂ ਰਾਹੀ ਹਲਕਾ ਪੱਛਮੀ ਨੂੰ ਵਧੀਆ ਜੀਵਨ ਮਿਆਰ ਵਾਲਾ ਹਲਕਾ ਬਨਾਉਣਾ ਹੈ। ਉਨ੍ਹਾ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੋਟ ਪਾਉਣ ਸਮੇਂ ਇਲਾਕੇ ਦੀ ਭਲਾਈ ਅਤੇ ਭਵਿੱਖ ਬਾਰੇ ਇੱਕ ਵਾਰ ਜਰੂਰ ਸੋਚਣ। ਉਨ੍ਹਾ ਕਿਹਾ ਕਿ ਸਾਡੀ ਲੜਾਈ ਲੋਕਾਂ ਦੇ ਹੱਕਾਂ ਲਈ ਲੜਾਈ ਹੈ, ਸਾਡਾ ਸੰਕਲਪ ਲੋਕ ਪੱਖੀ ਸਰਕਾਰ ਲਿਆਉਣਾ ਹੈ।
