ਬੰਦੀ ਸਿੱਖਾਂ ਲਈ ਦੋਹਰਾ ਮਾਪਦੰਡ ਕਿਉਂ? ਡੇਰਾ ਮੁਖੀ ਨੂੰ ਮਿਲੀ ਪਰੋਲ ਸਿੱਖ ਭਾਵਨਾਵਾਂ 'ਤੇ ਚੋਟ : ਹਰਜਾਪ ਸਿੰਘ ਸੰਘਾ.
ਜਲੰਧਰ/ਬਲਵਿੰਦਰ ਕੁਮਾਰ
ਡੇਰਾ ਸਚਾ ਸੌਦਾ ਮੁਖੀ ਨੂੰ ਇਕ ਵਾਰ ਫਿਰ ਮਿਲੀ ਪਰੋਲ ਸਿੱਖ ਕੌਮ ਦੀਆਂ ਭਾਵਨਾਵਾਂ 'ਤੇ ਗੰਭੀਰ ਚੋਟ ਹੈ। ਇੱਕ ਅਜਿਹੇ ਅਪਰਾਧੀ, ਜੋ ਬਲਾਤਕਾਰ, ਹੱਤਿਆ ਅਤੇ ਧਾਰਮਿਕ ਅਸਤਿਤਵ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਪਰਾਧਾਂ ਲਈ ਸਜ਼ਾਇਆਫਤਾ ਹੈ, ਉਸ ਨੂੰ ਵਾਰ ਵਾਰ ਰਾਹਤ ਦਿੱਤੀ ਜਾ ਰਹੀ ਹੈ। ਦੂਜੇ ਪਾਸੇ, ਸਿੱਖ ਕੌਮ ਦੇ ਅਸਲ ਬੀਰਾਂ-ਬੰਦੀ ਸਿੰਘ ਜਿਨ੍ਹਾਂ ਨੇ ਆਪਣੀ ਕੌਮ, ਧਰਮ ਅਤੇ ਦਿੱਲੀ ਦੇ ਨਿਰਦੋਸ਼ਾਂ ਲਈ ਲੜਾਈ ਲੜੀ, ਉਹ ਅੱਜ ਵੀ ਸਾਲਾਂ ਤੋਂ ਜੇਲਾਂ 'ਚ ਸੜ ਰਹੇ ਹਨ। ਉਨ੍ਹਾਂ ਲਈ ਨਾਂ ਤਾਂ ਪਰੋਲ, ਨਾਂ ਰਿਹਾਈ ਦੀ ਕੋਈ ਗੱਲ ਕੀਤੀ ਜਾਂਦੀ ਹੈ। ਇਹ ਸਰਕਾਰ ਦੀ ਦੋਹਰੀ ਨੀਤੀ ਅਤੇ ਸਿੱਖਾਂ ਨਾਲ ਅਨਿਆਂ ਦਾ ਸਾਫ ਸੁਬੂਤ ਹੈ। ਇਸ ਤਰ੍ਹਾਂ ਦੇ ਫੈਸਲੇ ਪੰਜਾਬ ਵਿਚ ਵਿਘਨ ਪੈਦਾ ਕਰਨ ਵਾਲੇ ਹਨ ਅਤੇ ਸਿੱਖ ਨੌਜਵਾਨਾਂ ਵਿਚ ਨਿਰਾਸ਼ਾ ਅਤੇ ਗੁੱਸਾ ਪੈਦਾ ਕਰਦੇ ਹਨ। ਸਾਨੂੰ ਇਹ ਮੰਨਣ ਵਿੱਚ ਕੋਈ ਸ਼ਰਮ ਨਹੀਂ ਕਿ ਇਹ ਸਿਰਫ਼ ਚੋਣੀਤੀਆਂ ਧਾਰਮਿਕ ਰਾਜਨੀਤੀਆਂ ਦੀ ਚਾਲ ਹੈ। ਮੈਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੋਵਾਂ ਨੂੰ ਚੇਤਾਵਨੀ ਦਿੰਦਾ ਹਾਂ ਕਿ ਬੰਦੀ ਸਿੱਖਾਂ ਦੀ ਰਿਹਾਈ ਦੇ ਮਾਮਲੇ 'ਚ ਇਨਸਾਫ਼ ਦੇ ਨਾਂ 'ਤੇ ਚੁੱਪ ਨਾ ਰਹਿਣ। ਜੇਕਰ ਡੇਰਾ ਮੁਖੀ ਨੂੰ ਰਾਹਤ ਮਿਲ ਸਕਦੀ ਹੈ ਤਾਂ ਸਾਡੀ ਕੌਮ ਦੇ ਸੱਚੇ ਸੂਰੇ ਵੀ ਰਿਹਾਈ ਦੇ ਹੱਕਦਾਰ ਹਨ।
