ਪਿਛਲੇ ਤਿੰਨ ਸਾਲਾਂ ਵਿੱਚ ਜੇਕਰ “ ਆਪ” ਨੇ ਲੁਧਿਆਣਾ ਲਈ ਇੱਕ ਵੀ ਕੰਮ ਕੀਤਾ ਹੈ ਤਾਂ ਉਸਦਾ ਵੇਰਵਾ ਜਨਤਕ ਕਰੇ - ਆਸ਼ੂ.
ਮੇਰੀ “ ਆਪ' ਨੂੰ ਚੁਣੌਤੀ ਹੈ ਕਿ ਉਹ ਲੁਧਿਆਣਾ ਲਈ ਕੀਤੇ ਕਿਸੇ ਇੱਕ ਵੀ ਵਿਕਾਸ ਕਾਰਜ ਦੀ ਸੂਚੀ ਪੇਸ਼ ਕਰੇ
ਲੁਧਿਆਣਾ, 28 ਮਈ (ਵਾਸੂ ਜੇਤਲੀ) :
ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਅੱਜ “ਆਮ ਆਦਮੀ ਪਾਰਟੀ “ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੇ ਸਾਢੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਲੁਧਿਆਣਾ ਲਈ ਕੀਤੇ ਕਿਸੇ ਇੱਕ ਵੀ ਕੰਮ ਦੀ ਸੂਚੀ ਦੇਵੇ, ਸਿਵਾਏ ਆਮ ਲੋਕਾਂ ਦੀ ਖੁੱਲ੍ਹੀ ਲੁੱਟ ਅਤੇ ਭ੍ਰਿਸ਼ਟਾਚਾਰ ਦੇ ।
ਪੱਛਮੀ ਹਲਕੇ ਵਿੱਚ ਵੀਰਵਾਰ ਨੂੰ ਇੱਥੇ ਆਪਣੀਆਂ ਜਨਤਕ ਮੀਟਿੰਗਾਂ ਦੇ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਭਾਰਤ ਭੂਸ਼ਣ ਆਸ਼ੂ ਨੇ 'ਆਪ' ਆਗੂਆਂ ਦੇ ਹਲਵਾਰਾ ਹਵਾਈ ਅੱਡੇ ਦੇ ਐਲੀਵੇਟਿਡ ਫਿਰੋਜ਼ਪੁਰ ਰੋਡ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਦਾਅਵਿਆਂ 'ਤੇ ਤਾਅਨੇ ਮਾਰੇ ਤੇ ਸਵਾਲ ਉਠਾਏ ।
ਆਸ਼ੂ ਨੇ ਕਿਹਾ ਕਿ ਇਹ ਪ੍ਰੋਜੈਕਟ ਤਿੰਨ ਸਾਲਾਂ ਵਿੱਚ ਨਹੀਂ ਸੋਚੇ ਗਏ, ਨਾ ਲਾਗੂ ਕੀਤੇ ਗਏ ਅਤੇ ਨਾ ਹਾ ਪੂਰੇ ਕੀਤੇ ਗਏ। ਉਨ੍ਹਾਂ ਕਿਹਾ ਕਿ ਹਲਵਾਰਾ ਹਵਾਈ ਅੱਡਾ ਪ੍ਰੋਜੈਕਟ ਦੀ ਯੋਜਨਾ ਕਾਂਗਰਸ ਸਰਕਾਰ ਦੇ 2002-2007 ਦੇ ਕਾਰਜਕਾਲ ਦੌਰਾਨ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਇਸ ਦਾ ਪਾਲਣ ਬਾਅਦ ਦੀਆਂ ਸਰਕਾਰਾਂ ਨੇ ਕੀਤਾ ਕਿਉਂਕਿ ਬਹੁਤ ਸਾਰੀਆਂ ਰਸਮਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਇਹ ਇੱਕ ਕੇਂਦਰ ਸਰਕਾਰ ਦਾ ਪ੍ਰੋਜੈਕਟ ਹੈ।
ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ “ਸਿਰਫ਼ ਕੁਝ ਲੋਕਾਂ ਦੇ ਇੱਕ ਸਮੂਹ ਨੂੰ ਹਵਾਈ ਅੱਡੇ ਦੀ ਸੈਰ ਕਰਾਉਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਇਸ ਪ੍ਰਾਜੈਕਟ ਦੇ ਕਰਤਾ ਧਰਤਾ ਹੋ ? ਤੁਹਾਨੂੰ ਤਾਂ ਸ਼ਾਇਦ ਇਸ ਪ੍ਰਾਜੈਕਟ ਦੀ ਨਿਯਮਾਵਲੀ ਤੇ ਦਿਸ਼ਾ ਨਿਰਦੇਸ਼ਾਂ ਤੋਂ ਵੀ ਜਾਣਕਾਰੀ ਨਾ ਹੋਵੇ । ਆਸ਼ੂ ਨੇ 'ਆਪ' ਆਗੂਆਂ 'ਤੇ ਇਸ ਨੂੰ ਆਪਣੀ ਪ੍ਰਾਪਤੀ ਵਜੋਂ ਦਿਖਾਉਣ ਦੀ ਕੋਸ਼ਿਸ਼ ਕਰਨ 'ਤੇ ਚੁਟਕੀ ਲੈਂਦੇ ਹੋਏ ਗੰਭੀਰ ਟਿੱਪਣੀ ਕੀਤੀ ਅਤੇ ਕਿਹਾ ਕਿ ਇਹ ਪ੍ਰਾਜੈਕਟ ਅਜੇ ਪੂਰਾ ਵੀ ਨਹੀਂ ਹੋਇਆ ਹੈ ਤੇ ਤੁਸੀਂ ਟਿਕਟਾਂ ਵੇਚਣ ਦਾ ਹੋਕਾ ਦੇਣ ਲੱਗ ਪਏ ?
ਐਲੀਵੇਟਿਡ ਫਿਰੋਜ਼ਪੁਰ ਰੋਡ ਪ੍ਰੋਜੈਕਟ ਬਾਰੇ ਆਸ਼ੂ ਨੇ ਕਿਹਾ, ਇਸਦੀ ਯੋਜਨਾ ਕਾਂਗਰਸ ਸਰਕਾਰ ਦੌਰਾਨ ਬਣਾਈ ਗਈ ਸੀ ਅਤੇ ਉਨ੍ਹਾਂ ਨੇ ਇਸ ਨੂੰ ਪੂਰਾ ਕਰਨ ਵਿੱਚ ਨਿੱਜੀ ਦਿਲਚਸਪੀ ਲਈ ਸੀ ਅਤੇ ਇਸਦੀ ਪੁਸ਼ਟੀ ਸਰਕਾਰੀ ਰਿਕਾਰਡ ਤੋਂ ਕੀਤੀ ਜਾ ਸਕਦੀ ਹੈ।
ਸੀਨੀਅਰ ਕਾਂਗਰਸੀ ਆਗੂ ਨੇ ਕਿਹਾ, ਸਿਰਫ਼ ਬੋਰਡ ਅਤੇ ਹੋਰਡਿੰਗ ਲਗਾਉਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਅਸਲ ਵਿੱਚ ਇਹ ਸਾਰਾ ਕੰਮ ਕੀਤਾ ਹੈ। ਕੇਵਲ ਆਮ ਪਬਲਿਕ ਨੂੰ ਭਰਮਾਉਣ ਦੀ ਝੂਠੀ ਕੋਸ਼ਿ਼ਸ਼ ਨਾ ਕਰੋ । "ਲੁਧਿਆਣਾ ਦੇ ਲੋਕ ਸੱਭ ਚੰਗੀ ਤਰ੍ਹਾਂ ਜਾਣਦੇ ਹਨ ਕਿ ਲੁਧਿਆਣਾ ਸ਼ਹਿਰ ਲਈ ਕਿਸਨੇ ਕੀ ਕੀਤਾ ਹੈ । ਭਾਰਤ ਭੂਸ਼ਣ ਆਸ਼ੂ ਨੇ ਹਲਕੇ ਵਿੱਚ ਲੋਕਾਂ ਵੱਲੋਂ ਉਨ੍ਹਾਂ ਨੂੰ ਮਿਲ ਰਹੇ ਭਰਪੂਰ ਸਮਰਥਨ ਲਈ ਧੰਨਵਾਦ ਕੀਤਾ ।
