ਵੈਟਨਰੀ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ ਕੌਮੀ ਸੇਵਾ ਯੋਜਨਾ ਕੈਂਪ.

 

ਲੁਧਿਆਣਾ 6 ਅਗਸਤ 2025 : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਵੱਲੋਂ ਇਕ ਹਫ਼ਤੇ ਦਾ ਕੌਮੀ ਸੇਵਾ ਯੋਜਨਾ ਕੈਂਪ ਆਯੋਜਿਤ ਕੀਤਾ ਗਿਆ। ਇਹ ਕੈਂਪ ‘ਬਿਹਤਰ ਵਾਤਾਵਰਣ ਲਈ ਸਾਫ ਅਤੇ ਹਰਿਆ ਭਰਿਆ ਕੈਂਪਸ’ ਉਦੇਸ਼ ਤਹਿਤ ਕਰਵਾਇਆ ਗਿਆ, ਜਿਸ ਦੇ ਤਹਿਤ ਪ੍ਰਸ਼ਾਸਕੀ ਬਲਾਕ ਅਤੇ ਸਾਇੰਟਿਸਟ ਹੋਮ ਦੀ ਸਾਫ ਸਫਾਈ ਕੀਤੀ ਗਈ। ਸਮਰਪਿਤ ਵਿਦਿਆਰਥੀਆਂ ਨੇ ਕਈ ਗਤੀਵਿਧੀਆਂ ਕੀਤੀਆਂ ਅਤੇ ਕਾਲਜ ਦੀ ਇਮਾਰਤ, ਕਲਾਸਾਂ ਅਤੇ ਅੰਦਰਲੇ ਬਾਹਰਲੇ ਖੇਤਰ ਨੂੰ ਸਾਫ ਸੁੱਥਰਾ ਕੀਤਾ।


          ਡਾ. ਨਿਧੀ ਸ਼ਰਮਾ, ਐਨ ਐਸ ਐਸ ਪ੍ਰੋਗਰਾਮ ਸੰਯੋਜਕ ਨੇ ਕਿਹਾ ਕਿ ਪੌਦਿਆਂ ਦੇ ਗਮਲਿਆਂ ਅਤੇ ਰੁੱਖਾਂ ਦੇ ਤਣਿਆਂ ਨੂੰ ਰੰਗ ਕਰਕੇ ਕੈਂਪਸ ਦੀ ਦਿੱਖ ਨੂੰ ਖ਼ੂਬਸੂਰਤ ਬਣਾਇਆ ਗਿਆ।


          ਡਾ. ਨਾਰੇਂਦਰ ਕੁਮਾਰ ਚਾਂਡਲਾ, ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਡੇਅਰੀ ਕਾਲਜ ਦੇ ਪ੍ਰਯੋਗਿਕ ਡੇਅਰੀ ਪਲਾਂਟ ਦੀਆਂ ਪ੍ਰਾਸੈਸਿੰਗ ਅਤੇ ਪੈਕਿੰਗ ਇਕਾਈਆਂ ਨੂੰ ਸਾਫ ਕਰਦਿਆਂ ਇਸ ਗੱਲ ਨੂੰ ਸੁਦ੍ਰਿੜ ਕੀਤਾ ਗਿਆ ਪਲਾਂਟ ਵਿੱਚ ਸਿਹਤਮੰਦ ਅਤੇ ਸਾਫ ਵਾਤਾਵਰਣ ਬਣਿਆ ਰਹੇ।


          ਕਾਲਜ ਵੱਲੋਂ ਦੋ ਮਾਹਿਰਾਂ ਦੇ ਭਾਸ਼ਣ ਵੀ ਕਰਵਾਏ ਗਏ। ਡਾ. ਅਸ਼ੋਕ ਕੁਮਾਰ ਨੇ ਫੂਡ ਪ੍ਰਾਸੈਸਿੰਗ ਅਤੇ ਇੰਜਨੀਅਰਿੰਗ ਦੇ ਖੇਤਰ ਦੇ ਉਤਮ ਅਭਿਆਸਾਂ ਬਾਰੇ ਚਰਚਾ ਕੀਤੀ। ਡਾ. ਪਰਮੇਸ਼ ਕੁਮਾਰ, ਸਹਾਇਕ ਪ੍ਰੋਫੈਸਰ, ਕਰਟਿਨ ਯੂਨੀਵਰਸਿਟੀ, ਆਸਟ੍ਰੇਲੀਆ ਨੇ ਭੋਜਨ ਪ੍ਰਾਸੈਸਿੰਗ ਤਕਨਾਲੋਜੀਆਂ ਸੰਬੰਧੀ ਅੰਤਰਰਾਸ਼ਟਰੀ ਦ੍ਰਿਸ਼ਟੀ ਅਤੇ ਉਭਰਦੀਆਂ ਪ੍ਰਵਿਰਤੀਆਂ ਬਾਰੇ ਆਪਣੇ ਵਿਚਾਰ ਰੱਖੇ।


          ਡਾ. ਸਰਵਪ੍ਰੀਤ ਸਿੰਘ ਘੁੰਮਣ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕਿਹਾ ਕਿ ਕੌਮੀ ਸੇਵਾ ਯੋਜਨਾ ਟੀਮ ਨੇ ਕਾਲਜ ਨੂੰ ਇਕ ਸੁੰਦਰ ਅਤੇ ਤਾਜ਼ਗੀ ਵਾਲੀ ਦਿੱਖ ਪ੍ਰਦਾਨ ਕੀਤੀ ਹੈ। ਮਾਹਿਰਾਂ ਦੇ ਲੈਕਚਰਾਂ ਨਾਲ ਵਿਦਿਆਰਥੀਆਂ ਨੂੰ ਨਵੀਂ ਦ੍ਰਿਸ਼ਟੀ ਪ੍ਰਾਪਤ ਹੋਈ ਅਤੇ ਇਸ ਢੰਗ ਨਾਲ ਵਿਦਿਆਰਥੀਆਂ ਦੇ ਗਿਆਨ ਵਿੱਚ ਵੀ ਵਾਧਾ ਹੋਇਆ ਹੈ।