ਵੈਟਨਰੀ ਯੂਨੀਵਰਸਿਟੀ ਨੇ ਰੁੱਖ ਲਗਾਉਣ ਦੀ ਮੁਹਿੰਮ ਨਾਲ ਕੀਤੀ ਹਰਿਆਵਲ ਕੈਂਪਸ ਦੀ ਸ਼ੁਰੂਆਤ.
ਲੁਧਿਆਣਾ 16 ਜੁਲਾਈ 2025
ਵਾਤਾਵਰਣ ਪ੍ਰਤੀ ਸੁਹਿਦਰਤਾ ਪ੍ਰਗਟਾਉਂਦਿਆਂ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦਾ ਵਿਸ਼ਾ ਰੱਖਿਆ ਗਿਆ ਸੀ ‘ਆਓ ਹਰਿਆਵਲ ਭਵਿੱਖ ਵੱਲ ਵਧੀਏ’। ਵੱਡੀ ਗਿਣਤੀ ਵਿੱਚ ਉਤਸ਼ਾਹ ਵਿਖਾਉਂਦਿਆਂ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਇਸ ਵਿੱਚ ਭਾਗੀਦਾਰੀ ਕੀਤੀ।
ਇਸ ਮੁਹਿੰਮ ਦਾ ਰਸਮੀ ਉਦਘਾਟਨ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਬੂਟਾ ਲਗਾ ਕੇ ਕੀਤਾ। ਡਾ. ਗਿੱਲ ਨੇ ਵਾਤਾਵਰਣ ਸੰਬੰਧੀ ਚੇਤਨਤਾ ਨੂੰ ਉਤਸ਼ਾਹਿਤ ਕਰਨ ਅਤੇ ਜਲਵਾਯੂ ਤਬਦੀਲੀ ਵਿਰੁੱਧ ਸਕਾਰਾਤਮਕ ਕਾਰਵਾਈ ਕਰਨ ਵਿੱਚ ਅਕਾਦਮਿਕ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਵਿੱਖ ਦੀਆਂ ਪੀੜ੍ਹੀਆਂ ਲਈ ਮਾਂ-ਧਰਤੀ ਦੀ ਸੁਰੱਖਿਆ ਕਰਨ ਲਈ ਸਮੂਹਿਕ ਸ਼ਮੂਲੀਅਤ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਮਕਸਦ ਲਈ ਨਿਰੰਤਰ ਯਤਨ ਕਰਦੇ ਰਹਿਣਾ ਚਾਹੀਦਾ ਹੈ।
ਡਾ. ਸਰਵਪ੍ਰੀਤ ਸਿੰਘ ਘੁੰਮਣ, ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਮਿਲਖ਼ ਅਫ਼ਸਰ ਨੇ ਕਿਹਾ ਕਿ ਇਹ ਮੁੁਹਿੰਮ ਦੇ ਤਹਿਤ ਯੂਨੀਵਰਸਿਟੀ ਕੈਂਪਸ ਦੇ ਵੱਖ-ਵੱਖ ਹਿੱਸਿਆਂ ਵਿੱਚ ਬੂਟੇ ਲਗਾਏ ਜਾਣਗੇ। ਜ਼ਿਲ੍ਹਾ ਜੰਗਲਾਤ ਵਿਭਾਗ ਵੱਲੋਂ ਮੁਹੱਈਆ ਕੀਤੇ ਗਏ 500 ਬੂਟੇ ਸ਼ੁਰੂਆਤੀ ਪੜਾਅ ਦੌਰਾਨ ਲਾਗਏ ਜਾਣਗੇ ਅਤੇ ਅਗਲੇ ਪੜਾਵਾਂ ਵਿੱਚ 1000 ਤੋਂ ਵੱਧ ਬੂਟੇ ਲਗਾਏ ਜਾਣਗੇ। ਉਨ੍ਹਾਂ ਨੇ ਜੰਗਲਾਤ ਵਿਭਾਗ ਦੇ ਅਧਿਕਾਰੀ ਸ਼੍ਰੀ ਰਾਜੇਸ਼ ਗੁਲਾਟੀ, ਡਿਵੀਜ਼ਨਲ ਫਾਰੇਸਟ ਅਫ਼ਸਰ ਅਤੇ ਉਨ੍ਹਾਂ ਦੀ ਟੀਮ ਦਾ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਯੋਗਦਾਨ ਦੇਣ ਲਈ ਧੰਨਵਾਦ ਕੀਤਾ। ਡਾ. ਘੁੰਮਣ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀ ਦਾ ਲੈਂਡਸਕੇਪ ਯੂਨਿਟ ਬਹੁਤ ਸੁਚੱਜੇ ਤਰੀਕੇ ਨਾਲ ਬੂਟਿਆਂ ਦੀ ਦੇਖਭਾਲ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਕਾਰਜ ਵੀ ਕਰ ਰਿਹਾ ਹੈ।
ਸ. ਘੁੰਮਣ ਨੇ ਸ. ਜਸਕਰਨ ਸਿੰਘ, ਸਹਾਇਕ ਮਿਲਖ਼ ਅਧਿਕਾਰੀ, ਡਾ. ਹਰਕੀਰਤ ਸਿੰਘ, ਇੰਚਾਰਜ ਲੈਂਡਸਕੇਪਿੰਗ ਯੂਨਿਟ ਅਤੇ ਇਸ ਯੂਨਿਟ ਦੇ ਕਰਮਚਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਇਸ ਸਮਾਗਮ ਦੀ ਸੁਚੱਜੀ ਯੋਜਨਾਬੰਦੀ ਅਤੇ ਅਮਲ ਨੂੰ ਨੇਪਰੇ ਚਾੜ੍ਹਿਆ। ਉਨ੍ਹਾਂ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਸਾਰੀਆਂ ਭਾਈਵਾਲ ਧਿਰਾਂ ਦਾ ਧੰਨਵਾਦ ਵੀ ਕੀਤਾ।
