ਕੌਮੀ ਪ੍ਰੰਪਰਾਵਾਂ ’ਤੇ ਪਹਿਰਾ ਦੇਣ ਵਾਲੇ ਪੰਥ ਪ੍ਰਸਤ ਆਗੂ ਸਨ ਜਥੇਦਾਰ ਤਲਵੰਡੀ-ਭਾਈ ਲੌਂਗੋਵਾਲ.

 

ਲਲਿਤ ਬੇਰੀ

ਅੰਮ੍ਰਿਤਸਰ , 15 ਮਾਰਚ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਤਸਵੀਰ ਅੱਜ ਸ੍ਰੀ ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਚ ਸੁਸ਼ੋਭਿਤ ਕਰਨ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਥੇਦਾਰ ਤਲਵੰਡੀ ਨੂੰ ਕੌਮੀ ਪ੍ਰੰਪਰਾਵਾਂ ਨੂੰ ਸਮਰਪਿਤ ਆਗੂ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਥੇਦਾਰ ਤਲਵੰਡੀ ਗੁਰੂ ਸਾਹਿਬ ਦੀ ਭੈ-ਭਾਵਨੀ ਵਿਚ ਜੀਵਨ ਬਤੀਤ ਕਰਨ ਵਾਲੀ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਹਮੇਸ਼ਾ ਹੀ ਨਿਡਰਤਾ ਨਾਲ ਸੱਚ ’ਤੇ ਪਹਿਰਾ ਦਿੱਤਾ। ਅਜਿਹੇ ਪੰਥ ਪ੍ਰਸਤੀ ਵਾਲੇ ਆਗੂਆਂ ਦੇ ਜੀਵਨ ਤੋਂ ਅਜੋਕੀ ਸਿੱਖ ਨੌਜੁਆਨੀ ਨੂੰ ਪ੍ਰੇਰਣਾ ਪ੍ਰਾਪਤ ਕਰਦਿਆਂ ਪੰਥ ਦੀ ਚੜ੍ਹਦੀ ਕਲਾ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਵੀ ਜਥੇਦਾਰ ਤਲਵੰਡੀ ਦੀਆਂ ਪੰਥਕ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਥੇਦਾਰ ਤਲਵੰਡੀ ਨੂੰ ਪੰਥ ਦੀ ਸੇਵਾ ਵਿਰਾਸਤ ਵਿੱਚੋਂ ਪ੍ਰਾਪਤ ਹੋਈ ਸੀ। ਉਨ੍ਹਾਂ ਨੇ ਆਪਣੇ ਪਿਤਾ ਦੇ ਪਾਏ ਪੂਰਨਿਆਂ ’ਤੇ ਚੱਲਦਿਆਂ ਕਈ ਮੋਰਚਿਆਂ ਵਿਚ ਹਿੱਸਾ ਲਿਆ। ਅਜਿਹੇ ਆਗੂ ਕੌਮ ਦਾ ਸਰਮਾਇਆ ਹਨ। ਇਸ ਤੋਂ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵੱਲੋਂ ਪੁੱਜੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਮੁੱਖ ਗ੍ਰੰਥੀ ਵੱਲੋਂ ਜਥੇਦਾਰ ਤਲਵੰਡੀ ਦੇ ਪਰਿਵਾਰ ਨੂੰ ਵਧਾਈ ਦਿੱਤੀ।

ਸਮਾਗਮ ਦੌਰਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਸਪੁੱਤਰ ਸ. ਰਣਜੀਤ ਸਿੰਘ ਤਲਵੰਡੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਅਤੇ ਸਮੁੱਚੇ ਪੰਥ ਦਾ ਧੰਨਵਾਦ ਕਰਦਿਆਂ ਜਥੇਦਾਰ ਤਲਵੰਡੀ ਦੀਆਂ ਯਾਦਾਂ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਤਲਵੰਡੀ ਪਰਿਵਾਰ ਨੂੰ ਇਹ ਮਾਣ ਹਾਸਲ ਹੈ ਕਿ ਉਨ੍ਹਾਂ ਦੀਆਂ ਦੋ ਪੀੜ੍ਹੀਆਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਸੁਸ਼ੋਭਿਤ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜਥੇਦਾਰ ਤਲਵੰਡੀ ਦੇ ਪਿਤਾ ਜਥੇਦਾਰ ਛਾਂਗਾ ਸਿੰਘ ਜੀ ਦੀ ਵੀ ਤਸਵੀਰ ਇਥੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦੀ ਅਪਾਰ ਬਖ਼ਸ਼ਿਸ਼ ਹੋਈ ਹੈ ਕਿ  ਸਿੱਖ ਪੰਥ ਦੀ ਮਾਇਆਨਾਜ਼ ਹਸਤੀ ਤੇ ਸਾਡੇ ਸਤਿਕਾਰਯੋਗ ਪਿਤਾ ਜੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਜੀ ਦਾ ਚਿੱਤਰ ਕੇਂਦਰੀ ਸਿੱਖ ਅਜਾਇਬਘਰ ਵਿੱਚ ਸੁਸ਼ੋਭਿਤ ਹੋਈ ਹੈ ਜਿੰਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਹਰ ਪਲ ਸਿੱਖ ਪੰਥ, ਸਿੱਖ ਵਿਸ਼ਵਾਸ, ਸੰਘਰਸ਼ ਤੇ ਸਰਦਾਰੀ ਲਈ ਖ਼ਰਚਣ ਵਾਲੇ ਲੋਹ ਪੁਰਸ਼ ਜਥੇਦਾਰ ਤਲਵੰਡੀ ਜੀ ਨਿੱਤ ਨੇਮੀ, ਕੇਸਾਂ ਸਵਾਸਾਂ ਨਾਲ ਸਿੱਖੀ ਸਿਦਕ ਨਿਭਾਉਣ ਵਾਲੇ ਮਹਾਂਪੁਰਸ਼ ਸਨ। ਆਪਣੇ ਬਾਪ ਜਥੇਦਾਰ ਛਾਂਗਾ ਸਿੰਘ ਜੀ ਦੀ ਨਿਰਛਲ, ਨਿਰਕਪਟ, ਨਿਰਵਿਕਾਰ ਨਿਸ਼ਕਾਮ ਪੰਥ ਸੇਵਾ ਦਾ ਕਾਰਜ ਸਾਰੀ ਉਮਰ ਲਾ ਕੇ ਸੰਪੂਰਨ ਕੀਤਾ। ਸਿੱਖ ਪੰਥ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੀ ਪ੍ਰਧਾਨਗੀ ਤੀਕ ਜ਼ੁੰਮੇਵਾਰੀ ਨੂੰ ਉਨ੍ਹਾਂ ਬੜੇ ਸਿਦਕ ਤੇ ਸਿਰੜ ਨਾਲ ਨਿਭਾਇਆ। ਪੰਜਾਬ ਅਸੈਂਬਲੀ, ਕੈਬਨਿਟ, ਲੋਕ ਸਭਾ, ਰਾਜਸਭਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਾਧਾਰਨ ਮੈਂਬਰ ਤੋਂ ਲੈ ਕੇ ਪ੍ਰਧਾਨਗੀ ਤੀਕ ਹਰ ਅਹੁਦਾ ਪੂਰੀ ਤਨਦੇਹੀ ਨਾਲ ਨਿਭਾਇਆ। ਆਪਣੀ ਦਸਤਾਰ ਮਰਦੇ ਦਮ ਤੀਕ ਬੇਦਾਗ ਰੱਖੀ। ਆਪਣੇ ਪਰਿਵਾਰ ਨੂੰ ਵੀ ਉਨ੍ਹਾਂ ਇਹੀ ਸਬਕ ਸਿਖਾਇਆ। ਜਥੇਦਾਰ ਤਲਵੰਡੀ ਗਊ ਗਰੀਬ ਲਈ ਢਾਲ, ਬਦ ਤੇ ਬੁਰਿਆਂ ਲਈ  ਕਾਲ ਤੇ ਸਿੱਖ ਪੰਥ ਲਈ ਮਿਸਾਲ ਸਨ। ਉਨ੍ਹਾਂ ਦੀ ਮਿਸਾਲੀ ਜ਼ਿੰਦਗੀ ਆਉਣ ਵਾਲੀਆਂ ਪੀੜ੍ਹੀਆਂ ਲਈ ਲਾਜ਼ਮੀ ਪ੍ਰੇਰਨਾ ਸਰੋਤ ਬਣੇਗੀ।

ਇਸ ਮੌਕੇ ਰਾਗੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਅਤੇ ਮੰਚ ਸੰਚਾਲਨ ਸੇਵਾ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ ਨੇ ਨਿਭਾਈ। ਭਾਈ ਲੌਂਗੋਵਾਲ ਵੱਲੋਂ ਜਥੇਦਾਰ ਤਲਵੰਡੀ ਦੇ ਪਰਿਵਾਰਕ ਮੈਂਬਰਾਂ ਚੋਂ ਬੇਟੀਆਂ ਤੇ ਸਪੁੱਤਰਾਂ ਨੂੰ ਗੁਰੂ ਦੀ ਬਖ਼ਸ਼ਿਸ਼ ਸਿਰੋਪਾ�" ਵੀ ਦਿੱਤੇ ਗਏ।

ਇਸ ਮੌਕੇ ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਭਾਈ ਗੁਰਚਰਨ ਸਿੰਘ ਗਰੇਵਾਲ, ਜਥੇਦਾਰ ਤਲਵੰਡੀ ਦੇ ਸਪੁੱਤਰ ਸ. ਰਣਜੀਤ ਸਿੰਘ ਤਲਵੰਡੀ ਤੇ ਮੈਂਬਰ ਕਾਰਜਕਾਰਨੀ ਸ਼੍ਰੋਮਣੀ ਕਮੇਟੀ ਸ. ਜਗਜੀਤ ਸਿੰਘ ਤਲਵੰਡੀ, ਉਨ੍ਹਾਂ ਦੀਆਂ ਸਪੁੱਤਰੀ ਬੀਬੀ ਹਰਜੀਤ ਕੌਰ ਤੇ ਬੀਬੀ ਮਨਜੀਤ ਕੌਰ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ, ਮੀਤ ਸਕੱਤਰ ਸ. ਸੁਲੱਖਣ ਸਿੰਘ ਭੰਗਾਲੀ, ਸਾਬਕਾ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਬਾਠ ਬਟਾਲਾ, ਮੈਨੇਜਰ ਸ. ਮੁਖਤਾਰ ਸਿੰਘ, ਸ. ਦਰਸ਼ਨ ਸਿੰਘ ਪੀ.ਏ., ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ, ਸ. ਨਰਿੰਦਰ ਸਿੰਘ, ਸ. ਇਕਬਾਲ ਸਿੰਘ ਮੁਖੀ, ਸ. ਜਸਪਾਲ ਸਿੰਘ ਢੱਡੇ ਆਦਿ ਮੌਜੂਦ ਸਨ।