ਪੰਜਾਬੀ ਮੁਟਿਆਰਾਂ ਗਰੁੱਪ ਵਲੋਂ ‘ਧੀਆਂ ਦੀਆਂ ਤੀਆਂ’ ਸਮਾਗਮ ਉਤਸ਼ਾਹ ਨਾਲ ਮਨਾਇਆ.

 

* ਅਲੋਪ ਹੁੰਦੇ ਪੰਜਾਬੀ ਸੱਭਿਆਚਾਰ ਵਿਰਸੇ ਨੂੰ ਆਉਣ ਵਾਲੀਆਂ ਪੀੜੀਆਂ ਤੱਕ ਪਹੁੰਚਾਉਣਾ ਸਮੇਂ ਦੀ ਲੋੜ-ਰਾਜਵਿੰਦਰ ਕੌਰ

ਲੁਧਿਆਣਾ, 28 ਜੁਲਾਈ (ਜ਼. ਪੰ)- ਪੰਜਾਬੀ ਮੁਟਿਆਰਾਂ ਗਰੁੱਪ ਵਲੋਂ ਅਲੋਪ ਹੁੰਦੇ ਪੰਜਾਬੀ ਸੱਭਿਆਚਾਰ ਦੀ ਪੁਰਾਤਨ ਦਿਖ ਨੂੰ ਕਾਇਮ ਰੱਖਣ ਲਈ ਸਥਾਨਕ ਹੋਟਲ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਤੇ ਉਤਸ਼ਾਹ ਮਨਾਇਆ ਗਿਆ, ਜਿਸ ਵਿਚ ਸਾਰੀਆਂ ਮੁਟਿਆਰਾਂ ਪੰਜਾਬੀ ਸੱਭਿਆਚਾਰ ਪਹਿਰਾਵੇ ਵਿਚ ਸਜੀਆਂ ਹੋਈਆਂ ਸਨ। ਮੁਟਿਆਰਾਂ ਨੇ ਪੰਜਾਬੀ ਗੀਤਾਂ, ਬੋਲੀਆਂ ਤੇ ਪੀਂਘਾਂ ਝੂਟ ਕੇ ਖੂਬ ਆਨੰਦ ਮਾਣਿਆ। ਇਸ ਮੌਕੇ ਦੇਵਗਨ ਪਰਿਵਾਰ, ਮਸੌਣ ਪਰਿਵਾਰ, ਬੱਗਾ ਪਰਿਵਾਰ, ਧੁੰਨਾ ਪਰਿਵਾਰ, ਵਰਮਾ ਪਰਿਵਾਰ, ਸ਼ਾਲੂ ਬੂਟੀਕ ਤੇ ਸੰਦੀਪ ਕੌਰ ਧੂਰੀ ਸਮੇਤ ਹੋਰ ਸਖਸ਼ੀਅਤਾਂ ਨੇ ਪਹੁੰਚ ਕੇ ਤੀਆਂ ਦੇ ਸਮਾਗਮ ਨੂੰ ਹੋਰ ਵੀ ਸਭਿਆਚਾਰਕ ਰੰਗ ਦੇ ਦਿੱਤਾ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਗੁਰਜੀਤ ਕੌਰ ਬਸਰਾ ਪਹੁੰਚੇ, ਸਮਾਗਮ ’ਚ ਸ਼ਾਮਿਲ ਸਮੂਹ ਔਰਤਾਂ ਤੇ ਗਰੁੱਪ ਮੈਂਬਰਾਂ ਨੂੰ ਤੀਆਂ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਗੱਲਬਾਤ ਕਰਦਿਆਂ ਧੀਆਂ ਦੀਆਂ ਤੀਆਂ ਸਮਾਗਮ ਅਤੇ ਪੰਜਾਬੀ ਮੁਟਿਆਰਾਂ ਗਰੁੱਪ ਦੀ ਪ੍ਰਮੁੱਖ ਰਾਜਵਿੰਦਰ ਕੌਰ ਨੇ ਅਲੋਪ ਹੁੰਦੇ ਪੰਜਾਬੀ ਸੱਭਿਆਚਾਰ ਵਿਰਸੇ ਨੂੰ ਆਉਣ ਵਾਲੀਆਂ ਪੀੜੀਆਂ ਤੱਕ ਪਹੰੁਚਾਉਣ ਲਈ ਇਸਨੂੰ ਪੂਰੀ ਤਰਾਂ ਪੁਰਾਤਨ ਦਿਖ ਅਤੇ ਤੀਆਂ ਦੇ ਉਤਸ਼ਾਹ ਨੂੰ ਪ੍ਰਦਰਿਸ਼ਤ ਕਰਨ ਲਈ ਪੰਜਾਬੀ ਪਹਿਰਾਵੇ ਅਤੇ ਸੱਭਿਆਚਾਰਕ ਦੀਆਂ ਝਲਕਾਂ ਨੂੰ ਦਰਸਾਇਆ ਗਿਆ ਹੈ। ਨੌਜਵਾਨ ਪੀੜੀ ਨੂੰ ਪੁਰਾਣੇ ਸਮੇਂ ਦੀਆਂ ਪੁਰਾਣੀਆਂ ਅਲੋਪ ਹੋ ਰਹੀਆਂ ਚੀਜ਼ਾਂ ਨਾਲ ਸਬੰਧਿਤ ਸਵਾਲ ਜਵਾਬ ਵੀ ਕੀਤੇ ਗਏ ਅਤੇ ਤੀਆਂ ਦੇ ਤਿਉਹਾਰ ਨਾਲ ਸਬੰਧਿਤ ਬੋਲੀਆਂ, ਲੰਬੀ ਹੇਕ ਵਾਲੇ ਗੀਤ ਅਤੇ ਤੀਆਂ ਦੇ ਸੰਧਾਰੇ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ। ਸਮਾਗਮ ’ਚ ਵੱਡੀ ਗਿਣਤੀ ’ਚ ਔਰਤਾਂ, ਲੜਕੀਆਂ ਤੇ ਪੰਜਾਬੀ ਮੁਟਿਆਰਾਂ ਗਰੁੱਪ ਦੀਆਂ ਸਮੂਹ ਮੈਂਬਰਾਨ ਹਾਜ਼ਰ ਸਨ। ਇਸ ਮੌਕੇ ਮਿਸਇਜ਼ ਤੀਜ਼ ਜੋਤੀ ਵਰਮਾ ਨੂੰ ਚੁਣਿਆ ਗਿਆ ਅਤੇ ਸਨਮਾਨ ਵਜੋਂ ਫੁਲਕਾਰੀ ਭੇਟ ਕੀਤੀ ਗਈ। ਸਮਾਗਮ ’ਚ ‘ਨਵੀਆਂ ਰੀਤਾਂ ਦੇ ਨਾਲ ਨਾਲ ਅਲੋਪ ਹੋ ਰਹੀਆਂ ਰੀਤਾਂ ਨੂੰ ਬਚਾ ਲਈਏ, ਆਓ ਸਹੇਲੀਓ ਪੰਜਾਬੀ ਵਿਰਸਾ ਬਚਾ ਲਈਏ ਦਾ ਹੋਕਾ ਵੀ ਦਿੱਤਾ ਗਿਆ। ਸਮਾਗਮ ’ਚ ਹਿੱਸਾ ਲੈਣ ਵਾਲੀਆਂ ਸਮੂਹ ਮੈਂਬਰਾਨ ਨੂੰ ਮੁੱਖ ਮਹਿਮਾਨ ਗੁਰਜੀਤ ਕੌਰ ਬਸਰਾ ਨੇ ਸਨਮਾਨ ਨਿਸ਼ਾਨੀਆਂ ਭੇਂਟ ਕੀਤੀਆਂ। ਇਸ ਮੌਕੇ ਮਾਲ ਪੁੜੇ, ਖੀਰ ਤੇ ਹੋਰ ਵੱਖ-ਵੱਖ ਪਕਵਾਨਾਂ ਦਾ ਵੀ ਔਰਤਾਂ ਨੇ ਲੁਤਫ਼ ਉਠਾਇਆ।