ਮਜੀਠੀਆ ਦੇ ਘਰ ਵਿਜੀਲੈਂਸ ਦਾ ਛਾਪਾ, ਹਿਰਾਸਤ ਵਿਚ ਲਿਆ, 29 ਮੋਬਾਇਲ ਫੋਨ ਕੀਤੇ ਜ਼ਬਤ.

 ਅੰਮ੍ਰਿਤਸਰ  : ਵਿਜੀਲੈਂਸ ਵਿਭਾਗ ਨੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ  ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਘਰ ਛਾਪਾ ਮਾਰਿਆ। ਘਰ ਤੋਂ 29 ਮੋਬਾਇਲ ਫੋਨ ਅਤੇ ਲੈਪਟਾਪ ਵੀ ਵਿਜੀਲੈਂਸ ਨੇ ਕਬਜ਼ੇ ਵਿਚ ਲਏ।                     ਦੱਸ ਦੇਈਏ ਕਿ ਬੁੱਧਵਾਰ ਸਵੇਰੇ 15 ਅਧਿਕਾਰੀਆਂ ਦੀ ਇੱਕ ਟੀਮ ਅੰਮ੍ਰਿਤਸਰ ਵਿੱਚ ਮਜੀਠੀਆ ਦੀ ਗ੍ਰੀਨ ਐਵੇਨਿਊ ਸਥਿਤ ਰਿਹਾਇਸ਼ 'ਤੇ ਪਹੁੰਚੀ। ਵਿਜੀਲੈਂਸ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਛਾਪਾ ਕਿਸ ਮਾਮਲੇ ਨਾਲ ਸਬੰਧਤ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਦੇ ਐਸਐਸਪੀ ਲਖਬੀਰ ਸਿੰਘ ਖੁਦ ਮਜੀਠੀਆ ਦੇ ਘਰ ਪਹੁੰਚੇ। ਸੂਤਰਾਂ ਦਾ ਕਹਿਣਾ ਹੈ ਕਿ ਮਜੀਠੀਆ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


ਬਿਕਰਮ ਮਜੀਠੀਆ ਨੇ ਇਸ ਛਾਪੇਮਾਰੀ ਸੰਬੰਧੀ ਇੱਕ ਵੀਡੀਓ ਜਾਰੀ ਕੀਤੀ, ਜਿਸ ਵਿੱਚ ਉਹ ਅਧਿਕਾਰੀਆਂ ਨਾਲ ਬਹਿਸ ਕਰਦੇ ਦਿਖਾਈ ਦੇ ਰਹੇ ਹਨ। ਮਜੀਠੀਆ ਦੀ ਪਤਨੀ ਗਨੀਵ ਕੌਰ ਨੇ ਦੋਸ਼ ਲਗਾਇਆ ਹੈ ਕਿ ਵਿਜੀਲੈਂਸ ਅਧਿਕਾਰੀਆਂ ਨੇ ਜ਼ਬਰਦਸਤੀ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਕੇ ਉਨ੍ਹਾਂ ਨੂੰ ਧੱਕਾ ਵੀ ਦਿੱਤਾ। ਛਾਪੇਮਾਰੀ ਤੋਂ ਬਾਅਦ ਬਿਕਰਮ ਮਜੀਠੀਆ ਨੇ ਕਿਹਾ ਕਿ ਜਦੋਂ ਭਗਵੰਤ ਮਾਨ ਸਰਕਾਰ ਨੂੰ ਝੂਠੇ ਡਰੱਗ ਕੇਸ ਵਿੱਚ ਮੇਰੇ ਖਿਲਾਫ ਕੁਝ ਨਹੀਂ ਮਿਲਿਆ, ਹੁਣ ਉਹ ਮੇਰੇ ਖਿਲਾਫ ਇੱਕ ਨਵਾਂ ਝੂਠਾ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ। ਅੱਜ ਵਿਜੀਲੈਂਸ ਦੇ ਐਸਐਸਪੀ ਦੀ ਅਗਵਾਈ ਵਾਲੀ ਟੀਮ ਨੇ ਮੇਰੇ ਘਰ ਛਾਪਾ ਮਾਰਿਆ ਹੈ।