ਪੱਛਮੀ ਵਿਧਾਨ ਸਭਾ ਹਲਕੇ ਨੂੰ ਫਿਰ ਤੋਂ ਆਸ਼ੂ ਵਰਗੇ ਨਿਡਰ, ਬਹਾਦਰ ਅਤੇ ਦਲੇਰ ਵਿਧਾਇਕ ਦੀ ਲੋੜ : ਐਡਵੋਕੇਟ ਵਿਪਨ ਸੱਗੜ.
* ਲੁਧਿਆਣਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਦਿੱਤਾ ਵੱਡਾ ਸਮਰਥਨ
ਲੁਧਿਆਣਾ ( 31 ਮਈ )
ਲੁਧਿਆਣਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਆਯੋਜਿਤ ਕੀਤੀ ਗਈ ਖ਼ਾਸ ਮੀਟਿੰਗ ਵਿੱਚ ਪਹੁੰਚੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦਾ ਮਹਿਲਾ, ਪੁਰਸ਼ ਅਤੇ ਨੌਜਵਾਨ ਵਕੀਲਾਂ ਨੇ ਫੁੱਲਾਂ ਦੇ ਹਾਰ ਪਾ ਕੇ ਜਬਰਦਸਤ ਸਵਾਗਤ ਕੀਤਾ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ, ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਖੁਸ਼ਬਾਜ਼ ਜਟਾਨਾ ਵੀ ਹਾਜ਼ਰ ਸਨ। ਲੁਧਿਆਣਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਸੱਗੜ, ਸਕੱਤਰ ਹਿਮਾਂਸ਼ੂ ਵਾਲੀਆ, ਮੀਤ ਪ੍ਰਧਾਨ ਗਗਨ ਬੇਦੀ ਨੇ ਐਸੋਸੀਏਸ਼ਨ ਵਲੋਂ ਕਾਂਗਰਸ ਨੂੰ ਪੁਰਜ਼ੋਰ ਸਮਰਥਨ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਆਸ਼ੂ ਵਰਗੇ ਨਿਡਰ, ਬਹਾਦਰ ਅਤੇ ਨਿਧੜਕ ਵਿਧਾਇਕ ਦੀ ਪੱਛਮੀ ਵਿਧਾਨ ਸਭਾ ਨੂੰ ਲੋੜ ਹੈ , ਜੋ ਕਿ ਇਸ ਖੇਤਰ ਦੀਆਂ ਜ਼ਰੂਰਤਾਂ ਤੇ ਮੁਸ਼ਕਿਲਾਂ ਤੋਂ ਜਾਣੂ ਹੋਵੇ ਤੇ ਵਿਕਾਸ ਦੇ ਮਾਮਲੇ ਵਿੱਚ ਲਗਾਤਾਰ ਪਿਛੜ ਰਹੇ ਹਲਕੇ ਨੂੰ ਵਿਕਾਸ ਦੀ ਪੱਟੜੀ ’ਤੇ ਲਿਆ ਸਕੇ। ਵਕੀਲ ਭਾਈਚਾਰੇ ਵਲੋਂ ਮਿਲੇ ਸਮਰਥਨ ਤੋਂ ਉਤਸ਼ਾਹਿਤ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਲੋਕ ਸੇਵਾ ਅਤੇ ਵਿਕਾਸ ਉਨ੍ਹਾਂ ਦੇ ਜੀਵਨ ਦਾ ਉਦੇਸ਼ ਹਨ। ਉਹਨਾਂ ਆਪਣੇ ਕੌਂਸਲਰ ਤੋਂ ਲੈ ਕੇ ਮੰਤਰੀ ਅੱਹੁਦੇ ਤੱਕ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਵਿਕਸਤ ਵਿਧਾਨ ਸਭਾ ਹਲਕਾ ਪੱਛਮੀ ਦਾ ਮੌਜੂਦਾ ਸਵਰੂਪ ਕਾਂਗਰਸ ਸਰਕਾਰ ਦਾ ਹੀ ਯੋਗਦਾਨ ਹੈ। ਮੌਜੂਦਾ ਝੂਠੀ ਤੇ ਇਸ਼ਤਿਹਾਰੀ ਸੱਤਾਧਾਰੀ ਪਾਰਟੀ ਨੇ ਪਿਛਲੇ ਤਿੰਨ ਸਾਲਾਂ ਵਿੱਚ ਇਲਾਕੇ ਦਾ ਕੋਈ ਵਿਕਾਸ ਨਹੀਂ ਕੀਤਾ ਸਗੋਂ ਵਪਾਰੀਆਂ, ਦੁਕਾਨਦਾਰਾਂ ਤੇ ਕਾਰੋਬਾਰੀਆਂ ਨੂੰ ਜੀ ਐੱਸ ਟੀ ਦੀਆਂ ਰੇਡਾਂ ਨਾਲ ਪਰੇਸ਼ਾਨ ਹੀ ਕੀਤਾ ਹੈ । ਆਸ਼ੂ ਨੇ ਕਿਹਾ ਕਿ ਝੂਠੀ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਦੇ ਖਜ਼ਾਨੇ ਦੀ ਤਿਜੋਰੀ ਵਿੱਚ ਵੀ ਕੋਈ ਭਵਿੱਖ ਦੀ ਵਿਕਾਸ ਦੀ ਯੋਜਨਾ ਦਿਖਾਈ ਦੇ ਰਹੀ ਹੈ ਕੇਵਲ ਤੇ ਕੇਵਲ ਖੰਭਿਆਂ ਤੇ ਲੱਗੇ ਪੋਸਟਰ ਹੀ ਜਨਤਾ ਦਾ ਮੂੰਹ ਚਿੜਾ ਰਹੇ ਨੇ । ਉਹਨਾਂ ਕਿਹਾ ਕਿ ਜੇਕਰ ਪਿਛਲੇ ਤਿੰਨ ਸਾਲਾਂ ਵਿੱਚ ਕੋਈ ਵਿਕਾਸ ਹੋਇਆ ਹੈ, ਤਾਂ ਉਹ ਸਿਰਫ਼ ਵੱਡੇ ਹੋਰਡਿੰਗਾਂ ਜਾਂ ਇਸ਼ਤਿਹਾਰਾਂ ਰਾਹੀਂ ਝੂਠ ਨੂੰ ਸੱਚ ਕਰਨ ਦਾ ਹੀ ਹੋਇਆ ਹੈ। ਇਸ ਮੌਕੇ ਬਲਕਰਨ ਸੰਧੂ, ਅਮਰਦੀਪ ਭਾਟੀਆ, ਪੀ.ਡੀ.ਸ਼ਰਮਾ, ਜੀ.ਐਸ.ਪਰਮਾਰ, ਧਰਮਜੀਤ ਖੇੜਾ, ਸੰਨੀ ਸ਼ਰਮਾ, ਕਿੰਨ ਭੱਲਾ, ਮਨਿੰਦਰਾ ਹੀਰ, ਸਿਧਾਰਥ ਸ਼ਰਮਾ ਤੇਜਸ, ਮੰਨਨ ਐਰ , ਪੁਨੀਤ ਸਰੀਨ, ਕੁਨਾਲ ਵੋਹਰਾ, ਰਾਹੁਲ ਸ਼ਰਮਾ, ਵੇਦ ਭੂਸ਼ਨ ਸ਼ਰਮਾ, ਰਜਨੀਸ਼ ਲਖਨਪਾਲ, ਤਰੁਣ ਲਖਨਪਾਲ, ਦਿਨੇਸ਼ ਸ਼ਰਮਾ, ਰਚਨਾ ਸੋਨੀ, ਰਾਹੁਲ ਪੁਹਾਲ ਆਦਿ ਵੀ ਹਾਜ਼ਰ ਸਨ।
