ਚੁੱਲੇ ਸਮੇਟਣ ਦੀ ਗੱਲ ਕਰਨ ਵਾਲੇ ਆਪ ਹੀ ਆਪਣੇ ਅਲੱਗ ਚੁੱਲੇ ਬਾਲ ਕੇ ਬੈਠ ਗਏ-ਅਕਾਲੀ ਦਲ.
ਲੁਧਿਆ13 ਅਗਸਤ (ਰਾਕੇਸ਼ ਅਰੋੜਾ)
ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਅਤੇ ਸੀਨੀਅਰ ਲੀਡਰਸ਼ਿਪ ਦੇ ਆਗੂਆਂ ਜਥੇਦਾਰ ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ ਢਿੱਲੋਂ, ਹਰੀਸ਼ ਰਾਏ ਢਾਂਡਾ, ਰਣਜੀਤ ਸਿੰਘ ਢਿੱਲੋਂ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਕਮਲ ਚੇਤਲੀ, ਹਰਜਿੰਦਰ ਸਿੰਘ ਬੋਬੀ ਗਰਚਾ ਆਦਿ ਵੱਲੋਂ ਇੱਕ ਵਿਸ਼ੇਸ਼ ਪ੍ਰੈਸ ਵਾਰਤਾ ਰੱਖੀ ਗਈ। ਜਿਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦੇ ਸਮੇਂ ਉਪਰੋਕਤ ਸਾਰੇ ਹੀ ਆਗੂਆਂ ਨੇ ਕਿਹਾ ਕਿ ਪੰਜਾਬ ਦੀਆਂ ਜਮੀਨਾਂ ਹੜੱਪਣ ਲਈ ਦਿੱਲੀ ਤੋਂ ਚੱਲ ਕੇ ਆਏ ਲੋਟੂ ਟੋਲੇ ਨੂੰ ਸੁਖਬੀਰ ਸਿੰਘ ਬਾਦਲ ਦੇ ਦ੍ਰਿੜ ਨਿਸ਼ਚੇ ਨੇ ਪੈਰ ਪਿੱਛੇ ਮੋੜਨ ਲਈ ਮਜਬੂਰ ਕਰ ਦਿੱਤਾ। ਉਹਨਾਂ ਕਿਹਾ ਕਿ ਇਸ ਲੋਟੂ ਟੋਲੇ ਵੱਲੋਂ ਸਿਰਫ ਇਹ 24 ਹਜਾਰ ਏਕੜ ਹੀ ਨਹੀਂ ਬਲਕਿ ਇਸ ਤੋਂ ਵੀ ਕਿਤੇ ਵਧੇਰੇ ਜਮੀਨ ਤੇ ਕਬਜ਼ਾ ਕਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ ਸਨ। ਜਦਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਰ ਵਰਗ ਦੀ ਹਿਤੈਸ਼ੀ ਪਾਰਟੀ ਹੈ ਤੇ ਪੰਜਾਬ ਦੀ ਇਕ ਇੰਚ ਵੀ ਜਮੀਨ ਕਿਸੇ ਨੂੰ ਵੀ ਹੜੱਪਣ ਨਹੀਂ ਦੇਵੇਗਾ। ਉਹਨਾਂ ਕਿਹਾ ਕਿ ਪੰਜਾਬ ਦਾ ਇਤਿਹਾਸ ਫਰੋਲ ਕੇ ਦੇਖ ਲਵੋ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਵੱਡੇ ਬਾਦਲ ਸਾਹਿਬ ਨੇ ਹੀ ਮੋਰਚੇ ਲਾਏ ਸਨ। ਉਹਨਾਂ ਕਿਹਾ ਕਿ ਅਗਰ ਇਸ ਮੋਰਚੇ ਦੀ ਗੱਲ ਕਰੀਏ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਪਹਿਲ ਕਦਮੀ ਕਰਦੇ ਹੋਏ ਸਭ ਤੋਂ ਪਹਿਲਾਂ ਇਸ ਲੈਂਡ ਪੋਲਿੰਗ ਪੋਲਸੀ ਦੇ ਖਿਲਾਫ ਧਰਨੇ ਪ੍ਰਦਰਸ਼ਨ ਸ਼ੁਰੂ ਕੀਤੇ ਸਨ। ਜਿਸ ਦੇ ਚਲਦਿਆਂ ਹੀ ਅੱਜ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਹੈ। ਜਿਸ ਦੇ ਨਾਲ ਉਹਨਾਂ ਨੇ ਪੰਜਾਬ ਦੇ ਹਰ ਵਰਗ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਹੈ।
ਇਸ ਮੌਕੇ ਉਹਨਾਂ ਨਵੇਂ ਬਣੇ ਚੁੱਲੇ ਦੇ ਬਾਰੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਚੁਲੇ ਸਮੇਟਣ ਦੀ ਗੱਲ ਕਰਨ ਵਾਲਿਆਂ ਨੇ ਆਪ ਹੀ ਨਵੇਂ ਚੁੱਲੇ ਬਣਾ ਲਏ। ਉਹਨਾਂ ਕਿਹਾ ਕਿ ਇਹਨਾਂ ਨਵਿਆਂ ਨੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਦੀ ਬਜਾਏ ਹੁਣੇ ਤੋਂ ਹੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਦ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ 18 ਸਾਲਾਂ ਜੇਲਾਂ ਕੱਟੀਆਂ ਤੇ ਪਾਰਟੀ ਨੂੰ ਵੱਡੇ ਪੱਧਰ ਤੇ ਪਹੁੰਚਾ ਕੇ ਲੋਕ ਸੇਵਾ ਸਮੇਤ ਲੋਕ ਮਸਲਿਆਂ ਨੂੰ ਪਹਿਲ ਦਿੱਤੀ ਸੀ ਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਉਹਨਾਂ ਦੀ ਹੀ ਗੁੜਤੀ ਮਿਲੀ ਹੈ ਤੇ ਇਹ ਲੋਕ ਭੁੱਲ ਜਾਣ ਕਿ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਡਰਾ ਧਮਕਾ ਲਵਾਂਗੇ। ਉਹਨਾਂ ਕਿਹਾ ਕਿ ਬੇਸ਼ੱਕ ਇਹ ਲੋਕ ਸਰਕਾਰੀ ਏਜੰਸੀਆਂ ਦੇ ਪਿੱਛੇ ਲੱਗ ਕੇ ਪੰਜਾਬ, ਪੰਥ ਅਤੇ ਪਾਰਟੀ ਵਿਰੋਧੀ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ, ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਸੇਵਾਦਰ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਜੋ ਕਿ ਕਿਸੇ ਤੋ ਡਰਨ ਵਾਲੇ ਨਹੀਂ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਹੀ ਮਲਾਈਆਂ ਖਾਦੀਆਂ ਤੇ ਵਜ਼ੀਰੀਆਂ ਲਈਆਂ ਜਦ ਕਿ ਹੁਣ ਏਜੰਸੀਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਅਕਾਲੀ ਦਲ ਨੂੰ ਹੀ ਅੱਖਾਂ ਦਿਖਾਉਣ ਲੱਗ ਪਏ ਹਨ। ਜਦ ਕਿ ਇਹ ਲੋਕ ਭੁੱਲ ਰਹੇ ਹਨ ਕਿ ਜਿਨਾਂ ਦੇ ਪਿੱਛੇ ਲੱਗ ਕੇ ਇਹ ਪੰਜਾਬ ਪੰਜਾਬੀਅਤ ਅਤੇ ਅਕਾਲੀ ਦਲ ਨੂੰ ਖੋਰਾ ਲਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਰਹੇ ਹਨ ਉਹਨਾਂ ਲੋਕਾਂ ਨੇ ਹੀ ਇਹਨਾਂ ਦਾ ਲੰਬੇ ਸਮੇਂ ਤੱਕ ਸਾਥ ਨਹੀਂ ਦੇਣਾ। ਉਹਨਾਂ ਕਿਹਾ ਕਿ ਵੱਡੇ ਵੱਡੇ ਨਾਢੂ ਖਾਂ ਆਏ ਪਰ ਅਕਾਲੀ ਦਲ ਕਿਸੇ ਤੋਂ ਡਰਨ ਵਾਲੀ ਪਾਰਟੀ ਨਹੀਂ। ਉਹਨਾਂ ਕਿਹਾ ਕਿ ਅਸੀਂ ਤਾਂ ਅਕਾਲ ਤਖਤ ਸਾਹਿਬ ਦਾ ਹੁਕਮ ਸਤਿਕਾਰ ਦੇ ਨਾਲ ਮੰਨਦੇ ਹਾਂ ਪ੍ਰੰਤੂ ਇਹ ਆਪ ਹੀ ਉਨਾਂ ਹੁਕਮਾਂ ਤੋਂ ਮੁਨਕਰ ਹੋ ਗਏ। ਜਿਸ ਦੇ ਚਲਦਿਆਂ ਗਿਆਨੀ ਹਰਪ੍ਰੀਤ ਸਿੰਘ ਜੀ ਤਾਂ ਆਪ ਹੀ ਗਿਆਨਹੀਣ ਬਣ ਗਏ ਹਨ। ਕਿਉਂਕਿ ਆਪਣੇ ਆਪ ਨੂੰ ਪੰਜਾਬ ਅਤੇ ਪੰਥ ਦੇ ਰਾਖੇ ਕਹਾਉਣ ਵਾਲੇ ਆਪ ਹੀ ਪੰਥਕ ਮਰਿਆਦਾਵਾਂ ਦਾ ਘਾਣ ਕਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦਾ ਉਲੰਘਣ ਕਰ ਰਹੇ ਹਨ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਅਗਰ ਨਵੇਂ ਚੁੱਲੇ ਵਾਲਿਆਂ ਨੇ ਪਾਰਟੀ ਦਾ ਨਾਮ ਐਡਰੈਸ ਅਤੇ ਸਿੰਬਲ ਵਰਤਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਖਿਲਾਫ ਕਨੂੰਨੀ ਲੜਾਈ ਲੜੀ ਜਾਵੇਗੀ। ਉਹਨਾਂ ਕਿਹਾ ਕਿ ਹਵਾ ਦੇ ਬੁੱਲੇ ਵਾਂਗ ਬਣੇ ਇਹ ਲੋਕ ਹਵਾ ਦੇ ਬੁੱਲੇ ਵਾਂਗ ਹੀ ਉੱਡ ਵੀ ਜਾਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਅਜੀਤ ਸਿੰਘ, ਆਰਡੀ ਸ਼ਰਮਾ, ਜਗਬੀਰ ਸਿੰਘ ਸੋਖੀ, ਰਖਵਿੰਦਰ ਸਿੰਘ ਗਾਬੜੀਆ, ਕੁਲਦੀਪ ਸਿੰਘ ਖਾਲਸਾ, ਹਰਚਰਨ ਸਿੰਘ ਗੋਹਲਵੜੀਆ, ਹਿਤੇਸ਼ ਇੰਦਰ ਸਿੰਘ ਗਰੇਵਾਲ, ਨਰੇਸ਼ ਧੀਂਗਾਨ, ਚਰਨਜੀਤ ਸਿੰਘ ਚੰਨੀ ਆਦਿ ਵੱਡੀ ਗਿਣਤੀ ਵਿੱਚ ਹੋਰ ਆਗੂ ਸਾਹਿਬਾਨ ਹਾਜ਼ਰ ਸਨ।
