ਐਡਵੋਕੇਟ ਘੁੰਮਣ ਨੇ ਸਾਈਕਲ ਡੇਅ ਸਮੇਂ ਸ਼ੁੱਧ ਵਾਤਾਵਰਨ ਅਤੇ ਸਿਹਤਮੰਦ ਰਹਿਣ ਦਾ ਦਿੱਤਾ ਹੋਕਾ.
ਲੁਧਿਆਣਾ, 3 ਜੂਨ : (ਰਾਕੇਸ਼ ਅਰੋੜਾ) ਵਿਧਾਨ ਹਲਕਾ ਪੱਛਮੀ ਦੀ ਉੱਪ ਚੋਣ ਲਈ ਚੋਣ ਮੈਦਾਨ ਵਿੱਚ ਉਤਰੇ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪ੍ਰਉਪਕਾਰ ਸਿੰਘ ਘੁੰਮਣ ਨੇ ਅੱਜ ਵਿਸ਼ਵ ਸਾਈਕਲ ਦਿਵਸ ਮੌਕੇ 'ਤੇ ਆਪਣੇ ਦੋਸਤਾਂ ਨਾਲ ਸਾਈਕਲਿੰਗ ਦਾ ਆਨੰਦ ਮਾਣਿਆ। ਇਸ ਮੌਕੇ ਗੱਲਬਾਤ ਕਰਦਿਆਂ ਐਡਵੋਕੇਟ ਘੁੰਮਣ ਨੇ ਕਿਹਾ ਕਿ ਬੇਸ਼ੱਕ ਸਮੇਂ ਦੇ ਬਦਲਣ ਨਾਲ ਹੋਰ ਬਹੁਤ ਸਾਰੇ ਤਕਨੀਕੀ ਸਾਧਨ ਆਏ ਹਨ, ਪਰ ਸਾਈਕਲਿੰਗ ਸਰੀਰ ਨੂੰ ਸਿਹਤਮੰਦ ਰੱਖਣ ਲਈ ਕਾਰਜਸ਼ੀਲ ਸਾਧਨ ਹੈ। ਪੀਏਯੂ ਤੋਂ ਸਵੇਰੇ ਸ਼ੁਰੂ ਹੋਈ ਇਹ ਸਾਈਕਲ ਰੈਲੀ ਸ਼ਹਿਰ ਦੇ ਕਈ ਮੁੱਖ ਮਾਰਗਾਂ ਤੋਂ ਗੁਜ਼ਰੀ, ਜਿਸ ਦੌਰਾਨ ਘੁੰਮਣ ਨੇ ਲੋਕਾਂ ਨਾਲ ਵੱਖ-ਵੱਖ ਮੁੱਦਿਆਂ ਦੇ ਨਾਲ ਨਾਲ ਸੁੱਧ ਵਾਤਾਵਰਨ ਸਬੰਧੀ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਵਾਤਾਵਰਣ ਨੂੰ ਸਾਫ ਅਤੇ ਸੁੱਧ ਰੱਖਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਸਾਈਕਲ ਚਲਾਉਣ ਵਰਗੀਆਂ ਆਦਤਾਂ ਇਸ ਦਿਸ਼ਾ ਵਿੱਚ ਪ੍ਰਭਾਵਸ਼ਾਲੀ ਕਦਮ ਹਨ। ਸਥਾਨਕ ਲੋਕਾਂ ਨਾਲ ਮੁਲਾਕਾਤ ਕਰਦਿਆਂ ਐਡਵੋਕੇਟ ਘੁੰਮਣ ਨੇ ਹਲਕੇ ਦੀਆਂ ਮੁੱਖ ਲੋੜਾਂ ਵਰਗੇ ਮੁੱਦਿਆਂ ਤੇ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਉਹ ਚੋਣ ਜਿੱਤਦੇ ਹਨ, ਤਾਂ ਇਨ੍ਹਾਂ ਸਾਰਿਆਂ ਮੁੱਦਿਆਂ 'ਤੇ ਤੁਰੰਤ ਕਾਰਵਾਈ ਹੋਵੇਗੀ। ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਸਮਾਜਿਕ ਸਰਗਰਮੀਆਂ ਨਾਲ ਜੁੜੇ ਲੋਕਾਂ ਨੇ ਭਾਗ ਲਿਆ। ਐਡਵੋਕੇਟ ਘੁੰਮਣ ਨੇ ਅਖੀਰ ਵਿੱਚ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਚੋਣ ਮੈਦਾਨ ਵਿਚ ਸਿਆਸਤ ਕਰਨ ਨਹੀਂ, ਸੱਚੀ ਸੇਵਾ ਦੇ ਮਕਸਦ ਨਾਲ ਲੋਕਾਂ ਦੀ ਕਚਹਿਰੀ ਵਿੱਚ ਆਏ ਹਨ।
