ਬੁਲੇਟ ਸਵਾਰਾਂ ਨੇ ਫੈਲਾਇਆ ਏਕਤਾ ਦਾ ਸੰਦੇਸ਼.
400 ਤੋਂ ਵੱਧ ਬੁਲੇਟ ਸਵਾਰਾਂ ਨੇ ਬਣਾਇਆ ਭਾਰਤ ਦਾ ਨਕਸ਼ਾ, ਰਜਿਸਟਰਡ ਏਸ਼ੀਆ ਬੁੱਕ ਆਫ਼ ਰਿਕਾਰਡਜ਼
ਲੁਧਿਆਣਾ (ਵਾਸੂ ਜੇਤਲੀ): ਆਜ਼ਾਦੀ, ਏਕਤਾ ਅਤੇ ਰੋਮਾਂਚ ਦੀ ਭਾਵਨਾ ਨੂੰ ਨਮਨ ਕਰਦੇ ਹੋਏ 400 ਤੋਂ ਵੱਧ ਬੁਲੇਟ ਸਵਾਰਾਂ ਨੇ ਲੁਧਿਆਣਾ ਵਿੱਚ ਸਭ ਤੋਂ ਵੱਡਾ ਮੋਟਰਸਾਈਕਲ-ਆਧਾਰਿਤ ਭਾਰਤ ਦਾ ਨਕਸ਼ਾ ਤਿਆਰ ਕਰਕੇ ਏਸ਼ੀਆ ਬੁੱਕ ਆਫ ਰਿਕਾਰਡਜ਼ ‘ਚ ਆਪਣਾ ਨਾਮ ਦਰਜ ਕਰਵਾਇਆ।
ਭਾਰਤ ਦੇ 79ਵੇਂ ਆਜ਼ਾਦੀ ਦਿਵਸ ਮੌਕੇ, ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਰੌਇਲ ਐਨਫ਼ੀਲਡ ਬੁਲੇਟ ਸਵਾਰਾਂ ਨੇ ਬਰੇਵਾਲ ਅਵਾਨਾ, ਸਾਊਥ ਸਿਟੀ ‘ਚ 100 ਫੁੱਟ ਲੰਬਾ ਤੇ 90 ਫੁੱਟ ਚੌੜਾ ਭਾਰਤ ਦਾ ਨਕਸ਼ਾ ਬਹੁਤ ਹੀ ਸੁਚੱਜੇ ਢੰਗ ਨਾਲ ਤਿਆਰ ਕੀਤਾ। ਇਸ ਵਿਲੱਖਣ ਦ੍ਰਿਸ਼ ਨੂੰ ਡਰੋਨ ਕੈਮਰਿਆਂ ਰਾਹੀਂ ਕੈਦ ਕੀਤਾ ਗਿਆ ਅਤੇ ਨਿਰਣਾਇਕਾਂ ਵੱਲੋਂ ਇਸਨੂੰ ਸਰਕਾਰੀ ਤੌਰ ‘ਤੇ ਮਨਜ਼ੂਰੀ ਦਿੱਤੀ ਗਈ। ਇਹ ਪ੍ਰੋਗਰਾਮ ਦੇਸ਼ਭਗਤੀ ਦੀ ਇਕ ਵੱਖਰੀ ਮਿਸਾਲ ਬਣਿਆ।
ਆਯੋਜਕਾਂ ਨੇ ਕਿਹਾ ਕਿ ਇਹ ਰਿਕਾਰਡ ਦੇਸ਼ ਨੂੰ ਸਮਰਪਿਤ ਇਕ ਸੱਚੀ ਸ਼ਰਧਾਂਜਲੀ ਹੈ, ਜੋ ਦੱਸਦਾ ਹੈ ਕਿ ਮੋਟਰਸਾਈਕਲਿੰਗ ਕਿਵੇਂ ਲੋਕਾਂ ਨੂੰ ਮਾਣ ਅਤੇ ਆਜ਼ਾਦੀ ਦੀ ਸਾਂਝੀ ਭਾਵਨਾ ਹੇਠ ਇਕਜੁੱਟ ਕਰ ਸਕਦੀ ਹੈ।
ਕਾਰਜਕ੍ਰਮ ਦੌਰਾਨ ਭਾਰਤੀ ਫੌਜ ਦੇ ਜਾਬਾਂਜ਼ ਜਵਾਨ ਲੈਫ਼ਟਿਨੈਂਟ ਕਰਨਲ ਪੀ.ਐਸ. ਕੋਛੜ, ਕਰਨਲ ਐਸ.ਐਸ. ਬੋਪਾਰਾਏ, ਲੈਫ਼ਟਿਨੈਂਟ ਕਰਨਲ ਅਮਿਤ ਧਤਿਚ ਅਤੇ ਸਾਬਕਾ ਫੌਜੀ ਕਰਨਲ ਗੁਨੀਤ ਸਿੰਘ ਸਮੇਤ ਹੋਰਾਂ ਨੂੰ ਸਨਮਾਨਿਤ ਕੀਤਾ ਗਿਆ।
