ਵੱਧ ਰਹੇ ਤਾਪਮਾਨ ਨੂੰ ਘੱਟ ਕਰਨ ਲਈ ਜ਼ਿਲੇ ਵਿੱਚ ਵੱਧ ਤੋਂ ਵੱਧ ਦਰਖਤ ਲਗਾਏ ਜਾਣਗੇ -ਡਿਪਟੀ ਕਮਿਸ਼ਨਰ.

 


ਮੌਨਸੂਨ ਦੀ ਆਮਦ ਨੂੰ ਦੇਖਦੇ ਹੋਏ ਪੌਦੇ ਲਗਾਉਣ ਲਈ ਥਾਵਾਂ ਦੀ ਤੁਰੰਤ ਕੀਤੀ ਜਾਵੇ ਸ਼ਨਾਖਤ

 

ਅੰਮ੍ਰਿਤਸਰ 17 ਜੂਨ ( ਸਵਿੰਦਰ ਸਿੰਘ ) ਮੌਨਸੂਨ ਦੀ ਆਮਦ ਨੂੰ ਵੇਖਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਸਾਰੇ ਵਿਭਾਗਾਂ ਦੇ ਜ਼ਿਲ੍ਹਾ ਮੁਖੀਆਂ ਨੂੰ ਆਪਣੇ ਆਪਣੇ ਦਫਤਰਾਂ ਵਿੱਚ ਪੌਦੇ ਲਗਾਉਣ ਵਾਲੀਆਂ ਥਾਵਾਂ ਦੀ ਤੁਰੰਤ ਸ਼ਨਾਖਤ ਕਰਨ ਦੀ ਹਦਾਇਤ ਕੀਤੀ ਹੈ। ਅੱਜ ਇਸ ਵਿਸ਼ੇ ਉੱਤੇ ਕੀਤੀ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਅਸੀਂ ਹੀਟ ਵੇਵ ਨੂੰ ਘੱਟ ਕਰਨਾ ਹੈ ਤਾਂ ਇਸ ਲਈ ਪੌਦੇ ਲਗਾਉਣ ਤੋਂ ਵਧੀਆ ਕੁਝ ਹੋਰ ਸਾਧਨ ਨਹੀਂ ਹੈ। ਉਹਨਾਂ ਕਿਹਾ ਕਿ ਪੌਦੇ ਲਗਾਉਣ ਦਾ ਕੰਮ ਆਪਣੀ ਹੋਂਦ ਅਤੇ ਪੀੜੀਆਂ ਦੇ ਭਵਿੱਖ ਲਈ ਕੀਤਾ ਜਾਣ ਵਾਲਾ ਕੰਮ ਹੈ। ਉਹਨਾਂ ਕਿਹਾ ਕਿ ਪੁੰਨ ਦੇ ਇਸ ਕੰਮ ਨੂੰ ਸਵੈ ਇੱਛਾ ਨਾਲ ਕੀਤਾ ਜਾਵੇ ਨਾ ਕਿ ਸਰਕਾਰੀ ਡਿਊਟੀ ਸਮਝ ਕੇ। ਉਹਨਾਂ ਕਿਹਾ ਕਿ ਮੀਂਹ ਦੀ ਰੁੱਤ ਸ਼ੁਰੂ ਹੋਣ ਵਾਲੀ ਹੈ ਅਤੇ ਜੇਕਰ ਆਪਾਂ ਕੁਝ ਦਿਨ ਹੋਰ ਥਾਵਾਂ ਦੀ ਸ਼ਨਾਖਤ ਕਰਨ, ਟੋਏ ਪੁੱਟਣ ਅਤੇ ਬੂਟੇ ਲਗਾਉਣ ਤੋਂ ਖੁੰਝ ਗਏ ਤਾਂ ਇੱਕ ਸਾਲ ਹੋਰ ਪਿੱਛੇ ਚਲੇ ਜਾਵਾਂਗੇ।

 

  ਉਹਨਾਂ ਉਪਗ੍ਰਹਿ ਤੋਂ ਪ੍ਰਾਪਤ ਹੋਏ ਨਕਸ਼ੇ ਵਿਖਾਉਂਦਿਆਂ ਕਿਹਾ ਕਿ ਜਿਲੇ ਵਿੱਚ ਜਿੰਨਾ ਸਥਾਨਾਂ ਉੱਤੇ ਗਰਮੀ ਦਾ ਵੱਧ ਅਸਰ ਹੈ, ਉਨਾਂ ਸਥਾਨਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਵਿਭਾਗ ਆਪਣੇ ਦਫਤਰਾਂ ਵਿੱਚ ਥੋੜੇ ਥਾਂ ਵਿੱਚ ਵੱਧ ਪੌਦੇ ਲਗਾਉਣ ਲਈ ਮੀਆਂ ਵਾਕੀ ਤਕਨੀਕ ਦੀ ਸਹਾਇਤਾ ਲੈਣ। ਉਹਨਾਂ ਸ਼ਹਿਰ ਦੀਆਂ ਪਾਰਕਿੰਗ, ਪੈਟਰੋਲ ਪੰਪ, ਸਕੂਲ ਕਾਲਜ ਕੰਪਲੈਕਸ, ਰਿਹਾਇਸ਼ੀ ਕਾਲੋਨੀਆਂ, ਹਰੇਕ ਟਿਊਬਲ ਉੱਤੇ ਪੰਜ ਪੰਜ ਪੌਦੇ ਲਗਾਉਣ, ਖੇਤਾਂ ਦੀ ਤਕਸੀਮ ਲਈ ਲਗਾਏ ਜਾਂਦੇ ਬਾਉਂਡਰੀ ਪਿੱਲਰ ਦੀ ਥਾਂ ਦਰਖਤ ਲਗਾਉਣ ਉੱਤੇ ਵਿਸ਼ੇਸ਼ ਜੋਰ ਦਿੱਤਾ।


ਉਹਨਾਂ ਪਿਛਲੇ ਸਾਲ ਲਗਾਏ ਗਏ ਪੌਦੇ ਅਤੇ ਉਹਨਾਂ ਵਿੱਚੋਂ ਕਿੰਨੇ ਪਲ ਸਕੇ, ਦਾ ਡਾਟਾ ਇਕੱਠਾ ਕਰਨ ਲਈ ਵੀ ਕਿਹਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰੇਕ ਸਾਲ ਤਾਪਮਾਨ ਵੱਧ ਰਿਹਾ ਹੈ ਅਤੇ ਇਸ ਨੂੰ ਕੰਟਰੋਲ ਵਿੱਚ ਰੱਖਣ ਲਈ ਦਰਖਤ ਲਗਾਉਣੇ ਅਤੇ ਪਾਲਣੇ ਸਭ ਤੋਂ ਜਰੂਰੀ ਹਨ। ਉਹਨਾਂ ਕਿਹਾ ਕਿ ਇਸ ਕੰਮ ਵਿੱਚ ਢਿੱਲ ਮੱਠ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ, ਐਸਡੀਐਮ ਮਜੀਠਾ ਸ਼੍ਰੀ ਖੁਸ਼ਪ੍ਰੀਤ ਸਿੰਘ, ਡਿਵੀਜ਼ਨਲ ਜੰਗਲਾਤ ਅਧਿਕਾਰੀ ਸ੍ਰੀ ਰਾਜੇਸ਼ ਕੁਮਾਰ ਅਤੇ ਸਾਰੇ ਵਿਭਾਗਾਂ ਦੇ ਜ਼ਿਲ੍ਹਾ ਮੁਖੀ ਹਾਜ਼ਰ ਸਨ।