ਮਮਤਾ ਆਸ਼ੂ ਨੇ ਵਿਧਾਨ ਸਭਾ ਪੱਛਮੀ’ਚ ਆਸ਼ੂ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਭਾਲੀ ਚੋਣ ਪ੍ਰਚਾਰ ਦੀ ਕਮਾਨ.

 


* ਮਹਿਲਾ ਸ਼ਕਤੀ ਕਾਂਗਰਸ ਦੇ ਹੱਕ ਵਿੱਚ ਵੋਟ ਪਾ ਕੇ ਅਰਵਿੰਦ ਕੇਜਰੀਵਾਲ ਦੀਆਂ ਝੂਠੀਆਂ ਗਾਰੰਟੀਆਂ ਦਾ ਪੂਰਾ ਕਰੇਗੀ ਹਿਸਾਬ 


ਲੁਧਿਆਣਾ (ਵਾਸੂ ਜੇਤਲੀ) - ਵਿਧਾਨ ਸਭਾ ਪੱਛਮੀ ਤੋਂ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਅਤੇ ਸਰਗੋਧਾ ਕਲੋਨੀ ਦੇ ਸਰਾਭਾ ਨਗਰ ਵਿੱਚ ਚੋਣ ਪ੍ਰਚਾਰ ਕਰਕੇ ਆਮ ਆਦਮੀ ਪਾਰਟੀ ਦੇ ਝੂਠੇ ਵਾਅਦਿਆਂ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਸਥਾਨਕ ਲੋਕਾਂ ਨੂੰ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਵੀ ਕੀਤੀ। ਦੂਜੇ ਪਾਸੇ, ਭਾਰਤ ਭੂਸ਼ਣ ਆਸ਼ੂ ਨੇ ਵੱਖ-ਵੱਖ ਖੇਤਰਾਂ ਵਿੱਚ ਚੋਣ ਪ੍ਰਚਾਰ ਦੌਰਾਨ ਵਿਧਾਨ ਸਭਾ ਹਲਕਾ ਪੱਛਮੀ ਦੇ ਵਿਕਾਸ ਲਈ ਅਪਣੀਆਂ ਭਵਿਖ ਦੀਆਂ ਯੋਜਨਾਵਾਂ ਦਾ ਖੁਲਾਸਾ ਵੀ ਕੀਤਾ। ਮਹਿਲਾ ਸ਼ਕਤੀ ਨੇ ਮਮਤਾ ਆਸ਼ੂ ਦਾ ਨਿੱਘਾ ਸਵਾਗਤ ਕਰਦੇ ਹੋਏ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਆਸ਼ੂ ਵਲੋਂ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਯਾਦ ਕੀਤਾ। ਆਮ ਆਦਮੀ ਪਾਰਟੀ ਦੇ ਰਾਜ ਦੌਰਾਨ ਇਸ ਵਿਧਾਨਸਭਾ ਪੱਛਮੀ ਦੀ ਅਣਦੇਖੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀਆਂ ਗਾਰੰਟੀਆਂ ਦੇ ਝਾਂਸੇ ਵਿੱਚ ਆ ਕੇ  ਮਹਿਲਾ ਸ਼ਕਤੀ ਨੇ ਝਾੜੂ ਦੇ ਹੱਕ ਵਿੱਚ ਵੋਟ ਪਾ ਕੇ ਵੱਡੀ ਗਲਤੀ ਕੀਤੀ। ਮਮਤਾ ਆਸ਼ੂ ਨੇ ਕਿਹਾ ਕਿ ਪਿਛਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਮਹਿਲਾ ਸ਼ਕਤੀ ਨੂੰ ਹਰ ਮਹੀਨੇ 1,000 ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਪਰ ਸਰਕਾਰ ਬਣਨ ਤੋਂ ਬਾਅਦ, ਉਹ ਅਪਣਾ ਵਾਅਦਾ ਭੁੱਲ ਗਿਆ। ਬਿਜਲੀ ਦੇ  ਲਗਾਤਾਰ ਲੱਗ ਰਹੇ ਕੱਟਾਂ ਨੇ 24 ਘੰਟੇ ਮੁਫ਼ਤ ਬਿਜਲੀ ਦੇ ਵਾਅਦਿਆਂ ਦੀ ਪੋਲ ਖੋਲ੍ਹ ਦਿੱਤੀ। ਜੀਐਸਟੀ ਵਿਭਾਗ ਨੇ ਹਰ ਵਰਗ ’ਤੇ ਛਾਪੇਮਾਰੀ ਕਰਕੇ ਕੇਜਰੀਵਾਲ ਦੇ ਵਪਾਰਕ ਹਿੱਤਾਂ ਦੀ ਰਾਖੀ ਦੇ ਵਾਅਦੇ ਦੀ ਕਮਰ ਤੋੜ ਦਿੱਤੀ। ਹਰ ਸੜਕ, ਹਰ ਗਲੀ ਅਤੇ ਹਰ ਮੁਹੱਲੇ ਵਿੱਚ ਔਰਤਾਂ ਨਾਲ ਖੁੱਲ੍ਹੇਆਮ ਹੋ ਰਹੀ ਲੁੱਟਾ ਖੋਹਾਂ ਦੀਆਂ ਘਟਨਾਵਾਂ ਨੇ ਕਾਨੂੰਨ ਵਿਵਸਥਾ ਨੂੰ ਠੱਪ ਕਰ ਦਿੱਤਾ। ਲੁਧਿਆਣਾ ਵਿੱਚ ਗਰੀਬ ਪਰਿਵਾਰਾਂ ਦੇ ਤਿੰਨ ਪੁੱਤਰਾਂ ਦੀ ਸ਼ਰਾਬ ਪੀਣ ਕਾਰਨ ਮੌਤ ਨਾਲ ਨਸ਼ਿਆਂ ਵਿਰੁੱਧ ਜੰਗ ਵੀ ਖੋਖਲੀ ਸਾਬਿਤ ਹੋਈ। ਹੁਣ ਮਹਿਲਾ ਸ਼ਕਤੀ ਨੇ ਕਾਂਗਰਸ ਦੇ ਹੱਕ ਵਿੱਚ ਵੋਟ ਪਾ ਕੇ ਵਿਧਾਨ ਸਭਾ ਵਿੱਚ ਸਰਕਾਰ ਤੋਂ ਜਵਾਬ ਮੰਗਣ ਦੀ ਜ਼ਿੰਮੇਵਾਰੀ ਭਾਰਤ ਭੂਸ਼ਣ ਆਸ਼ੂ ਨੂੰ ਸੌਂਪਣ ਦੀ ਤਿਆਰੀ ਕਰ ਲਈ ਹੈ। ਇਸ ਮੌਕੇ ਸਾਬਕਾ ਕੌਂਸਲਰ ਜਸਵਿੰਦਰ ਠੁਕਰਾਲ ਅਤੇ ਮਨਰਾਜ ਠੁਕਰਾਲ ਦੇ ਨਾਲ-ਨਾਲ ਜ਼ਿਲ੍ਹਾ, ਬਲਾਕ ਅਤੇ ਵਾਰਡ ਪੱਧਰ ਦੇ ਅੱਹੁਦੇਦਾਰ ਵੀ ਹਾਜਰ ਸਨ।