4 ਅਗਸਤ ਨੂੰ ਚੌਪਾਲ 'ਤੇ ਰਿਲੀਜ਼ ਹੋਵੇਗੀ ਪੰਜਾਬੀ ਫ਼ਿਲਮ 'ਕਬੂਤਰਬਾਜ਼'.
ਲੁਧਿਆਣਾ 1 ਅਗਸਤ ( ਕੁਲਦੀਪ ਸਿੰਘ ਦੁੱਗਲ )
ਪੰਜਾਬੀ ਸਿਨੇਮਾ ਜਗਤ ਦੀ ਝੋਲੀ ਦਰਜ਼ਨ ਦੇ ਕਰੀਬ ਪੰਜਾਬੀ ਫ਼ਿਲਮਾਂ ਪਾਉਣ ਵਾਲੇ ਪ੍ਰਸਿੱਧ ਪ੍ਰੋਡਿਊਸਰ, ਡਾਇਰੈਕਟਰ, ਅਦਾਕਾਰ ਤੇ ਲੇਖਕ ਸੁਖਪਾਲ ਸਿੱਧੂ ਦੀ ਪੰਜਾਬੀ ਫ਼ੀਚਰ ਫ਼ਿਲਮ 'ਕਬੂਤਰਬਾਜ' 4 ਅਗਸਤ ਨੂੰ ਚੌਪਾਲ 'ਤੇ ਰਿਲੀਜ਼ ਹੋ ਰਹੀ ਹੈ। ਪਰਮਜੀਤ ਫਿਲਮਜ਼ ਦੇ ਬੈਨਰ ਹੇਠ ਬਣੀ ਇਹ ਪੰਜਾਬੀ ਫ਼ੀਚਰ ਫਿਲਮ ਸਬੰਧੀ ਗੱਲਬਾਤ ਕਰਦਿਆਂ ਸੁਖਪਾਲ ਸਿੱਧੂ ਨੇ ਦੱਸਿਆ ਕਿ ਇਸ ਫਿਲਮ ਵਿੱਚ ਪੰਜਾਬੀਆਂ ਦੇ ਕਬੂਤਰਬਾਜ਼ੀ ਦੇ ਵਿਲੱਖਣ ਸ਼ੌਕ ਦੀ ਗੱਲ ਕੀਤੀ ਗਈ ਹੈ ਜੋ ਸ਼ਾਇਦ ਇਸ ਤੋਂ ਪਹਿਲਾਂ ਕਿਸੇ ਵੀ ਪੰਜਾਬੀ ਫਿਲਮ ਦਾ ਵਿਸ਼ਾ ਨਹੀਂ ਬਣੀ ਅਤੇ ਪੇਂਡੂ ਪੰਜਾਬੀ ਜੀਵਨ ਦੀ ਰੌਚਕ ਵੰਨਗੀ ਦੀ ਝਲਕ ਪੇਸ਼ ਕਰਦੀ ਕਹਾਣੀ ਨੂੰ ਹਰ ਵਰਗ ਦੇ ਲੋਕਾਂ ਦਾ ਭਰਪੂਰ ਹੁੰਗਾਰਾ ਮਿਲਿਆ ਹੈ। ਜ਼ਿਕਰਯੋਗ ਹੈ ਕਿ ਸੁਖਪਾਲ ਸਿੱਧੂ ਦੁਆਰਾ ਲਿਖਤ ਇਹ ਪੰਜਾਬੀ ਫ਼ਿਲਮ 24 ਜਨਵਰੀ 2025 ਨੂੰ ਵਰਲਡ ਵਾਈਡ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ ਜਿਸ ਵਿੱਚ ਅਦਾਕਾਰ ਰਾਜਵੀਰ ਗਰੇਵਾਲ ਤੇ ਅਦਾਕਾਰਾ ਸਿਮਰ ਜੌਹਲ ਨੇ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ ਹਨ ਜਦਕਿ ਦਿੱਗਜ਼ ਅਦਾਕਾਰ ਮਲਕੀਤ ਰੌਣੀ, ਰਣਜੀਤ ਮਣੀ, ਰਾਣਾ ਜੰਗ ਬਹਾਦਰ, ਦਿਲਾਵਰ ਸਿੱਧੂ, ਗੁਰਵਿੰਦਰ ਸਰਾਂ ( ਮਿੰਨੀ ਮੇਹਰ ਮਿੱਤਲ ), ਭੋਟੂ ਸ਼ਾਹ, ਅਮਰਜੀਤ ਕੌਰ, ਪਾਲੀ ਮਾਂਗਟ, ਮਹਾਂਵੀਰ ਭੁੱਲਰ, ਨਗਿੰਦਰ ਗੱਖੜ, ਰਾਜ ਧਾਲੀਵਾਲ, ਨੀਰਜ ਕਾਂਤ, ਸੰਜੀਵ ਕਲੇਰ, ਬਲਕਾਰ ਸਿੰਘ, ਜ਼ੀ ਗੁਰਜਾਨ, ਪ੍ਰਭ ਰਾਮਗੜ੍ਹੀਆ ਆਦਿ ਨੇ ਵੀ ਆਪੋ ਆਪਣੇ ਕਿਰਦਾਰਾਂ ਨਾਲ ਪੂਰਾ ਇਨਸਾਫ਼ ਕੀਤਾ ਹੈ। ਇਸ ਫਿਲਮ ਵਿੱਚ ਗੀਤਕਾਰ ਕੁਲਦੀਪ ਸਿੰਘ ਦੁੱਗਲ ਦੇ ਲਿਖੇ ਗੀਤਾਂ ਨੂੰ ਰਣਜੀਤ ਮਣੀ ਤੇ ਅਮਰਿੰਦਰ ਬੌਬੀ, ਰੂਪ ਕੌਰ ਸਮੇਤ ਕਈ ਗਾਇਕਾਂ ਨੇ ਬਾਖੂਬੀ ਗਾਇਆ ਹੈ ਤੇ ਜਿਹਨਾਂ ਦਾ ਸੰਗੀਤ ਸੰਗੀਤਕਾਰ ਕੇ ਵੀ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਫਿਲਮ ਦੀ ਸਿਨੇ ਆਟੋਗ੍ਰਾਫੀ ਬਾਲੀਵੁੱਡ ਦੇ ਨਾਮਵਰ ਕੈਮਰਾਮੈਨ ਕਮਲ ਸ਼ਰਮਾ ਨੇ ਕੀਤੀ ਹੈ ਜਦਕਿ ਐਕਸ਼ਨ ਸਤਵੰਤ ਬੱਲ ਵੱਲੋਂ ਕੀਤਾ ਗਿਆ ਹੈ। ਇਸ ਫਿਲਮ ਦੇ ਆਡੀਟਰ ਸ਼ਾਮ ਸੁੰਦਰ ਲਾਭ ਤੇ ਪ੍ਰੋਡਕਸ਼ਨ ਮੈਨੇਜ਼ਰ ਬਲਕਾਰ ਸਿੰਘ ਹਨ। ਸ. ਸਿੱਧੂ ਨੇ ਦੱਸਿਆ ਕਿ ਉਹ ਭਵਿੱਖ ਵਿੱਚ ਵੀ ਜਲਦ ਹੀ ਪੰਜਾਬੀ ਜੀਵਨ ਸ਼ੈਲੀ ਦੇ ਵਿਲੱਖਣ ਪੱਖਾਂ ਨੂੰ ਪੇਸ਼ ਕਰਦੀ ਨਵੀਂ ਫ਼ਿਲਮ 'ਯਾਰਾਂ ਦਾ ਟਰੱਕ ਬੱਲੀਏ' ਸ਼ੁਰੂ ਕਰਨ ਜਾ ਰਹੇ ਹਨ ਜਿਹਨਾਂ ਦੀਆਂ ਮੁੱਢਲੀਆਂ ਤਿਆਰੀਆਂ ਹੋ ਚੁੱਕੀਆਂ ਹਨ।
