ਚੈਸਪੀਕ ਵਰਜੀਨੀਆ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ.

ਚੈਸਪੀਕ-ਵਿਰਜੀਨੀਆ ( ਸੁਰਿੰਦਰ ਢਿੱਲੋਂ ) ਚੈਸਪੀਕ ਵਿਰਜੀਨੀਆ ਦੇ ਗੁਰਦੁਆਰਾ ਸਾਹਿਬ ਵਿਖੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ । ਸੰਗਤਾਂ ਦੂਰ ਦੁਰਾਡੇ ਤੋਂ ਗੁਰੂਘਰ ਨਤਮਸਤਕ ਹੋਈਆਂ ਤਾਂ ਜੋ ਉਹ ਆਪਣੇ ਗੁਰੂ ਬਾਬੇ ਦੀ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰ ਸਕਣ । 

      ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਸਕੱਤਰ ਸੁਰਿੰਦਰ ਸਿੰਘ ਚਾਨਾ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਗੁਰਬਾਣੀ ਹੀ ਤੁਹਾਡੇ ਜੀਵਨ ਨੂੰ ਬਦਲ ਸਕਦੀ ਹੈ ਇਸ ਲਈ ਗੁਰਬਾਣੀ ਨਾਲ ਜੁੜੋ ਤੇ ਆਪਣਾ ਜੀਵਨ ਸੁਖਾਲਾ ਤੇ ਸਫਲ ਬਣਾਉ । ਉਨਾਂ ਅੱਗੇ ਕਿਹਾ ਕੇ ਅਸੀਂ ਹਰ ਉਸ ਇਲਾਹੀ ਪੁਰਸ਼ ਦੇ ਵਿਸ਼ੇਸ਼ ਦਿਹਾੜੇ ਤੇ ਵਿਸ਼ੇਸ਼ ਕੀਰਤਨ ਦਰਬਾਰ ਦਾ ਆਯੋਜਨ ਕਰਾਂਗੇ ਜਿਸ ਇਲਾਹੀ ਪੁਰਸ਼ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਤੇ ਅਗਲਾ ਵਿਸ਼ੇਸ਼ ਕੀਰਤਨ ਦਰਬਾਰ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋਵੇਗਾ । 

       ਇਸ ਮੌਕੇ ਪਹਿਲਾਂ ਬੀਬੀਆਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ । ਇਸ ਉਪਰੰਤ ਭਾਈ ਹੁਸ਼ਨਾਕ ਸਿੰਘ ਜੀ ਦੇ ਜਥੇ ਨੇ ਗੁਰੂ ਜੀ ਦੀ ਇਲਾਹੀ ਬਾਣੀ ਦਾ ਮਨੋਹਰ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜੀ ਰੱਖਿਆ । 

ਡਾਕਟਰ ਰੂਬੀ ਕੋਚੜ ਉਪ ਪ੍ਰਧਾਨ ਗੁਰਦੁਆਰਾ ਸਾਹਿਬ ਕਮੇਟੀ ਨੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਕੀਰਤਨ ਉਸ ਹੀ ਮੂਲ ਰਾਗ ਵਿੱਚ ਕੀਤਾ ਜਿਸ ਵਿੱਚ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ । ਡਾਕਟਰ ਰੂਬੀ ਨੇ ਗੁਰਬਾਣੀ ਦੇ ਕੀਰਤਨ ਤੇ ਇਸਦੇ ਨਾਲ ਜੁੜਨ ਦੀ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਤੂਸੀਂ ਸੱਭ ਕੁਝ ਮਾਲਕ ਤੇ ਛੱਡ ਦਿਉ ਤੇ ਉਸਦੇ ਦੱਸੇ ਮਾਰਗ ਤੇ ਚਲਦੇ ਰਹੋ ਬਾਬਾ ਜੀ ਤੁਹਾਡੇ ਕਾਰਜ ਆਪੇ ਪੂਰੇ ਕਰਨਗੇ । 

        ਬੱਚਿਆਂ ਨੇ ਗੁਰੂ ਅਰਜਨ ਦੇ ਜੀਵਨ ਦੇ ਬਾਰੇ ਸੰਗਤ ਨਾਲ ਜਾਣਕਾਰੀ ਸਾਂਝੀ ਕੀਤੀ ਤੇ ਉਪਰੰਤ ਵਾਹਿਗੁਰੂ ਜਾਪ ਕੀਤਾ ।

       ਗੁਰਦੁਆਰਾ ਸਾਹਿਬ ਕਮੇਟੀ ਦੀ ਪ੍ਰਧਾਨ ਨੀਲਮ ਗਰੇਵਾਲ ਜੀ ਨੇ ਆਉਣ ਵਾਲੇ ਵਿਸ਼ੇਸ਼ ਕੀਰਤਨ ਦਰਬਾਰਾਂ ਵਿੱਚ ਸੰਗਤਾਂ ਨੂੰ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਆਪਣੇ ਜੀਵਨ ਵਿੱਚੋਂ ਕੁਝ ਪਲ ਆਪਣੇ ਗੁਰੂ ਦੀ ਬਾਣੀ ਦੇ ਸਿਮਰਨ ਕਰਨ ਤੇ ਉਸ ਨਾਲ ਜੁੜਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ । 

     ਅੰਤ ਵਿੱਚ ਭਾਈ ਹੁਸ਼ਨਾਕ ਸਿੰਘ ਜੀ ਦੇ ਪਰਿਵਾਰ ਵਲੋਂ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਪ੍ਰਾਪਤ ਹੋਈ ਲੰਗਰ ਦੀ ਸੇਵਾ ਬੜੀ ਸ਼ਰਧਾ ਨਾਲ ਨਿਭਾਈ ਤੇ ਗੁਰੂ ਦਾ ਅਤੁੱਟ ਲੰਗਰ ਵਰਤਿਆ । 

     ਹੋਰਨਾਂ ਤੋਂ ਇਲਾਵਾ ਲਾਲ ਸਿੰਘ ਕਾਹਲੋਂ, ਡਾਕਟਰ ਬਲਤੇਜ ਸਿੰਘ ਗਿੱਲ, ਤਾਰਾ ਸਿੰਘ ਖੂਬਰ, ਡਾਕਟਰ ਬਲਜੀਤ ਗਿੱਲ, ਹਰੀਪਾਲ ਸਿੰਘ ਚਾਨਾ, ਡਾਕਟਰ ਅਸ਼ੀਸ਼ ਸੈਣੀ, ਐਜੁਕੇ਼ਸ਼ਨ ਕਮੇਟੀ ਦੀਆਂ ਇੰਚਾਰਜ ਡਾਕਟਰ ਪ੍ਰਦੀਪ ਕੌਰ ਜੇਤਲੀ ਤੇ ਡਾਕਟਰ ਨਤਿੰਦਰ ਕੌਰ ਸੈਣੀ ਤੋਂ ਇਲਾਵਾ ਰਾਜਿੰਦਰ ਸਿੰਘ ਨਿਝਰ, ਪੰਜਾਬੀ ਰਸੋਈ ਵਾਲੇ ਸੁਰਿੰਦਰ ਪਾਲ ਤਿਵਾੜੀ ਜੀ ,ਨਵਾਬ ਰੈਸਟੋਰੈਟ ਵਾਲੇ ਸਤਨਾਮ ਸਿੰਘ ਜੀ ਤੇ ਹੋਰ ਹਾਜ਼ਰ ਸਨ ।