ਭਾਰਤ ਭੂਸ਼ਣ ਆਸ਼ੂ ਨੇ ਦਾਖਲ ਕਰਵਾਏ ਨਾਮੀਨੇਸ਼ਨ ਦੇ ਕਾਗਜ਼.
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਾਜਾ ਵੜਿੰਗ, ਭੁਪੇਸ਼ ਬਘੇਲ, ਰਾਣਾ ਗੁਰਜੀਤ, ਵਿਜੇਇੰਦਰ ਸਿੰਗਲਾ ਸਿਮਰਜੀਤ ਬੈਂਸ ਸਮੇਤ ਲੁਧਿਆਣਾ ਦੀ ਲੀਡਰਸ਼ਿਪ ਵੀ ਰਹੀ ਮੌਜੂਦ
ਲੁਧਿਆਣਾ (ਵਾਸੂ ਜੇਤਲੀ) ਲੁਧਿਆਣਾ ਹਲਕਾ ਪੱਛਮੀ ਦੀ l ਉਪ ਚੋਣ ਲਈ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਨਾਲ ਸਮੁੱਚੀ ਲੀਡਰਸ਼ਿਪ ਉਹਨਾਂ ਦਾ ਨਾਮਜਦਗੀ ਪੱਤਰ ਦਾਖਲ ਕਰਵਾਉਣ ਲਈ ਪਹੁੰਚੀ। ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਾਣਾ ਗੁਰਜੀਤ ਸਿੰਘ, ਸਿਮਰਜੀਤ ਸਿੰਘ ਬੈਂਸ ਵਿਜੇਇੰਦਰ ਸਿੰਗਲਾ ਸਮੇਤ ਲੁਧਿਆਣਾ ਦੀ ਸਮੁੱਚੀ ਲੀਡਰਸ਼ਿਪ ਪਹੁੰਚੀ, ਜਿੱਥੇ ਉਹਨਾਂ ਨਾਮਜਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਿੱਤ ਦਾ ਦਾਅਵਾ ਪੇਸ਼ ਕੀਤਾ।
ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਭਾਰਤ ਭੂਸ਼ਨ ਆਸ਼ੂ ਦਾ ਨਾਮਜਦਗੀ ਪੱਤਰ ਦਾਖਲ ਕਰਵਾਉਣ ਦੇ ਲਈ ਪਹੁੰਚੇ ਨੇ। ਉਹਨਾਂ ਕਿਹਾ ਕਿ ਭਾਰਤ ਭੂਸ਼ਨ ਆਸ਼ੂ ਵੱਡੀ ਲੀਡ ਦੇ ਨਾਲ ਜਿੱਤ ਹਾਸਿਲ ਕਰਨਗੇ। ਇਸ ਤੋਂ ਇਲਾਵਾ ਉਹਨਾਂ ਸੂਬਾ ਸਰਕਾਰ 'ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਸੂਬੇ ਵਿੱਚ ਸਰਕਾਰ ਨੇ ਕੋਈ ਵੀ ਕੰਮ ਨਹੀਂ ਕੀਤਾ ਅਤੇ ਉਹ ਤਿੰਨ ਸਾਲ ਦੇ ਕਾਰਜਕਾਲ ਦਾ ਵੇਰਵਾ ਲੋਕਾਂ ਤੱਕ ਨਹੀਂ ਦੱਸ ਪਾ ਰਹੇ। ਉਹਨਾਂ ਕਿਹਾ ਕਿ ਜੋ ਕਾਂਗਰਸ ਪਾਰਟੀ ਨੇ ਕੰਮ ਕੀਤੇ ਨੇ ਉਹਨਾਂ ਕੰਮਾਂ ਦੇ ਆਧਾਰ ਤੇ ਵੋਟਰਾਂ ਕੋਲੋਂ ਵੋਟ ਮੰਗੀ ਜਾਵੇਗੀ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਾਂਗਰਸ ਇੱਕਜੁਟਤਾ ਦੇ ਨਾਲ ਇਸ ਸੀਟ 'ਤੇ ਜਿੱਤ ਹਾਸਿਲ ਕਰੇਗੀ। ਉਹਨਾਂ ਕਿਹਾ ਕਿ ਭਾਰਤ ਭੂਸ਼ਨ ਆਸ਼ੂ ਦੇ ਹੱਕ ਵਿੱਚ ਸਾਰੀ ਲੀਡਰਸ਼ਿਪ ਪਹੁੰਚੀ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਨਤੀਜਿਆਂ ਵਿੱਚ ਕਾਂਗਰਸ ਵੱਡੇ ਮਾਰਜਨ ਤੇ ਜਿੱਤ ਹਾਸਲ ਕਰੇਗੀ। ਉਹਨਾਂ ਕਿਹਾ ਕਿ ਭਾਰਤ ਭੂਸ਼ਨ ਸਾਡੇ ਜਰਨੈਲ ਨੇ। ਇਹੀ ਨਹੀਂ ਉਹਨਾਂ ਸੂਬੇ ਦੀ ਸਰਕਾਰ 'ਤੇ ਵੀ ਜੰਮ ਕੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਦਿੱਲੀ ਦੇ ਇਸ਼ਾਰਿਆਂ 'ਤੇ ਪੰਜਾਬ ਦੇ ਮੁੱਖ ਮੰਤਰੀ ਕੰਮ ਕਰ ਰਹੇ ਨੇ।
ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੀ ਕਿਹਾ ਕਿ ਉਹ ਭਾਰਤ ਭੂਸ਼ਨ ਆਸ਼ੂ ਦੇ ਨਾਲ ਨੇ। ਉਹਨਾਂ ਕਿਹਾ ਕਿ ਕੋਈ ਵੀ ਨਾਰਾਜ਼ਗੀ ਨਹੀਂ ਹੈ। ਸਾਰੀਆਂ ਨਰਾਜ਼ਗੀਆਂ ਨੂੰ ਦਰਕਿਨਾਰ ਕਰਕੇ ਇੱਕਜੁੱਟਤਾ ਦੇ ਨਾਲ ਇਹ ਸੀਟ 'ਤੇ ਲੜਾਈ ਲੜੀ ਜਾਵੇਗੀ। ਉਹਨਾਂ ਕਿਹਾ ਕਿ ਪਰਿਵਾਰ ਵਿੱਚ ਕੁਝ ਝਗੜੇ ਹੋ ਜਾਂਦੇ ਨੇ ਜੋ ਹੱਲ ਵੀ ਹੋ ਜਾਂਦੇ ਨੇ । ਉਹਨਾਂ ਕਿਹਾ ਕਿ ਹੁਣ ਅਸੀਂ ਸਾਰੇ ਇਕੱਠੇ ਹਾਂ।
ਨਾਲ ਹੀ ਭਾਰਤ ਭੂਸ਼ਨ ਆਸ਼ੂ ਨੇ ਵੀ ਕਿਹਾ ਕਿ ਅੱਜ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਉਹਨਾਂ ਦੇ ਨਾਲ ਹੈ। ਉਹਨਾਂ ਕਿਹਾ ਕਿ ਪ੍ਰਧਾਨ ਸਾਹਿਬ ਦੇ ਨਾਲ ਮਿਲ ਕੇ ਉਹ ਆਪਣੀ ਚੋਣ ਨੂੰ ਨੇਪਰੇ ਚਾੜਨਗੇ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਉਹ ਕਿਸੇ ਨਾਲ ਵੀ ਆਪਣਾ ਮੁਕਾਬਲਾ ਨਹੀਂ ਸਮਝਦੇ।
