ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਸੜਕਾਂ ਤੇ ਉੱਤਰਿਆ ਪੰਜਾਬ ਦਾ ਕਿਸਾਨ ਮਜ਼ਦੂਰ ਵਰਗ.

 

ਲੁਧਿਆਣਾ 6 ਅਗਸਤ: ਅੱਜ ਪੂਰੇ ਪੰਜਾਬ ਵਿੱਚ ਕਿਸਾਨ ਅਤੇ ਮਜ਼ਦੂਰ ਵਰਗ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖਿਲਾਫ ਸੜਕਾਂ ' ਤੇ ਉਤਰ ਆਇਆ ਹੈ। ਸਰਕਾਰ ਇਹ ਗੱਲ ਸਮਝਾਉਣ ਵਿੱਚ ਅਸਮਰਥ ਹੋ ਗਈ ਹੈ ਕਿ ਇਹ ਨੀਤੀ ਲਿਆਉਣ ਦੀ ਅਚਾਨਕ ਕੀ ਲੋੜ ਪੈ ਗਈ ਸੀ? ਸਰਕਾਰ ਇਹ ਦੱਸ ਨਹੀਂ ਪਾ ਰਹੀ ਹੈ ਕਿ ਪੰਜਾਬ ਵਿਚ ਇਕੋ ਸਮੇਂ ਇਨੇ ਸਨਅਤੀ ਅਤੇ ਰਿਹਾਇਸ਼ੀ ਖੇਤਰਾਂ ਦੀ ਮੰਗ ਕਿਵੇਂ ਵੱਧ ਗਈ ਜਦੋਂ ਕਿ ਦੂਜੇ ਬੰਨੇ ਸਰਕਾਰ ਵੱਲੋਂ ਪਿਛਲੇ 25 ਸਾਲਾਂ ਵਿਚ ਪਹਿਲੋਂ ਲਈਆਂ ਗਈਆਂ ਉਪਜਾਊ ਜ਼ਮੀਨਾਂ ਅੱਧੇ ਤੋਂ ਵੱਧ ਖਾਲੀ ਪਈਆਂ ਹਨ। ਬਹੁਤੇ ਸ਼ਹਿਰਾਂ ਵਿਚ 1993 - 94 ਵਿਚ ਬੇਅੰਤ ਸਿੰਘ ਸਰਕਾਰ ਵੱਲੋਂ  ਸਨਅਤਾਂ ਲਗਾਉਣ ਲਈ ਲਏ ਪਲਾਟ ਅੱਜ ਵੀ ਖਾਲੀ ਪਏ ਹਨ । ਇਕ ਪਾਸੇ ਸਰਕਾਰ ਇਨਾ ਪਲਾਟਾਂ ਦਾ ਸੀ ਐਲ ਯੂ ਬਦਲਣ ਦੀ ਨੀਤੀ ਲਿਆ ਚੁੱਕੀ ਹੈ ਅਤੇ ਦੂਜੇ ਪਾਸੇ ਹੋਰ 65000 ਏਕੜ ਜਗ੍ਹਾ ਬਗੈਰ ਕਿਸਾਨਾਂ ਮਜ਼ਦੂਰਾਂ ਨਾਲ ਸਲਾਹ ਕੀਤੇ ਸਨਅਤਾਂ, ਵਪਾਰਕ ਅਤੇ ਰਿਹਾਇਸ਼ੀ ਇਲਾਕਿਆਂ ਲਈ ਰਾਖਵੀਂ ਕਰ ਰਹੀ ਹੈ । 

ਇਨ੍ਹਾਂ ਸਾਰੇ ਹਾਲਾਤਾਂ ਦੇ ਚਲਦਿਆਂ ' ਲੋਕ ਅਧਿਕਾਰ ਲਹਿਰ " ਵਲੋਂ ਪੀੜਤ ਪਿੰਡਾਂ ਦੀਆਂ ਸੰਘਰਸ਼ ਕਮੇਟੀਆਂ ਅਤੇ ਕੁੱਝ ਕਿਸਾਨ ਜਥੇਬੰਦੀਆਂ ਨਾਲ ਵਿਚਾਰ ਕਰਕੇ 8 ਅਗਸਤ ਨੂੰ ਦਿਨੇ 11 ਵਜੇ ਸ਼ਹਿਨਸ਼ਾਹ ਪੈਲਸ ਲੁਧਿਆਣਾ ਵਿੱਚ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ । ਲੋਕ ਅਧਿਕਾਰ ਲਹਿਰ ਵਲੋਂ ਇਸ ਦਿਨ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦਿਆਂ ਈ.ਮੇਲ ਅਤੇ ਸਪੀਡ ਪੋਸਟ ਰਾਹੀਂ ਸੱਦਾ ਭੇਜਿਆ ਜਾ ਚੁੱਕਾ ਹੈ ਕਿ ਉਹ ਪੰਜਾਬ ਵਿੱਚ ਉਠ ਰਹੇ ਅੰਦੋਲਨ ਅਤੇ ਵੱਧ ਰਹੀ ਬੇਚੈਨੀ ਨੂੰ ਰੋਕਣ ਲਈ ਖੁਦ ਆਪਣੇ ਉਨਾਂ ਮੰਤਰੀਆਂ ਅਤੇ ਅਫ਼ਸਰਾਂ ਨਾਲ ਸ਼ਾਮਿਲ ਹੋਣ ਜਿਨ੍ਹਾਂ ਵਲੋਂ ਇਸ ਪਾਲਸੀ ਨੂੰ ਲੋਕਾਂ ਦੇ ਭਲੇ ਲਈ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ । ਲੋਕ ਇਸਨੂੰ ਸਮਝਣ ਲਈ ਉਤਸੁਕ ਹਨ । ਅਸੀ ਆਪਣੇ ਵਲੰਟੀਅਰ ਸਾਥੀਆਂ ਨਾਲ ਇਸ ਗੱਲ ਦੀ ਜਿੰਮੇਵਾਰੀ ਲੈਂਦੇ ਹਾਂ ਕਿ ਇਹ ਇਕ ਸ਼ਾਂਤਮਈ ਸੰਵਾਦ ਹੋਵੇਗਾ ਅਤੇ ਸਰਕਾਰ ਦੀ ਪੂਰੀ ਗੱਲਬਾਤ ਪੂਰਾ ਪੰਜਾਬ ਅਤੇ ਦੇਸ਼ ਦੁਨੀਆਂ ਵਿੱਚ ਵਸਦੇ ਪੰਜਾਬੀ ਸੁਣ ਸਕਣਗੇ । 

ਇਸ ਪ੍ਰੋਗਰਾਮ ਵਿਚ ਆਉਣਾ ਵਾਲੇ ਪ੍ਰਮੁੱਖ ਬੁਲਾਰਿਆਂ ਵਿੱਚ ਉੱਘੇ ਪੱਤਰਕਾਰ ਲੇਖਕ ਅਤੇ ਚਿੰਤਕ ਹਮੀਰ ਸਿੰਘ, ਗੰਨਾ ਵਿਗਿਆਨੀ ਗੁਰਇਕਬਾਲ ਸਿੰਘ, ਡਾ. ਕੁਲਦੀਪ ਸਿੰਘ, ਕਿਸਾਨ ਆਗੂ ਬੂਟਾ ਸਿੰਘ ਬੁਰਜ ਗਿੱਲ, ਹਰਿੰਦਰ ਸਿੰਘ ਲੱਖੋਵਾਲ, ਸੁਖਜਿੰਦਰ ਸਿੰਘ ਖੋਸਾ, ਮਨਜੀਤ ਸਿੰਘ ਰਾਏ ਦੇ ਸ਼ਾਮਿਲ ਹੋਣ ਦੀ ਉਮੀਦ ਹੈ । ਇਸ ਪ੍ਰੋਗਰਾਮ ਦੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਇਸ ਪ੍ਰੋਗਰਾਮ ਵਿਚ ਪ੍ਰਭਾਵਿਤ ਪਿੰਡਾਂ ਦੇ ਨੁਮਾਇੰਦੇ ਵਜੋਂ ਜ਼ਮੀਨਾਂ ਬਚਾਉਣ ਲਈ ਲੜ ਰਹੀਆਂ ਸੰਘਰਸ਼ ਕਮੇਟੀਆਂ ਦੇ ਮੈਂਬਰ ਸ਼ਾਮਿਲ ਹੋਣਗੇ। ਅੱਜ ਦੀ ਪ੍ਰੈਸ ਕਾਨਫਰੰਸ ਵਿਚ ਇਹ ਜਾਣਕਾਰੀ ਬਲਵਿੰਦਰ ਸਿੰਘ ਮੈਂਬਰ ਲੋਕ ਅਧਿਕਾਰ ਲਹਿਰ, ਪਾਲਸੀ ਖ਼ਿਲਾਫ਼ ਗ੍ਰਾਮ ਸਭਾ ਮੱਤਾ ਪਾਉਣ ਵਾਲੇ ਪਿੰਡ ਭਾਗਪੁਰ (ਜ਼ਿਲ੍ਹਾ ਲੁਧਿਆਣਾ) ਦੇ ਸਰਪੰਚ ਗਗਨਦੀਪ ਸਿੰਘ, ਮਾਸਟਰ ਕੁਲਵਿੰਦਰ ਸਿੰਘ , ਹਰਬਖਸ਼ੀਸ਼ ਸਿੰਘ , ਬੀ ਕੇ ਯੂ ਡਕੌਂਦਾ , ਦੀਦਾਰ ਸਿੰਘ ਮਲਕ ਸਾਬਕਾ ਸਰਪੰਚ ਤੇ ਚੇਅਰਮੈਨ , ਬੂਟਾ ਸਿੰਘ , ਹਰਜੋਤ ਸਿੰਘ ਮਲਕ,  ਜਸਵੰਤ ਸਿੰਘ ਘੋਲੀ, ਹਰਪ੍ਰੀਤ ਸਿੰਘ ਰਾਜਾ ਜੋਧਾਂ , ਅਮਰਜੀਤ ਸਿੰਘ ਪਿੰਡ, ਸਹਿਯਾਦ, ਤਰੁਣ ਜੈਨ ਬਾਵਾ, ਐਡਵੋਕੇਟ ਵਰਿੰਦਰ ਖਾਰਾ, ਬੁੱਧ ਸਿੰਘ ਨੀਲੋਂ ਦਫਤਰ ਸੱਕਤਰ ਲੋਕ ਅਧਿਕਾਰ ਲਹਿਰ ਮੌਜੂਦ ਸਨ।