ਸ਼੍ਰੋਮਣੀ ਅਕਾਲੀ ਦਲ ਵਲੋਂ ਵਿਸ਼ਾਲ ਧਰਨਾ 28 ਨੂੰ .
ਸੂਬਾ ਸਰਕਾਰ ਦੇ ਪੰਜਾਬ ਅਤੇ ਕਿਸਾਨ ਵਿਰੋਧੀ ਮਨਸੂਬਿਆਂ ਤੇ ਪਾਣੀ ਫੇਰ ਕੇ ਰੱਖ ਦੇਵੇਗਾ-ਐਡਵੋਕੇਟ ਘੁੰਮਣ
* ‘ਆਪ’ ਸਰਕਾਰ 125 ਲੱਖ ਕਰੋੜ ਰੂਪਏ ਦਾ ਘੁਟਾਲਾ ਕਰਕੇ ਪੰਜਾਬ ਦਾ ਪੈਸਾ ਦਿੱਲੀ ਲੈ ਜਾਣਾ ਚਾਹੁੰਦੀ ਹੈ
ਲੁਧਿਆਣਾ 27 ਮਈ (ਰਾਕੇਸ਼ ਅਰੋੜਾ) - ਸੂਬੇ ਦੀ ‘ਆਪ’ ਸਰਕਾਰ ਵੱਲੋਂ ਅਰਬਨ ਅਸਟੇਟ ਬਨਾਉਣ ਲਈ 32 ਪਿੰਡਾਂ ਦੀ ਉਪਜਾਉ 24311 ਏਕੜ ਜ਼ਮੀਨ ਐਕਵਾਇਰ ਕਰਨ ਦੇ ਫੈਸਲੇ ਨਾਲ ਜਿੱਥੇ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਵੇਗਾ ਉੱਥੇ ਆਮ ਅਤੇ ਸ਼ਹਿਰੀ ਲੋਕਾ ਨੂੰ ਵੀ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ।
ਇਨ੍ਹਾ ਸ਼ਬਦਾ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਪੱਛਮੀ ਤੋਂ ਉੱਪ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪ੍ਰਉਪਕਾਰ ਸਿੰਘ ਘੁੰਮਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਐਡਵੋਕੇਟ ਘੁੰਮਣ ਨੇ ਕਿਹਾ ਕਿ ਸਰਕਾਰ ਦੇ ਇਸ ਮਾਰੂ ਫ਼ੈਸਲੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ਼ 28 ਮਈ ਦਿਨ ਬੁੱਧਵਾਰ ਨੂੰ ਸਵੇਰੇ 9.30 ਵਜੇ ਜਿੱਥੇ ਇੱਕ ਵਿਸ਼ਾਲ ਰੋਸ਼ ਧਰਨਾ ਗਲਾਡਾ ਦਫਤਰ ਫਿਰੋਜਪੁਰ ਰੋਡ ਦੇ ਬਾਹਰ ਲਗਾਇਆ ਜਾਵੇਗਾ ਉੱਥੇ ਇੱਕ ਮੰਗ ਪੱਤਰ ਵੀ ਦਿੱਤਾ ਜਾਵੇਗਾ। ਇਸ ਮੌਕੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕਈ ਆਗੂ ਹਾਜ਼ਰ ਹੋਣਗੇ।
ਉਨ੍ਹਾ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਪੰਜਾਬ ਦੀ ਇਕੌਨਮੀ ਅਤੇ ਪੰਜਾਬ ਨੂੰ ਖਤਮ ਕਰਨ ਵਾਸਤੇ 24311 ਏਕੜ ਜ਼ਮੀਨ ਦਾ ਘੁਟਾਲਾ ਕੀਤਾ ਜਾ ਰਿਹਾ ਹੈ। ਐਡਵੋਕੇਟ ਘੁੰਮਣ ਨੇ ਦੋਸ਼ ਲਗਾਇਆ ਕਿ ਸੁਨਣ ਵਿੱਚ ਆਇਆ ਹੈ ਕਿ ਇਹ ਸਰਕਾਰ 125 ਲੱਖ ਕਰੋੜ ਰੂਪਏ ਦਾ ਘੁਟਾਲਾ ਕਰਕੇ ਪੰਜਾਬ ਦਾ ਪੈਸਾ ਦਿੱਲੀ ਲੈ ਜਾਣਾ ਚਾਹੁੰਦੀ ਹੈ, ਜੋ ਪੰਜਾਬ ਅਤੇ ਪੰਜਾਬ ਵਾਸੀਆਂ ਲਈ ਸੱਭ ਤੋਂ ਵੱਡੀ ਅਤੇ ਦੁਖਦਾਈ ਗੱਲ ਹੈ। ਉਨ੍ਹਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਕਿਸਾਨਾਂ ਅਤੇ ਸ਼ਹਿਰ ਵਾਸੀਆਂ ਨਾਲ ਧੱਕਾ ਨਹੀਂ ਹੋਣ ਦੇਵੇਗੀ। ਉਨ੍ਹਾ ਕਿਹਾ ਕਿ ਇਸ ਗੱਲ ਨੂੰ ਲੈਕੇ ਲੋਕਾਂ ਵਿਚਕਾਰ ਸੂਬਾ ਸਰਕਾਰ ਵੱਲੋਂ ਕਈ ਭਰਮ-ਭੁਲੇਖੇ ਵੀ ਪੈਦਾ ਕੀਤੇ ਜਾ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਕਿਸਾਨਾਂ ਨੂੰ ਨੁਕਸਾਨ ਨਹੀਂ ਸਗੋਂ ਫਾਇਦਾ ਹੋਵੇਗਾ। ਘੁੰਮਣ ਨੇ ਕਿਹਾ ਕਿ ਝੂਠ ਤੇ ਫਰੇਬ ਦੀ ਰਾਜਨੀਤੀ ਕਰਨ ਵਾਲੀ ‘ਆਪ’ ਸਰਕਾਰ ਇੱਕ ਵਾਰ ਫੇਰ ਕਿਸਾਨਾਂ ਅਤੇ ਲੋਕਾਂ ਨਾਲ ਵੱਡਾ ਧੋਖਾ ਕਰਨ ਜਾ ਰਹੀ ਹੈ ਜਿਸ ਦਾ ਸੱਭ ਤੋਂ ਵੱਡਾ ਨੁਕਸਾਨ ਆਮ ਆਦਮੀ ਦਾ ਹੋਵੇਗਾ। ਉਨ੍ਹਾ ਕਿਹਾ ਕਿ ਸੰਨ 2017 ਵੇਲੇ ਪੰਜਾਬ ਦੀ ਇਕੌਨਮੀ ਜੋ ਦੂਜੇ ਨੰ: ਤੇ ਸੀ ਉਹ ਅੱਜ਼ 26ਵੇਂ ਨੰ: ਤੇ ਹੈ। ਉਨ੍ਹਾ ਕਿਹਾ ਕਿ ਪੰਜਾਬ ਦੀ ਇਕੌਨਮੀ ਪੰਜਾਬ ਦੀ ਰੀੜ ਦੀ ਹੱਡੀ ਹੁੰਦੀ ਹੈ। ਘੁੰਮਣ ਨੇ ਇਹ ਵੀ ਕਿਹਾ ਕਿ ਜੇਕਰ ਪੰਜਾਬ ਦਾ ਖੇਤੀ ਸੈਕਟਰ, ਜਮੀਨ ਖਤਮ ਕੀਤਾ ਜਾਂਦਾ ਹੈ ਤਾਂ ਉਸ ਦਾ ਪੰਜਾਬ ਦੇ ਵਿਉਪਾਰ ਅਤੇ ਇਕੌਨਮੀ ਤੇ ਬਹੁਤ ਵੱਡਾ ਫਰਕ ਦੇਖਣ ਨੂੰ ਮਿਲੇਗਾ। ਉਨ੍ਹਾ ਕਿਹਾ ਕਿ ਇਹ ਸੂਬਾ ‘ਆਪ’ ਸਰਕਾਰ ਹਰ ਤਰ੍ਹਾ ਦੇ ਹੱਥਕੰਡੇ ਅਪਣਾ ਕੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀ ਹੈ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਬਰਦਾਸਤ ਨਹੀਂ ਕਰੇਗੀ। ਉਨ੍ਹਾ ਨੇ ਕਿਹਾ ਕਿ ਅੱਜ਼ ਦਾ ਵਿਸ਼ਾਲ ਧਰਨਾ ਭਗਵੰਤ ਮਾਨ ਸਰਕਾਰ ਦੇ ਪੰਜਾਬ ਵਿਰੋਧੀ ਮਨਸੂਬਿਆਂ ਤੇ ਪਾਣੀ ਫੇਰ ਕੇ ਰੱਖ ਦੇਵੇਗਾ।
